ਪੰਜਾਬ ਦੀ ਜਸਪ੍ਰੀਤ ਕੌਰ ਇਲੈਕਟ੍ਰੀਕਲ ਟਰੇਡ ਵਿੱਚ ਦੇਸ਼ ਭਰ ‘ਚੋਂ ਮੋਹਰੀ; ਭਗਵੰਤ ਮਾਨ ਸਰਕਾਰ ਵੱਲੋਂ ਵਿਦਿਆਰਥਣ ਅਤੇ ਇੰਸਟਰੱਕਟਰ ਲਈ 25-25 ਹਜ਼ਾਰ ਰੁਪਏ ਦੇ ਨਕਦ ਇਨਾਮ ਦਾ ਐਲਾਨ: ਹਰਜੋਤ ਸਿੰਘ ਬੈਂਸ

ਜਸਪ੍ਰੀਤ ਕੌਰ ਦੀ ਪ੍ਰਾਪਤੀ ਪੰਜਾਬ ਲਈ ਵੱਡੇ ਮਾਣ ਵਾਲੀ ਗੱਲ, ਉਸਦੀ ਸਖ਼ਤ ਮਿਹਨਤ ਤੋਂ ਪੰਜਾਬ ਦੇ ਨੌਜਵਾਨਾਂ ਨੂੰ ਮਿਲੇਗੀ ਪ੍ਰੇਰਣਾ: ਹਰਜੋਤ ਸਿੰਘ ਬੈਂਸ

•ਭਗਵੰਤ ਮਾਨ ਸਰਕਾਰ ਵੱਲੋਂ ਨੌਜਵਾਨਾਂ ਨੂੰ ਭਵਿੱਖ ਲਈ ਤਿਆਰ ਕਰਨ ਵਾਸਤੇ ਆਈ.ਟੀ.ਆਈਜ਼ . ਨੂੰ ਆਧੁਨਿਕ ਬੁਨਿਆਦੀ ਢਾਂਚੇ, ਸਮਰਪਿਤ ਮਾਰਗਦਰਸ਼ਨ ਅਤੇ ਉਦਯੋਗ ਨਾਲ ਜੁੜੇ ਕੋਰਸਾਂ ਨਾਲ ਕੀਤਾ ਜਾ ਰਿਹੈ ਲੈਸ​​: ਹਰਜੋਤ ਸਿੰਘ ਬੈਂਸ

ਚੰਡੀਗੜ੍ਹ, 19 ਨਵੰਬਰ 2026 (ਦੀ ਪੰਜਾਬ ਵਾਇਰ)। ਪੰਜਾਬ ਲਈ ਮਾਣਮੱਤੀ ਪ੍ਰਾਪਤੀ ਦਰਜ ਕਰਦਿਆਂ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ (ਆਈ.ਟੀ.ਆਈ.), ਮਾਨਸਾ ਦੀ ਵਿਦਿਆਰਥਣ ਜਸਪ੍ਰੀਤ ਕੌਰ ਨੇ ਦੇਸ਼ ਭਰ ‘ਚੋਂ ਇਲੈਟ੍ਰੀਕਲ ਟਰੇਡ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਸੂਬੇ ਦਾ ਨਾਂ ਰੌਸ਼ਨ ਕੀਤਾ ਹੈI ਹੋਣਹਾਰ ਵਿਦਿਆਰਥਣ ਜਸਪ੍ਰੀਤ ਕੌਰ ਨੂੰ ਇਸ ਮਾਣਮੱਤੀ ਪ੍ਰਾਪਤੀ ਲਈ ਵਧਾਈ ਦਿੰਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਜਸਪ੍ਰੀਤ ਕੌਰ ਅਤੇ ਉਸਦੇ ਇੰਸਟਰੱਕਟਰ ਸ੍ਰੀ ਗੁਰਬਿੰਦਰ ਸਿੰਘ ਨੂੰ ਬੇਮਿਸਾਲ ਅਗਵਾਈ ਅਤੇ ਮਾਰਗਦਰਸ਼ਨ ਲਈ 25-25 ਹਜ਼ਾਰ ਰੁਪਏ ਦੇ ਨਕਦ ਇਨਾਮ ਦਾ ਐਲਾਨ ਕੀਤਾ ਹੈ।

ਇਸ ਸਫਲਤਾ ਉਤੇ ਖੁਸ਼ੀ ਜ਼ਾਹਿਰ ਕਰਦਿਆਂ ਸਿੱਖਿਆ ਮੰਤਰੀ ਨੇ ਕਿਹਾ, “ਇਹ ਪੰਜਾਬ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਸਾਡੀ ਧੀ ਜਸਪ੍ਰੀਤ ਕੌਰ ਨੇ ਇਲੈਕਟ੍ਰੀਕਲ ਟਰੇਡ ਵਿੱਚ ਰਾਸ਼ਟਰੀ ਪੱਧਰ ‘ਤੇ ਸਿਖ਼ਰਲਾ ਰੈਂਕ ਪ੍ਰਾਪਤ ਕਰਕੇ ਸੂਬੇ ਦਾ ਨਾਮ ਰੌਸ਼ਨ ਕੀਤਾ ਹੈ। ਉਸਦੀ ਸਖ਼ਤ ਮਿਹਨਤ ਅਤੇ ਸਮਰਪਣ ਪੰਜਾਬ ਦੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹੈ।”

ਸਿੱਖਿਆ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੀਆਂ ਉਦਯੋਗਿਕ ਸਿਖਲਾਈ ਸੰਸਥਾਵਾਂ ਵਿੱਚ ਸਿੱਖਿਆ ਅਤੇ ਬੁਨਿਆਦੀ ਢਾਂਚੇ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ।

ਉਹਨਾਂ ਕਿਹਾ ਕਿ ਇਸ ਇਨਾਮ ਦਾ ਉਦੇਸ਼ ਤਕਨੀਕੀ ਸਿੱਖਿਆ ਵਿੱਚ ਉੱਤਮਤਾ ਹਾਸਲ ਕਰਨ ਅਤੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਹੋਰ ਵਧੀਆ ਕਾਰਗੁਜ਼ਾਰੀ ਲਈ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਨੇ ਹੋਣਹਾਰ ਵਿਦਿਆਰਥਣ, ਉਸਦੇ ਮਾਪਿਆਂ, ਆਈ.ਟੀ.ਆਈ. ਮਾਨਸਾ ਦੇ ਪ੍ਰਿੰਸੀਪਲ ਅਤੇ ਸਾਰੇ ਇੰਸਟ੍ਰਕਟਰਾਂ ਨੂੰ ਵੀ ਦਿਲੋਂ ਮੁਬਾਰਕਬਾਦ ਦਿੱਤੀ।

ਸੂਬੇ ਭਰ ਦੀਆਂ ਹੋਰ ਆਈ.ਟੀ.ਆਈਜ਼ . ਦੇ ਪ੍ਰਿੰਸੀਪਲਾਂ ਨੂੰ ਨਵੇਂ ਜੋਸ਼ ਅਤੇ ਉਸਾਰੂ ਸੋਚ ਨਾਲ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਦਾ ਸੱਦਾ ਦਿੰਦਿਆਂ ਸ. ਬੈਂਸ ਨੇ ਪੰਜਾਬ ਦੇ ਨੌਜਵਾਨਾਂ ਨੂੰ ਆਪਣੀ ਸਿੱਖਿਆ ਅਤੇ ਸਿਖਲਾਈ ਨੂੰ ਪੂਰੇ ਸਮਰਪਣ ਅਤੇ ਸਖ਼ਤ ਮਿਹਨਤ ਨਾਲ ਅੱਗੇ ਵਧਾਉਣ ਦੀ ਅਪੀਲ ਕੀਤੀ।

ਉਹਨਾਂ ਕਿਹਾ, “ਮੈਂ ਆਪਣੇ ਵਿਦਿਆਰਥੀਆਂ ਨੂੰ ਉੱਚੇ ਟੀਚੇ ਮਿੱਥਣ ਅਤੇ ਪੂਰੀ ਲਗਨ ਨਾਲ ਮਿਹਨਤ ਕਰਨ ਲਈ ਉਤਸ਼ਾਹਿਤ ਕਰਦਾ ਹਾਂ। ਮਿਹਨਤ ਅਤੇ ਸਹੀ ਮਾਰਗਦਰਸ਼ਨ ਨਾਲ, ਉਹ ਵੀ ਅਜਿਹੇ ਮਿਸਾਲੀ ਮੀਲ ਪੱਥਰ ਸਥਾਪਿਤ ਕਰਕੇ ਆਪਣੇ ਪਰਿਵਾਰਾਂ ਅਤੇ ਸੂਬੇ ਦਾ ਮਾਣ ਵਧਾ ਸਕਦੇ ਹਨI”

ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ, ਸ੍ਰੀ ਵਿਕਾਸ ਪ੍ਰਤਾਪ ਨੇ ਕਿਹਾ ਕਿ ਇਹ ਪ੍ਰਾਪਤੀ ਪੂਰੇ ਵਿਭਾਗ ਲਈ ਮਾਣ ਵਾਲੀ ਗੱਲ ਹੈ। ਇਸ ਸਫਲਤਾ ਨਾਲ ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪੰਜਾਬ ਦੇ ਹਰ ਨੌਜਵਾਨ ਨੂੰ ਵੱਡੇ ਸੁਪਨੇ ਦੇਖਣ ਅਤੇ ਰਾਸ਼ਟਰੀ ਪੱਧਰ ‘ਤੇ ਚਮਕਣ ਲਈ ਹੁਨਰ, ਹੌਂਸਲਾ ਅਤੇ ਮੰਚ ਪ੍ਰਦਾਨ ਕਰਨ ਦੇ ਆਪਨੇ ਵਾਅਦੇ ਨੂੰ ਅਮਲੀ- ਜਾਮਾ ਦਿੱਤਾ ਹੈ।

ਸ੍ਰੀ ਵਿਕਾਸ ਪ੍ਰਤਾਪ ਨੇ ਕਿਹਾ ਕਿ ਰਾਜ ਸਰਕਾਰ ਆਈ.ਟੀ.ਆਈਜ਼ . ਨੂੰ ਆਧੁਨਿਕ ਬੁਨਿਆਦੀ ਢਾਂਚੇ, ਉਦਯੋਗ ਨਾਲ ਜੁੜੇ ਕੋਰਸਾਂ ਅਤੇ ਸਮਰਪਿਤ ਸਲਾਹ ਨਾਲ ਲੈਸ ਕਰਕੇ ਲਗਾਤਾਰ ਮਜ਼ਬੂਤ ​​ਕਰ ਰਹੀ ਹੈ ਤਾਂ ਜੋ ਪੰਜਾਬ ਦੇ ਨੌਜਵਾਨ ਨਾ ਸਿਰਫ਼ ਨੌਕਰੀ ਲਈ ਤਿਆਰ ਹੋਣ, ਸਗੋਂ ਸਮੇਂ ਦੇ ਹਾਣੀ ਵੀ ਬਣ ਕੇ ਭਵਿੱਖ ਲਈ ਤਿਆਰ ਹੋ ਸਕਣ।

Exit mobile version