ਮਾਨ ਨੇ ਕਦੇ ਵੀ ਬਹਿਬਲ ਕਲਾਂ ਗੋਲੀ ਕਾਂਡ ‘ਚ ਬਾਦਲਾਂ ਨੂੰ ਦੋਸ਼ੀ ਕਿਉਂ ਨਹੀਂ ਬਣਾਇਆ?

ਚੰਡੀਗੜ੍ਹ, 11 ਜੁਲਾਈ 2025 (ਦੀ ਪੰਜਾਬ ਵਾਇਰ)–  ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ (ਆਪ) ਸਰਕਾਰ ਤੇ ਤਿੱਖਾ ਹਮਲਾ ਕਰਦਿਆਂ ਇਨਸਾਫ਼ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਤੇ ਸਵਾਲ ਚੁੱਕੇ ਹਨ।

ਬਾਜਵਾ ਨੇ ਇਸ ਅਸਹਿਜ ਸਚਾਈ ਦਾ ਪਰਦਾਫਾਸ਼ ਕੀਤਾ ਕਿ ਵੱਡੇ-ਵੱਡੇ ਵਾਅਦਿਆਂ ਅਤੇ ਸਾਲਾਂ ਦੀ ਬਿਆਨਬਾਜ਼ੀ ਦੇ ਬਾਵਜੂਦ ਬਹਿਬਲ ਕਲਾਂ ਵਿੱਚ ਦੋ ਸਿੱਖ ਵਿਅਕਤੀਆਂ ਦੀ ਮੌਤ ਦੇ ਮਾਮਲੇ ਵਿੱਚ ਪੁਲਿਸ ਗੋਲੀਬਾਰੀ ਨਾਲ ਸਬੰਧਿਤ ਐਫਆਈਆਰ ਵਿੱਚ ਨਾ ਤਾਂ ਪ੍ਰਕਾਸ਼ ਸਿੰਘ ਬਾਦਲ ਅਤੇ ਨਾ ਹੀ ਸੁਖਬੀਰ ਸਿੰਘ ਬਾਦਲ ਦਾ ਨਾਮ ਹੈ।

ਬਾਜਵਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਭਗਵੰਤ ਮਾਨ ਦੀ ਸਰਕਾਰ ਨੇ ਪੁਲਿਸ ਗੋਲੀਬਾਰੀ ਦੇ ਅਸਲ ਦੋਸ਼ੀਆਂ ਨੂੰ ਬਚਾਇਆ ਹੈ। ਮੌਜੂਦਾ ਇਜਲਾਸ ਵਿੱਚ ਲਿਆਂਦੇ ਜਾ ਰਹੇ ਪ੍ਰਸਤਾਵਿਤ ਬੇਅਦਬੀ ਵਿਰੋਧੀ ਬਿੱਲ ਦੀ ਆਲੋਚਨਾ ਕਰਦਿਆਂ ਬਾਜਵਾ ਨੇ ਇਸ ਨੂੰ “ਸਿਆਸੀ ਚਾਲ” ਅਤੇ “ਪੰਜਾਬ ਦੇ ਲੋਕਾਂ ਨਾਲ ਧੋਖਾ” ਕਰਾਰ ਦਿੱਤਾ।

ਉਨ੍ਹਾਂ ਯਾਦ ਦਿਵਾਇਆ ਕਿ ਸਦਨ ਨੇ ਇਸ ਤੋਂ ਪਹਿਲਾਂ 2018 ਵਿੱਚ ਕਾਂਗਰਸ ਸਰਕਾਰ ਦੁਆਰਾ ਪਾਸ ਕੀਤਾ ਇੱਕ ਬਿੱਲ ਪਾਸ ਕੀਤਾ ਸੀ ਜੋ ਸੱਤ ਸਾਲਾਂ ਤੋਂ ਵੱਧ ਸਮੇਂ ਤੋਂ ਰਾਸ਼ਟਰਪਤੀ ਦੀ ਸਹਿਮਤੀ ਲਈ ਕੇਂਦਰ ਕੋਲ ਪਿਆ ਹੈ।

ਉਨ੍ਹਾਂ ਕਿਹਾ ਕਿ ਇਹ ਨਵਾਂ ਬਿੱਲ ਇਨਸਾਫ਼ ਦੇਣ ਆਪਦੀ ਅਸਫਲਤਾ ਨੂੰ ਲੁਕਾਉਣ ਦੀ ਚਾਲ ਤੋਂ ਇਲਾਵਾ ਕੁਝ ਨਹੀਂ ਹੈ।

ਬਾਜਵਾ ਨੇ ਕਿਹਾ ਕਿ ਜੇਕਰ ਭਗਵੰਤ ਮਾਨ ਗੰਭੀਰ ਹੁੰਦੇ ਤਾਂ ਉਹ ਮੌਜੂਦਾ ਬਿੱਲਾਂ ਦੀ ਪੈਰਵੀ ਕਰਦੇ ਅਤੇ ਬਹਿਬਲ ਕਲਾਂ ਮਾਮਲੇ ਦੇ ਦੋਸ਼ੀਆਂ ਖ਼ਿਲਾਫ਼ ਜਾਂਚ ਰਿਪੋਰਟ ਦਾਇਰ ਕਰਦੇ।

ਮੌਜੂਦਾ ਵਿਸ਼ੇਸ਼ ਇਜਲਾਸ ਦੇ ਸੰਚਾਲਨ ਬਾਰੇ ਬਾਜਵਾ ਨੇ ਇਤਰਾਜ਼ ਪ੍ਰਗਟ ਕੀਤਾ। ਉਨ੍ਹਾਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਤੇ ਦੋਸ਼ ਲਾਇਆ ਕਿ ਉਹ ਵਿਧਾਨ ਸਭਾ ਨੂੰ ਆਪਦੀ ਰੈਲੀ ਵਾਂਗ ਚਲਾ ਰਹੇ ਹਨ ਅਤੇ ਵਿਰੋਧੀ ਧਿਰ ਦੀਆਂ ਆਵਾਜ਼ਾਂ ਨੂੰ ਜ਼ਰੂਰੀ ਜਨਤਕ ਮੁੱਦੇ ਉਠਾਉਣ ਦਾ ਮੌਕਾ ਨਹੀਂ ਦੇ ਰਹੇ।

ਉਨ੍ਹਾਂ ਕਿਹਾ ਕਿ ਕੋਈ ਪ੍ਰਸ਼ਨ ਕਾਲ ਨਹੀਂ ਹੈ, ਕੋਈ ਸਿਫ਼ਰ ਕਾਲ ਨਹੀਂ ਹੈ, ਕਾਨੂੰਨ ਵਿਵਸਥਾ ਦੀ ਸਥਿਤੀ ਤੇ ਕੋਈ ਚਰਚਾ ਨਹੀਂ ਹੈ। ਇਹ ਸ਼ਾਸਨ ਨਹੀਂ ਹੈ। ਇਹ ਇਕ ਤਮਾਸ਼ਾ ਹੈ।

ਅਬੋਹਰ ਦੇ ਕਾਰੋਬਾਰੀ ਦੇ ਕਤਲ ਤੋਂ ਬਾਅਦ ਹਾਲ ਹੀ ਵਿੱਚ ਹੋਏ ਪੁਲਿਸ ਮੁਕਾਬਲੇ ਦਾ ਜ਼ਿਕਰ ਕਰਦਿਆਂ ਬਾਜਵਾ ਨੇ ਫ਼ਰਜ਼ੀ ਮੁਕਾਬਲਿਆਂ ਅਤੇ ਐਫਆਈਆਰ ਵਿੱਚ ਤੱਥਾਂ ਨੂੰ ਗ਼ਲਤ ਢੰਗ ਨਾਲ ਪੇਸ਼ ਕਰਨ ਤੇ ਚਿੰਤਾ ਜ਼ਾਹਿਰ ਕੀਤੀ। ਬਾਜਵਾ ਨੇ ਕਿਹਾ ਕਿ ਸਪੀਕਰ ਨੇ ਵੀ ਮੁਕਾਬਲੇ ਦੀ ਸ਼ਲਾਘਾ ਕੀਤੀ, ਹਾਲਾਂਕਿ ਐਫਆਈਆਰ ਵਿੱਚ ਸਪਸ਼ਟ ਤੌਰ ਤੇ ਕਿਹਾ ਗਿਆ ਹੈ ਕਿ ਮੁਲਜ਼ਮਾਂ ਨੂੰ ਉਨ੍ਹਾਂ ਦੇ ਆਪਣੇ ਸਾਥੀਆਂ ਨੇ ਗੋਲੀ ਮਾਰ ਦਿੱਤੀ ਸੀ।

Exit mobile version