ਗੁਰਦਾਸਪੁਰ, 18 ਨਵੰਬਰ 2026 (ਮੰਨਨ ਸੈਣੀ)। ਰਾਮ ਸਿੰਘ ਦੱਤ ਯਾਦਗਾਰੀ ਦੇਸ਼ ਭਗਤ ਭਵਨ ਕਮੇਟੀ, ਗੁਰਦਾਸਪੁਰ ਵੱਲੋਂ ਜਨਤਕ ਅਤੇ ਜਮਹੂਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਕਰਤਾਰ ਸਿੰਘ ਸਰਾਭਾ ਅਤੇ ਸਾਥੀਆਂ ਨੂੰ ਯਾਦ ਕਰਦਿਆਂ ਫ਼ਿਰਕੂ ਫਾਸ਼ੀਵਾਦ ਵਿਰੁੱਧ ਲੋਕ ਲਹਿਰ ਉਸਾਰਨ ਦਾ ਸੱਦਾ ਦਿੱਤਾ ਗਿਆ।
ਕਾਮਰੇਡ ਵਸਣ ਸਿੰਘ ਸੰਧੂ, ਰਘਬੀਰ ਸਿੰਘ ਰੋਸੇ ਪਕੀਵਾਂ, ਬਲਵੀਰ ਸਿੰਘ ਉੱਚਾ ਧਕਾਲਾ, ਹਰਚਰਨ ਸਿੰਘ ਔਜਲਾ, ਅਜੀਤ ਸਿੰਘ ਹੁੰਦਲ, ਰੂਪ ਸਿੰਘ ਪੱਡਾ, ਡਾਕਟਰ ਅਨੂਪ ਸਿੰਘ, ਰਣਜੀਤ ਸਿੰਘ ਧਾਲੀਵਾਲ ਅਤੇ ਅਮਰਜੀਤ ਸ਼ਾਸਤਰੀ ਦੀ ਪ੍ਰਧਾਨਗੀ ਹੇਠ ਹੋਏ ਸਮਾਗਮ ਵਿੱਚ ਜਨਤਕ ਅਤੇ ਜਮਹੂਰੀ ਜਥੇਬੰਦੀਆਂ ਦੇ ਵੱਡੀ ਗਿਣਤੀ ਕਾਰਕੁਨਾਂ ਨੇ ਸ਼ਮੂਲੀਅਤ ਕੀਤੀ। ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਦੇ ਪਾਏ ਪੂਰਨਿਆਂ ‘ਤੇ ਚੱਲਣ ਦਾ ਪ੍ਰਣ ਕੀਤਾ ਗਿਆ।
ਇਸ ਮੌਕੇ ਅਮਰ ਕ੍ਰਾਂਤੀ, ਸ਼ਮਸ਼ੇਰ ਸਿੰਘ, ਅਸ਼ੋਕ ਕੁਮਾਰ ਸ਼ਰਮਾ, ਅਸ਼ਵਨੀ ਕੁਮਾਰ ਲੱਖਣ ਕਲਾਂ, ਗੁਲਜ਼ਾਰ ਸਿੰਘ, ਧੀਰ ਸਿੰਘ ਸੰਧੂ ਅਤੇ ਹਰਜਿੰਦਰ ਸਿੰਘ ਵਡਾਲਾ ਬਾਂਗਰ ਸਮੇਤ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਸਰਾਭਾ ਦੀ ਛੋਟੀ ਉਮਰ ਦੀ ਲਾਸਾਨੀ ਕੁਰਬਾਨੀ ਅਤੇ ਅਮਿੱਟ ਘਾਲਣਾ ਤੋਂ ਰੌਸ਼ਨੀ ਲੈ ਕੇ ਅੱਜ ਦੇ ਸਮੇਂ ਵਿੱਚ ਸਾਮਰਾਜੀ ਅਤੇ ਦੇਸੀ ਲੁੱਟ, ਦਾਬੇ, ਅਨਿਆਂ ਅਤੇ ਫ਼ਿਰਕੂ ਫਾਸ਼ੀ ਹੱਲੇ ਖ਼ਿਲਾਫ਼ ਜਨ-ਆਧਾਰ ਵਾਲੀ ਜ਼ਬਰਦਸਤ ਜਨਤਕ ਲਹਿਰ ਖੜ੍ਹੀ ਕਰਨ ਦੀ ਲੋੜ ਹੈ। ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਦੇਸ-ਬਦੇਸ ਧੱਕੇ ਖਾਣ ਦੀ ਥਾਂ ਸ਼ਹੀਦ ਸਰਾਭਾ ਵਰਗਿਆਂ ਦੇ ਸੁਪਨੇ ਸਾਕਾਰ ਕਰਨ ਲਈ ਚਿੰਤਨ ਅਤੇ ਸੰਗਰਾਮ ਦੇ ਪਿੜ ਮੱਲਣ ਦਾ ਸੱਦਾ ਦਿੱਤਾ।

ਅੱਜ ਦੀ ਵਿਚਾਰ-ਚਰਚਾ ਬਾਰੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਪ੍ਰੈਸ ਸਕੱਤਰ ਅਮਰਜੀਤ ਸ਼ਾਸਤਰੀ ਨੇ ਕਿਹਾ ਕਿ ਨਸ਼ਿਆਂ, ਖਪਤ ਸਭਿਆਚਾਰ, ਗੈਂਗਵਾਰ ਅਤੇ ਪਰਵਾਸ ਵਰਗੇ ਚੱਕਰਵਿਊ ਵਿੱਚ ਘਿਰੀ ਜਵਾਨੀ ਨੂੰ ਆਪਣੇ ਗੌਰਵਸ਼ਾਲੀ ਇਤਿਹਾਸ ਦੇ ਸਿਰਜਕ ਸ਼ਹੀਦ ਕਰਤਾਰ ਸਿੰਘ ਸਰਾਭਾ ਵਰਗਿਆਂ ਤੋਂ ਪ੍ਰੇਰਨਾ ਲੈਣ ਦੀ ਲੋੜ ਹੈ। ਸਰਾਭਾ 16 ਸਾਲ ਦੀ ਉਮਰ ਵਿੱਚ ਅਮਰੀਕਾ ਦੀ ਧਰਤੀ ‘ਤੇ ਗ਼ਦਰ ਲਹਿਰ ਵਿੱਚ ਸ਼ਾਮਲ ਹੋਏ, 17 ਸਾਲ ਦੀ ਉਮਰ ਵਿੱਚ ‘ਗ਼ਦਰ’ ਅਖ਼ਬਾਰ ਦੇ ਸਹਾਇਕ ਸੰਪਾਦਕ ਬਣੇ ਅਤੇ ਆਜ਼ਾਦੀ ਦੀ ਲਹਿਰ ਵਿੱਚ ਕੁੱਦਣ ਲਈ ਦੇਸ ਪਰਤ ਆਏ। 19 ਵਰ੍ਹਿਆਂ ਦੀ ਉਮਰ ਵਿੱਚ 16 ਨਵੰਬਰ 1915 ਨੂੰ ਉਹ ਆਪਣੇ ਸਾਥੀਆਂ ਸਮੇਤ ਕੇਂਦਰੀ ਜੇਲ੍ਹ ਲਾਹੌਰ ਵਿੱਚ ਹੱਸ ਕੇ ਫਾਂਸੀ ਦਾ ਰੱਸਾ ਚੁੰਮ ਗਏ ਅਤੇ ਅੰਤਿਮ ਜਿੱਤ ਤੱਕ ਗ਼ਦਰ ਦੀ ਗੂੰਜ ਜਾਰੀ ਰੱਖਣ ਦਾ ਪੈਗ਼ਾਮ ਦੇ ਗਏ।
ਵਿਚਾਰ-ਚਰਚਾ ਮਿਲਣੀ ਵਿੱਚ ਸ਼ਾਮਲ ਨੌਜਵਾਨ ਵਿਦਿਆਰਥੀਆਂ ਨੇ ਖ਼ਾਸ ਤੌਰ ‘ਤੇ ਅਹਿਮ ਸੁਆਲ ਕੀਤੇ। ਉਨ੍ਹਾਂ ਪੁੱਛਿਆ ਕਿ ਸਮਾਜਿਕ ਬਰਾਬਰੀ ਕਿਵੇਂ ਆਵੇਗੀ? ਕੀ ਅਸੀਂ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਪੱਛੜ ਨਹੀਂ ਰਹੇ? ਨੌਜਵਾਨ ਪੀੜ੍ਹੀ ਨੂੰ ਸਾਰਥਕ, ਅਮੀਰ, ਭਵਿੱਖਮੁਖੀ, ਵਿਗਿਆਨਕ, ਤਰਕਸ਼ੀਲ ਅਤੇ ਜਮਹੂਰੀ ਇਨਕਲਾਬੀ ਵਿਚਾਰਾਂ ਨਾਲ ਕਿਵੇਂ ਜੋੜਿਆ ਜਾਵੇ?
ਸੁਆਲ-ਜੁਆਬ ਦੀ ਇਹ ਲੜੀ ਕਾਫ਼ੀ ਸਾਰਥਕ ਰਹੀ। ਇਤਿਹਾਸ ਦੇ ਦਰਪਣ ਵਿੱਚੋਂ ਆਪਣਾ ਅੱਜ ਅਤੇ ਆਉਣ ਵਾਲਾ ਕੱਲ੍ਹ ਵੇਖਣ ਲਈ ਗਿਆਨ-ਵਿਗਿਆਨ ਅਤੇ ਵਿਚਾਰ-ਚਰਚਾ ਮਿਲਣੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਰੱਖਣ ਬਾਰੇ ਸਭ ਦੀ ਸਾਂਝੀ ਰਾਇ ਬਣੀ। ਇਸ ਮੌਕੇ ਵਿਦਿਆਰਥੀਆਂ ਨੂੰ ਆਪਣੀ ਇਤਿਹਾਸਕ ਭੂਮਿਕਾ ਨਿਭਾਉਣ ਲਈ ਚਿੰਤਨ ਅਤੇ ਸਰਗਰਮੀ ਵਾਸਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਜੀਵਨ-ਸ਼ੈਲੀ ਤੋਂ ਸਿੱਖਣ ਦੀ ਅਪੀਲ ਕੀਤੀ ਗਈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਦੇਵ ਸਿੰਘ ਬਹਿਰਾਮਪੁਰ, ਜੋਗਿੰਦਰ ਪਾਲ ਪਨਿਆੜ, ਮੁਰਾਰੀ ਲਾਲ, ਹੀਰਾ ਸਿੰਘ, ਗੁਰਮੀਤ ਸਿੰਘ ਥਾਣੇਵਾਲ, ਅਸ਼ੋਕ ਭਾਰਤੀ, ਬਲਵੀਰ ਸਿੰਘ ਰੰਧਾਵਾ, ਸੁਖਦੇਵ ਸਿੰਘ ਗੋਸਲ, ਮੈਡਮ ਬਲਵਿੰਦਰ ਕੌਰ, ਗੁਰਵਿੰਦਰ ਕੌਰ, ਅਮਰਜੀਤ ਸਿੰਘ ਕੋਠੇ ਘਰਾਲਾ ਬਹਿਰਾਮਪੁਰ ਅਤੇ ਬਿਮਲਾ ਦੇਵੀ ਹਾਜ਼ਰ ਸਨ।