ਜੂਡੋ ਖਿਡਾਰੀਆਂ ਲਈ ਖੇਡ ਵਿਭਾਗ ਪੰਜਾਬ ਨੇ ਕੀਤਾ ਡਾਇਟ ਦਾ ਪ੍ਰਬੰਧ

ਗੁਰਦਾਸਪੁਰ 12 ਜੁਲਾਈ 2025 (ਮੰਨਨ ਸੈਣੀ)। ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਗੁਰਦਾਸਪੁਰ ਦੇ 35 ਸਰਵ ਸ੍ਰੇਸ਼ਟ ਜੂਡੋ ਖਿਡਾਰੀਆਂ ਲਈ ਜ਼ਿਲ੍ਹਾ ਖੇਡ ਅਫ਼ਸਰ ਸ੍ਰ ਸਿਮਰਨਜੀਤ ਸਿੰਘ ਰੰਧਾਵਾ ਦੇ ਯਤਨਾਂ ਸਦਕਾ ਰੋਜ਼ਾਨਾ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ ਗਿਆ ਹੈ। ਹੁਣ ਖਿਡਾਰੀਆਂ ਨੂੰ ਰੋਜ਼ਾਨਾ ਰਿਫਰੈਸ਼ਮੈਂਟ ਦੇ ਰੂਪ ਵਿੱਚ 4 ਕੇਲੇ 1 ਕਿਲੋਗ੍ਰਾਮ ਦੁੱਧ ਅਤੇ ਬਾਦਾਮ ਮਿਲਿਆ ਕਰਨਗੇ।

ਸੈਂਟਰ ਦੇ ਸੰਚਾਲਕ ਅਮਰਜੀਤ ਸ਼ਾਸਤਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸੈਂਟਰ ਨੇ ਪਿਛਲੇ ਸਾਲ ਵੀ ਡਾਇਟ ਪ੍ਰਾਪਤ ਕਰ ਕੇ ਸੂਬੇ ਭਰ ਵਿੱਚ ਵੱਖ ਵੱਖ ਮੁਕਾਬਲਿਆਂ ਵਿੱਚ 123 ਮੈਡਲ ਜਿੱਤ ਕੇ ਪਹਿਲਾ ਸਥਾਨ ਹਾਸਲ ਕੀਤਾ ਸੀ। 23 ਖਿਡਾਰੀਆਂ ਨੇ ਰਾਸ਼ਟਰੀ ਪੱਧਰ ਤੇ ਮੈਡਲ ਜਿੱਤ ਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ।‌ ਗਰੀਬ ਖਿਡਾਰੀਆਂ ਦੇ ਮਾਪਿਆਂ ਨੂੰ ਅੱਤ ਦੀ ਮਹਿੰਗਾਈ ਵਿਚ ਬੱਚਿਆਂ ਦੀ ਖੁਰਾਕ ਲਈ ਚਿੰਤਾ ਸਤਾ ਰਹੀ ਸੀ। ਗਰਮੀ ਦੀਆਂ ਛੁੱਟੀਆਂ ਵਿਚ ਸਮਰ ਕੋਚਿੰਗ ਕੈਂਪ ਦੌਰਾਨ ਸਾਬਕਾ ਜੂਡੋ ਖਿਡਾਰੀਆਂ ਨੇ ਇਹਨਾਂ ਬੱਚਿਆਂ ਲਈ ਡਾਇਟ ਦਾ ਪ੍ਰਬੰਧ ਕਰਕੇ ਇਸ ਯੋਗ ਬਣਾਇਆ ਹੈ ਕਿ ਉਹ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿੱਚ ਮੈਡਲ ਜਿੱਤ ਸਕਣ। ਜ਼ਿਲ੍ਹਾ ਜੂਡੋ ਐਸੋਸੀਏਸ਼ਨ ਦੀ ਜਰਨਲ ਸਕੱਤਰ ਮੈਡਮ ਬਲਵਿੰਦਰ ਕੌਰ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸੈਂਟਰ ਵਿਚ ਬੱਚਿਆਂ ਦੀ ਗਿਣਤੀ ਅਤੇ ਪ੍ਰਾਪਤੀਆਂ ਨੂੰ ਮੁੱਖ ਰੱਖਦਿਆਂ ਘੱਟੋ ਘੱਟ 50 ਸੀਟਾਂ ਦਿੱਤੀਆਂ ਜਾਣ। ਅਤੇ ਇਹ ਡਾਇਟ ਅਪ੍ਰੈਲ ਮਹੀਨੇ ਸ਼ੁਰੂ ਕਰ ਕੇ 31 ਮਾਰਚ ਤੱਕ ਸਾਰਾ ਸਾਲ ਦਿੱਤੀ ਜਾਵੇ।

ਹੁਣ ਖੇਡ ਵਿਭਾਗ ਪੰਜਾਬ ਵੱਲੋਂ ਇਹ ਡਾਇਟ ਜੁਲਾਈ ਮਹੀਨੇ ਸ਼ੁਰੂ ਕਰ ਕੇ 25 ਦਿਸੰਬਰ ਤਕ ਦਿੱਤੀ ਜਾਂਦੀ ਹੈ। ਜੂਡੋ ਕੋਚ ਰਵੀ ਕੁਮਾਰ ਨੇ ਵਿਭਾਗ ਦੇ ਇਸ ਪਵਿੱਤਰ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਾਵੇਂ ਇਹ ਡਾਇਟ ਬਹੁਤ ਥੋੜ੍ਹੀ ਹੈ। ਪਰ ਲੋੜਵੰਦ ਖਿਡਾਰੀਆਂ ਲਈ ਸੋਨੇ ਤੇ ਸੁਹਾਗਾ ਦਾ ਕੰਮ ਦੇਵੇਗੀ। ਉਹਨਾਂ ਆਸ ਪ੍ਰਗਟ ਕੀਤੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਰਾਜ ਪੱਧਰੀ ਅਤੇ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿੱਚ ਜੂਡੋ ਖਿਡਾਰੀ ਵਧੀਆ ਪ੍ਰਦਰਸ਼ਨ ਕਰਨਗੇ।

Exit mobile version