ਜਨਗਣਨਾ 2027 ਦੇ ਦੂਜੇ ਪੜਾਅ ਸਬੰਧੀ ਸਥਾਨਕ ਗੋਲਡਨ ਗਰੁੱਪ ਆਫ ਇੰਸਟੀਚਿਊਟ ਵਿਖੇ ਵਿਦਿਆਰਥੀਆਂ ਨੂੰ ਕੀਤਾ ਗਿਆ ਜਾਗਰੂਕ

ਮੈਡਮ ਓਇਸ਼ੀ ਮੰਡਲ, ਆਈ.ਏ ਐੱਸ, ਐੱਸ ਡੀ ਐੱਮ ਕਲਾਨੌਰ, ਮੈਡਮ ਅਦੀਬਾ ਅਨਮ, ਆਈ.ਏ.ਐੱਸ, ਜੀ.ਏ(ਯੂ.ਟੀ) ਗੁਰਦਾਸਪੁਰ ਨੇ ਵਿਦਿਆਰਥੀਆਂ ਨੂੰ ਜਨਗਣਨਾ ਦੀ ਮਹੱਤਤਾ ਬਾਰੇ ਕੀਤਾ ਜਾਗਰੂਕ

ਮਾਸਟਰ ਟ੍ਰੇਨਰਾਂ ਵੱਲੋਂ ਵਿਸਥਾਰ ਵਿੱਚ ਦਿੱਤੀ ਗਈ ਜਾਣਕਾਰੀ, ਵਿਦਿਆਰਥੀਆਂ ਵਲੋਂ ਮੌਕੇ ‘ਤੇ ਸਵੈ ਗਣਨਾ ਕਰਕੇ ਵੇਰਵੇ ਦਰਜ ਕੀਤੇ ਗਏ

ਗੁਰਦਾਸਪੁਰ, 17 ਨਵੰਬਰ 2026 (ਮੰਨਨ ਸੈਣੀ)। ਜਨਗਣਨਾ 2027 ਦੇ ਦੂਜੇ ਪੜਾਅ ਸਬੰਧੀ ਮਾਸਟਰ ਟਰੇਨਰਾਂ ਵੱਲੋਂ ਸਥਾਨਕ ਗੋਲਡਨ ਗਰੁੱਪ ਆਫ ਇੰਸਟੀਚਿਊਟ ਵਿਖੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ ਤਾਂ ਜੋ ਵਿਦਿਆਰਥੀ ਘਰ ਜਾ ਕੇ ਆਪਣੇ ਮਾਤਾ ਪਿਤਾ ਆਂਢ-ਗੁਆਂਢ ਤੇ ਰਿਸ਼ਤੇਦਾਰਾਂ ਨੂੰ ਜਨਗਣਨਾ 2027 ਦੇ ਦੂਜੇ ਪੜਾਅ ਬਾਰੇ ਜਾਗਰੂਕ ਕਰ ਸਕਣ। ਇਸ ਮੌਕੇ ਮੈਡਮ ਓਇਸ਼ੀ ਮੰਡਲ, ਆਈ ਏ ਐੱਸ, ਐੱਸ ਡੀ ਐੱਮ ਕਲਾਨੌਰ, ਮੈਡਮ ਅਦੀਬਾ ਅਨਮ, ਆਈ.ਏ.ਐੱਸ, ਜੀ.ਏ (ਯੂ.ਟੀ) ਗੁਰਦਾਸਪੁਰ, ਡਾ. ਮੋਹਿਤ ਮਹਾਜਨ, ਚੇਅਰਮੈਨ ਗੋਲਡਨ ਗਰੁੱਪ ਆਫ ਇੰਸਟੀਚਿਊਟ ਗੁਰਦਾਸਪੁਰ, ਵਿਨੋਦ ਬੇਰੀ, ਡਿਪਟੀ ਈ.ਐੱਸ.ਏ, ਡਾ. ਰਾਘਵ ਮਹਾਜਨ ਐੱਮ ਡੀ, ਪਿ੍ਰੰਸੀਪਲ ਡਾ. ਨਿਧੀ ਮਹਾਜਨ ਮੌਜੂਦ ਸਨ।

ਮੈਡਮ ਅਦੀਬਾ ਅਨਮ, ਆਈ.ਏ.ਐੱਸ ਨੇ ਵਿਦਿਆਰਥੀਆਂ ਨੂੰ ਸਵੈ ਗਣਨਾ ਕਰਨ ਲਈ ਪ੍ਰੇਰਿਤ ਕਰਦਿਆਂ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਜਿੰਨੀ ਵੀ ਜਨਗਣਨਾ ਹੋਵੇਗੀ, ਉਸ ਦੇ ਆਧਾਰ ‘ਤੇ ਹੀ ਸਾਡੇ, ਸਕੂਲ, ਹਸਪਤਾਲ ਅਤੇ ਸੜਕਾਂ ਦਾ ਜੋ ਵੀ ਵਿਕਾਸ ਹੋਵੇਗਾ, ਉਹ ਸਾਡੀ ਜਣਗਣਨਾ ਤੇ ਹੀ ਨਿਰਭਰ ਹੋਵੇਗਾ। ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਆਪਣੀ ਸਹੀ ਜਾਣਕਾਰੀ ਦਿੱਤੀ ਜਾਵੇ। ਆਪਣੇ ਆਂਢ-ਗੁਆਂਢ ਨੂੰ ਵੀ ਇਸ ਬਾਰੇ ਦੱਸਿਆ ਜਾਵੇ, ਤਾਂ ਜੋ ਹਰੇਕ ਨਾਗਰਿਕ ਆਪਣੀ ਜਾਣਕਾਰੀ ਪੋਰਟਲ ਰਾਹੀਂ ਸਾਂਝੀ ਕਰ ਸਕੇ ਅਤੇ ਕੋਈ ਵਾਂਝਾ ਨਾ ਰਹਿ ਸਕੇ।

ਉਨ੍ਹਾਂ ਦੱਸਿਆ ਕਿ ਜਨਗਣਨਾ- 2027 ਦੀ ਸਵੈ-ਗਣਨਾ 16 ਨਵੰਬਰ ਤੋਂ 30 ਨਵੰਬਰ ਤੱਕ ਸਰਕਾਰ ਵੱਲੋਂ ਆਨਲਾਈਨ ਪੋਰਟਲ ਖੋਲਿਆ ਗਿਆ ਹੈ। ਜਿਸ ਤਹਿਤ ਲੋਕ ਪੋਰਟਲ https://se.census.gov.in/ ’ਤੇ ਲਾਗਇਨ ਕਰਕੇ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਣਕਾਰੀ ਖੁਦ ਭਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਪ੍ਰਕਿਰਿਆ ਨਾਲ ਲੋਕਾਂ ਨੂੰ ਆਪਣੀ ਜਾਣਕਾਰੀ ਸਹੀ ਅਤੇ ਸੁਵਿਧਾਜਨਕ ਢੰਗ ਨਾਲ ਦਰਜ ਕਰਨ ਦਾ ਮੌਕਾ ਮਿਲੇਗਾ। ਜਿਸ ਰਾਹੀਂ ਨਾਗਰਿਕ ਆਪਣੀ ਸਾਰੀ ਜਾਣਕਾਰੀ ਸਾਂਝੀ ਕਰ ਸਕਦੇ ਹਨ।

ਉਨ੍ਹਾਂ ਦੱਸਿਆ ਕਿ ਇਸ ਤੋ ਬਾਅਦ 1 ਦਸੰਬਰ 2026 ਤੋਂ 4 ਜਨਵਰੀ 2027 ਤੱਕ ਜਨਗਣਨਾ ਕਰਮਚਾਰੀ ਘਰ-ਘਰ ਜਾ ਕੇ ਜਾਣਕਾਰੀ ਇਕੱਤਰ ਕਰਨਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਵੱਧ ਤੋਂ ਵੱਧ ਇਸ ਸਹੂਲਤ ਦਾ ਲਾਭ ਲੈਣ।

ਇਸ ਮੌਕੇ ਮਾਸਟਰ ਟ੍ਰੇਨਰ ਲੈਕਚਰਾਰ ਗੁਰਮੀਤ ਸਿੰਘ ਭੋਮਾ ( ਸਟੇਟ ਐਵਾਰਡੀ), ਲੈਕਚਰਾਰ ਚਰਨਪੀ੍ਤ ਸਿੰਘ, ਲੈਕਚਰਾਰ ਸੰਜੀਵ ਕੁਮਾਰ , ਜਨਗਣਨਾ ਵਿਭਾਗ ਤੋਂ ਤਰਨਬੀਰ ਸਿੰਘ ਵਲੋਂ ਵਿਸਥਾਰ ਵਿੱਚ ਸਵੈ ਗਣਨਾ ਦੀ ਸਮੁੱਚੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਮੌਕੇ ‘ਤੇ ਵਿਦਿਆਰਥੀਆਂ ਵਲੋਂ ਸਵੈ ਗਣਨਾ ਰਾਹੀਂ ਆਪਣੇ ਵੇਰਵੇ ਵੀ ਦਰਜ ਕਰਵਾਏ ਗਏ।

Exit mobile version