7,400 ਅਧਿਆਪਕਾਂ ਰਾਹੀਂ 7.5 ਲੱਖ ਵਿਦਿਆਰਥੀਆਂ ਨੂੰ ਕਰੀਅਰ ਮਾਰਗਦਰਸ਼ਨ ਦੇਣ ਦਾ ਟੀਚਾ; ਜ਼ਿਲ੍ਹੇ ਦੇ ਕਰੀਬ 416 ਅਧਿਆਪਕਾਂ ਨੇ ਪ੍ਰਾਪਤ ਕੀਤੀ ਸਿਖਲਾਈ
ਗੁਰਦਾਸਪੁਰ, 13 ਨਵੰਬਰ 2026 (ਦੀ ਪੰਜਾਬ ਵਾਇਰ)। ਐਸ.ਸੀ.ਈ.ਆਰ.ਟੀ. ਦੀ ਡਾਇਰੈਕਟਰ ਸ੍ਰੀਮਤੀ ਕਿਰਨ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਦਾਸਪੁਰ ਰਾਜੇਸ਼ ਕੁਮਾਰ ਸ਼ਰਮਾ ਅਤੇ ਪ੍ਰਿੰਸੀਪਲ ਡਾਇਟ ਹਰਿੰਦਰ ਸਿੰਘ ਸੈਣੀ ਦੀ ਯੋਗ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਪੰਜਾਬ ਕਰੀਅਰ ਗਾਈਡੈਂਸ ਪ੍ਰੋਗਰਾਮ ਤਹਿਤ ਗਾਈਡੈਂਸ ਕੌਂਸਲਰਾਂ ਦੀ ਤਿੰਨ ਰੋਜ਼ਾ ਵਿਸ਼ੇਸ਼ ਸਿਖਲਾਈ ਅੱਜ ਸਫ਼ਲਤਾਪੂਰਵਕ ਸੰਪੰਨ ਹੋ ਗਈ। ਇਸ ਸਿਖਲਾਈ ਦੌਰਾਨ ਜ਼ਿਲ੍ਹੇ ਦੇ ਕਰੀਬ 416 ਅਧਿਆਪਕਾਂ ਨੇ ਕਰੀਅਰ ਕਾਊਂਸਲਿੰਗ ਸਬੰਧੀ ਵਿਸ਼ੇਸ਼ ਸਿਖਲਾਈ ਪ੍ਰਾਪਤ ਕੀਤੀ। ਸਿਖਲਾਈ ਦੇ ਆਖ਼ਰੀ ਦਿਨ ਰਿਸੋਰਸ ਪਰਸਨ ਲੋਕਮਨ ਸਿੰਘ ਅਤੇ ਮੋਹਿਤ ਨਾਰੰਗ ਵੱਲੋਂ ਅਧਿਆਪਕਾਂ ਨੂੰ ਕਰੀਅਰ ਕਾਊਂਸਲਿੰਗ ਦੇ ਵੱਖ-ਵੱਖ ਪਹਿਲੂਆਂ ਬਾਰੇ ਵਿਹਾਰਕ ਸਿਖਲਾਈ ਦਿੱਤੀ ਗਈ।
ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਇੰਸਪੈਕਟਰ ਸਾਂਝ ਕੇਂਦਰ ਗੁਰਦਾਸਪੁਰ ਸ੍ਰੀਮਤੀ ਅਮਨਦੀਪ ਕੌਰ ਨੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਵਿਦਿਆਰਥੀਆਂ ਦੇ ਜੀਵਨ ਵਿੱਚ ਕਰੀਅਰ ਗਾਈਡੈਂਸ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀਆਂ ਰੁਚੀਆਂ, ਯੋਗਤਾਵਾਂ ਅਤੇ ਸੰਭਾਵਨਾਵਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਸਹੀ ਦਿਸ਼ਾ ਪ੍ਰਦਾਨ ਕਰਨਾ ਸਮੇਂ ਦੀ ਮੁੱਖ ਲੋੜ ਹੈ।
ਸਿਖਲਾਈ ਦੌਰਾਨ ਪੰਜਾਬ ਕਰੀਅਰ ਗਾਈਡੈਂਸ ਪ੍ਰੋਗਰਾਮ ਦੇ ਉਦੇਸ਼ਾਂ ਅਤੇ ਅਮਲਦਾਰੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਸੂਬੇ ਦੇ 23 ਜ਼ਿਲ੍ਹਿਆਂ ਦੇ 3,700 ਸਰਕਾਰੀ ਸਕੂਲਾਂ ਵਿੱਚੋਂ 7,400 ਅਧਿਆਪਕਾਂ ਨੂੰ ਸਿਖਲਾਈ ਦੇ ਕੇ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਲਗਭਗ 7.5 ਲੱਖ ਵਿਦਿਆਰਥੀਆਂ ਨੂੰ ਕਰੀਅਰ ਮਾਰਗਦਰਸ਼ਨ ਪ੍ਰਦਾਨ ਕੀਤਾ ਜਾਵੇਗਾ।
ਸਿਖਲਾਈ ਦੌਰਾਨ ਅਧਿਆਪਕਾਂ ਨੂੰ ਕਰੀਅਰ ਪਲਾਨਿੰਗ ਵਰਕਸ਼ਾਪਾਂ, ਸਾਈਕੋਮੈਟ੍ਰਿਕ ਅਸੈਸਮੈਂਟ ਰਾਹੀਂ ਵਿਦਿਆਰਥੀਆਂ ਦੀ ਯੋਗਤਾ, ਸ਼ਖ਼ਸੀਅਤ ਅਤੇ ਰੁਚੀਆਂ ਦੀ ਪਛਾਣ, ਵਿਅਕਤੀਗਤ ਕਾਊਂਸਲਿੰਗ, ਕਰੀਅਰ ਕਲੱਸਟਰਾਂ ਦੀ ਚੋਣ, ਵਿਕਲਪਿਕ ਕਰੀਅਰ ਯੋਜਨਾ ਅਤੇ ਕਰੀਅਰ ਪੋਰਟਲ ਤੇ ਹੈਂਡਬੁੱਕ ਦੀ ਵਰਤੋਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ। ਇਸ ਦੇ ਨਾਲ ਹੀ ਏਆਈ ਕੋ-ਪਾਇਲਟ ਦੀ ਵਰਤੋਂ, ਵਿਦਿਆਰਥੀਆਂ ਦੀ ਨਿੱਜੀ ਜਾਣਕਾਰੀ ਦੀ ਗੁਪਤਤਾ ਅਤੇ ਸੰਵੇਦਨਸ਼ੀਲ ਮਾਮਲਿਆਂ ਵਿੱਚ ਜ਼ਿਲ੍ਹਾ ਕਾਊਂਸਲਰ ਦੀ ਸਹਾਇਤਾ ਲੈਣ ਸਬੰਧੀ ਵੀ ਸਿਖਲਾਈ ਦਿੱਤੀ ਗਈ।
ਇਸ ਤਿੰਨ ਰੋਜ਼ਾ ਸਿਖਲਾਈ ਦੀ ਸਮੁੱਚੀ ਨਿਗਰਾਨੀ ਜ਼ਿਲ੍ਹਾ ਗਾਈਡੈਂਸ ਕੌਂਸਲਰ ਮੁਕੇਸ਼ ਵਰਮਾ ਅਤੇ ਜ਼ਿਲ੍ਹਾ ਕੌਂਸਲਰ ਸ੍ਰੀਮਤੀ ਮਿਤਾਲੀ ਸ਼ਰਮਾ ਵੱਲੋਂ ਕੀਤੀ ਗਈ। ਡਾਇਟ ਇੰਚਾਰਜ ਨਰੇਸ਼ ਕੁਮਾਰ ਸ਼ਰਮਾ ਵੱਲੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਇੰਸਪੈਕਟਰ ਸ੍ਰੀਮਤੀ ਅਮਨਦੀਪ ਕੌਰ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਸਾਬਕਾ ਜ਼ਿਲ੍ਹਾ ਗਾਈਡੈਂਸ ਕੌਂਸਲਰ ਸ੍ਰੀ ਪਰਮਿੰਦਰ ਸਿੰਘ ਸੈਣੀ ਵੀ ਮੌਜੂਦ ਸਨ।
ਸਿਖਲਾਈ ਦੇ ਸਮਾਪਤੀ ਸਮਾਰੋਹ ਦੌਰਾਨ ਕੇ.ਆਰ.ਪੀ. ਦੀ ਰਿਸੋਰਸ ਪਰਸਨ ਮਿਸ ਮਿਤਾਲੀ ਸ਼ਰਮਾ ਨੂੰ ਉਨ੍ਹਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਅਤੇ ਸਿਖਲਾਈ ਵਿੱਚ ਪਾਏ ਯੋਗਦਾਨ ਲਈ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਸਿਖਲਾਈ ਲਈ ਵਿਸ਼ੇਸ਼ ਤੌਰ ‘ਤੇ ਪਹੁੰਚੇ ਰਿਸੋਰਸ ਪਰਸਨ ਸ੍ਰੀਮਤੀ ਅਮਨਦੀਪ ਕੌਰ ਵੱਲੋਂ ਭੇਂਟ ਕੀਤਾ ਗਿਆ।
