ਪਠਾਨਕੋਟ ਬਾਰਡਰ ਖੇਤਰ ‘ਚ ਗ਼ੈਰ-ਕਾਨੂੰਨੀ ਮਾਈਨਿੰਗ ਵਿਰੁੱਧ ਕਾਰਵਾਈ, ਤਿੰਨ ਸਟੋਨ ਕਰੱਸ਼ਰਾਂ ‘ਤੇ ਛਾਪੇ, 4 ਮੁਲਜ਼ਮ ਕਾਬੂ

ਟਿੱਪਰ ਤੇ ਪੋਕਲੇਨ ਮਸ਼ੀਨਾਂ ਜ਼ਬਤ, ਤਿੰਨੇ ਕਰੱਸ਼ਰ ਮਾਲਕ ਫ਼ਰਾਰ

ਪਠਾਨਕੋਟ, 12 ਅਕਤੂਬਰ 2026 (ਸੂਰਜ)। ਪਠਾਨਕੋਟ ਬਾਰਡਰ ਖੇਤਰ ਵਿੱਚ ਪੁਲਿਸ ਤੇ ਮਾਈਨਿੰਗ ਵਿਭਾਗ ਨੇ ਸਾਂਝੀ ਕਾਰਵਾਈ ਕਰਦਿਆਂ ਤਿੰਨ ਸਟੋਨ ਕਰੱਸ਼ਰਾਂ ‘ਤੇ ਚੱਲ ਰਹੀ ਗ਼ੈਰ-ਕਾਨੂੰਨੀ ਮਾਈਨਿੰਗ ਦਾ ਪਰਦਾਫ਼ਾਸ਼ ਕੀਤਾ ਹੈ। ਪੁਲਿਸ ਨੇ ਮੌਕੇ ਤੋਂ ਖੁਦਾਈ ਕਰ ਰਹੀਆਂ 3 ਪੋਕਲੇਨ ਮਸ਼ੀਨਾਂ, 2 ਭਰੇ ਹੋਏ ਟਿੱਪਰ ਅਤੇ ਗ਼ੈਰ-ਕਾਨੂੰਨੀ ਖਣਨ ਦਾ ਕੱਚਾ ਮਟੀਰੀਅਲ ਬਰਾਮਦ ਕੀਤਾ। ਚਾਰ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ, ਜਦਕਿ ਤਿੰਨੇ ਕਰੱਸ਼ਰ ਮਾਲਕ ਅਤੇ ਇੱਕ ਹੋਰ ਚਾਲਕ ਫ਼ਰਾਰ ਹੋਣ ਵਿੱਚ ਕਾਮਯਾਬ ਰਹੇ।

ਪਹਿਲੇ ਮਾਮਲੇ ਵਿੱਚ ਥਾਣਾ ਤਾਰਾਗੜ੍ਹ ਦੀ ਪੁਲਿਸ ਗਸ਼ਤ ‘ਤੇ ਸੀ, ਜਦੋਂ ਸੂਚਨਾ ਮਿਲੀ ਕਿ ਪਿੰਡ ਮੈਰਾ ਕਲਾਂ ਦੀ ਮਾਲੀਆ ਹੱਦ ਤੋਂ ਬਾਹਰ, ਝੁੰਬਰ-ਤਰਫ਼-ਨਰੋਟ ਖੇਤਰ ਵਿੱਚ ਸਥਿਤ ਗੁਰੂ ਜੀ ਸਟੋਨ ਕਰੱਸ਼ਰ ‘ਤੇ ਵੱਡੇ ਪੱਧਰ ‘ਤੇ ਗ਼ੈਰ-ਕਾਨੂੰਨੀ ਖਣਨ ਹੋ ਰਿਹਾ ਹੈ। ਪੁਲਿਸ ਨੇ ਮਾਈਨਿੰਗ ਵਿਭਾਗ ਦੇ ਜੇਈ ਵਰੁਣ ਕਾਟਲ ਅਤੇ ਜੇਈ ਲਵਪ੍ਰੀਤ ਸਿੰਘ ਨਾਲ ਮੌਕੇ ‘ਤੇ ਪਹੁੰਚ ਕੇ ਛਾਪਾ ਮਾਰਿਆ ਤੇ ਪੋਕਲੇਨ ਮਸ਼ੀਨ ਚਲਾ ਰਹੇ ਇੱਕ ਵਿਅਕਤੀ ਅਤੇ ਟਿੱਪਰਾਂ ਵਿੱਚ ਮਟੀਰੀਅਲ ਲੱਦ ਰਹੇ ਦੋ ਹੋਰਾਂ ਨੂੰ ਕਾਬੂ ਕੀਤਾ। ਇਨ੍ਹਾਂ ਦੀ ਪਛਾਣ ਪੋਕਲੇਨ ਚਾਲਕ ਵਿਕਰਮਜੀਤ (ਪਿੰਡ ਮਾਜਰਾ, ਜ਼ਿਲ੍ਹਾ ਕਾਂਗੜਾ, ਹਿਮਾਚਲ ਪ੍ਰਦੇਸ਼), ਟਿੱਪਰ ਚਾਲਕ ਅੰਜੀਤ ਕੁਮਾਰ (ਜ਼ਿਲ੍ਹਾ ਮੋਤੀਹਾਰੀ, ਬਿਹਾਰ) ਅਤੇ ਗੰਗਾ ਬਹਾਦਰ (ਜ਼ਿਲ੍ਹਾ ਉਦੈਪੁਰ, ਨੇਪਾਲ) ਵਜੋਂ ਹੋਈ। ਕਰੱਸ਼ਰ ਮਾਲਕ ਸਰਬਜੀਤ ਸਿੰਘ, ਵਾਸੀ ਦਤਿਆਲ, ਵਿਰੁੱਧ ਵੀ ਮਾਮਲਾ ਦਰਜ ਕੀਤਾ ਗਿਆ ਹੈ। ਮਾਈਨਿੰਗ ਵਿਭਾਗ ਦੀ ਟੀਮ ਨੇ ਖੁਦਾਈ ਵਾਲੇ ਖੇਤਰ ਦੀ ਪੈਮਾਇਸ਼ ਕਰ ਕੇ ਥਾਣਾ ਮੁਖੀ ਨੂੰ ਵਿਸ਼ੇਸ਼ ਰਿਪੋਰਟ ਸੌਂਪ ਦਿੱਤੀ ਹੈ।

ਦੂਜੇ ਮਾਮਲੇ ਵਿੱਚ ਥਾਣਾ ਤਾਰਾਗੜ੍ਹ ਦੇ ਏਐੱਸਆਈ ਨਿਰਮਲਜੀਤ ਸਿੰਘ ਦੀ ਟੀਮ ਬਕਨੌਰ ਰੇਲਵੇ ਫਾਟਕ ਨੇੜੇ ਗਸ਼ਤ ‘ਤੇ ਸੀ। ਸੂਚਨਾ ਮਿਲੀ ਕਿ ਪਾਰਸ ਕਰੱਸ਼ਰ ਦਾ ਮਾਲਕ ਕਿਸ਼ਨ ਓਬਰਾਏ ਅਤੇ ਸ਼ਿਵਾ ਕਰੱਸ਼ਰ ਦਾ ਮਾਲਕ ਗੌਰਵ ਜਾਇਜ਼ ਖਣਨ ਦੀ ਆੜ ਵਿੱਚ ਤੈਅ ਹੱਦ ਤੋਂ ਵੱਧ ਡੂੰਘੀ ਖੁਦਾਈ ਕਰਵਾ ਰਹੇ ਹਨ। ਪੁਲਿਸ ਨੇ ਪਹਿਲਾਂ ਪਾਰਸ ਕਰੱਸ਼ਰ ‘ਤੇ ਛਾਪਾ ਮਾਰ ਕੇ ਹੁੰਡਈ-215 ਪੋਕਲੇਨ ਮਸ਼ੀਨ ਦੇ ਚਾਲਕ ਜਤਿੰਦਰ ਕੁਮਾਰ ਉਰਫ਼ ਗਨੀ, ਵਾਸੀ ਪਿੰਡ ਮੱਲੀਆਂ, ਥਾਣਾ ਬਹਿਰਾਮਪੁਰ, ਜ਼ਿਲ੍ਹਾ ਗੁਰਦਾਸਪੁਰ, ਨੂੰ ਗ੍ਰਿਫ਼ਤਾਰ ਕੀਤਾ, ਜਦਕਿ ਮਾਲਕ ਕਿਸ਼ਨ ਓਬਰਾਏ, ਵਾਸੀ ਪਟੇਲ ਚੌਕ, ਫ਼ਰਾਰ ਮਿਲਿਆ। ਇਸ ਤੋਂ ਬਾਅਦ ਸ਼ਿਵਾ ਕਰੱਸ਼ਰ ‘ਤੇ ਕੋਬੇਲਕੋ ਪੋਕਲੇਨ ਮਸ਼ੀਨ ਖੁਦਾਈ ਕਰਦੀ ਮਿਲੀ, ਪਰ ਪੁਲਿਸ ਨੂੰ ਵੇਖਦਿਆਂ ਹੀ ਚਾਲਕ ਗੰਗਾ ਮਸ਼ੀਨ ਛੱਡ ਕੇ ਭੱਜ ਗਿਆ। ਇਸ ਕਰੱਸ਼ਰ ਦਾ ਮਾਲਕ ਗੌਰਵ, ਵਾਸੀ ਮੁਕੇਰੀਆਂ (ਜ਼ਿਲ੍ਹਾ ਹੁਸ਼ਿਆਰਪੁਰ), ਦੱਸਿਆ ਜਾ ਰਿਹਾ ਹੈ।

ਪੁਲਿਸ ਨੇ ਦੋਵੇਂ ਪੋਕਲੇਨ ਮਸ਼ੀਨਾਂ ਕਬਜ਼ੇ ਵਿੱਚ ਲੈ ਕੇ ਖਣਨ ਵਿਭਾਗ ਨੂੰ ਸੂਚਿਤ ਕੀਤਾ। ਵਿਭਾਗ ਦੇ ਕਾਰਜਕਾਰੀ ਅਧਿਕਾਰੀ ਜਸਪ੍ਰੀਤ ਗਰੇਵਾਲ ਅਨੁਸਾਰ ਵਿਭਾਗੀ ਟੀਮ ਮੌਕੇ ‘ਤੇ ਪਹੁੰਚ ਕੇ ਖੁਦਾਈ ਦੀ ਡੂੰਘਾਈ ਦੀ ਪੈਮਾਇਸ਼ ਕਰੇਗੀ। ਥਾਣਾ ਤਾਰਾਗੜ੍ਹ ਦੀ ਪੁਲਿਸ ਨੇ ਦੋਵਾਂ ਮਾਮਲਿਆਂ ਵਿੱਚ ਗ਼ੈਰ-ਕਾਨੂੰਨੀ ਖਣਨ ਤਹਿਤ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਫ਼ਰਾਰ ਮੁਲਜ਼ਮਾਂ ਦੀ ਭਾਲ ਜਾਰੀ ਹੈ।

Exit mobile version