ਗੁਰਦਾਸਪੁਰ, 15 ਜੁਲਾਈ 2025 (ਮੰਨਨ ਸੈਣੀ)। ਪੁਲਿਸ ਜ਼ਿਲ੍ਹਾ ਗੁਰਦਾਸਪੁਰ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ 1 ਕਿਲੋ ਹੈਰੋਇਨ ਸਮੇਤ 2 ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ, ਜਦਕਿ ਤੀਜਾ ਸਾਥੀ ਫਰਾਰ ਹੋਣ ਵਿੱਚ ਕਾਮਯਾਬ ਰਿਹਾ। ਇਸ ਮਾਮਲੇ ਵਿੱਚ ਥਾਣਾ ਦੋਰੰਗਲਾ ਵਿਖੇ ਮੁਲਜ਼ਮਾਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ।
ਇਸ ਸੰਬੰਧੀ ਐਸਐਸਪੀ ਅਦਿਤਿਯ ਨੇ ਦੱਸਿਆ ਕਿ ਐਸਐਚਓ ਮੋਹਨ ਪੁਲਿਸ ਪਾਰਟੀ ਨਾਲ ਨਾਕਾਬੰਦੀ ਦੇ ਸਬੰਧ ਵਿੱਚ ਟੀ-ਪੁਆਇੰਟ ਪਿੰਡ ਠਾਕੁਰਪੁਰ ਵਿਖੇ ਮੌਜੂਦ ਸਨ। ਇਸ ਦੌਰਾਨ ਪਿੰਡ ਸ੍ਰੀ ਰਾਮਪੁਰ ਸਾਈਡ ਤੋਂ ਇੱਕ ਸਵਿਫਟ ਕਾਰ (PB 65 V 0252) ਆਈ। ਪੁਲਿਸ ਪਾਰਟੀ ਨੇ ਇਸ ਨੂੰ ਰੁਕਣ ਦਾ ਇਸ਼ਾਰਾ ਕੀਤਾ। ਕਾਰ ਦੀ ਪਿਛਲੀ ਸੀਟ ‘ਤੇ ਬੈਠਾ ਇੱਕ ਨੌਜਵਾਨ ਕਾਰ ਦੀ ਖਿੜਕੀ ਖੋਲ੍ਹ ਕੇ ਖੇਤਾਂ ਵਿੱਚ ਭੱਜ ਗਿਆ, ਜਿਸ ਨੂੰ ਫੜਿਆ ਨਹੀਂ ਜਾ ਸਕਿਆ। ਇਸ ਤੋਂ ਬਾਅਦ ਡੀਐਸਪੀ ਦੀਨਾਨਗਰ ਰਜਿੰਦਰ ਸਿੰਘ ਮਨਹਾਸ ਦੀਆਂ ਹਦਾਇਤਾਂ ‘ਤੇ ਮੁਲਜ਼ਮ ਓਮਕਾਰ ਸਿੰਘ ਅਤੇ ਮਨਪ੍ਰੀਤ ਸਿੰਘ ਦੀ ਗ੍ਰਿਫਤਾਰੀ ਅਤੇ ਗੱਡੀ ਦੀ ਤਲਾਸ਼ੀ ਲਈ ਗਈ। ਗੱਡੀ ਦੀ ਡਰਾਈਵਰ ਸੀਟ ਦੇ ਹੇਠੋਂ 2 ਪੈਕਟ ਹੈਰੋਇਨ ਬਰਾਮਦ ਹੋਏ, ਜਿਨ੍ਹਾਂ ਦਾ ਕੁੱਲ ਵਜ਼ਨ 1 ਕਿਲੋ 68 ਮਿਲੀਗ੍ਰਾਮ ਸੀ। ਮੁਲਜ਼ਮਾਂ ਨੇ ਗੱਡੀ ਵਿੱਚੋਂ ਫਰਾਰ ਹੋਏ ਵਿਅਕਤੀ ਦੀ ਪਛਾਣ ਗੁਰਪ੍ਰੀਤ ਸਿੰਘ ਵਜੋਂ ਦੱਸੀ। ਉਨ੍ਹਾਂ ਨੇ ਦੱਸਿਆ ਕਿ ਮੁਲਜ਼ਮਾਂ ਖਿਲਾਫ ਐਨਡੀਪੀਐਸ ਐਕਟ ਅਧੀਨ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
