ਬਠਿੰਡਾ ਐਮ ਪੀ ਨੇ ਮੁੱਖ ਮੰਤਰੀ ਮਾਨ ’ਤੇ ਕੀਤਾ ਜਵਾਬੀ ਹਮਲਾ, ਕਿਹਾ ਕਿ ’ਝੋਨਾ’ ਤੇ ’ਚੋਣਾਂ’ ਭੁੱਲ ਜਾਓ ਪੰਜਾਬੀਆਂ ਨੂੰ ਦੱਸੋ ਕਿ ਤੁਸੀਂ ਪੰਜਾਬ ਦੇ ਖ਼ਜ਼ਾਨੇ, ਨੌਕਰੀਆਂ, ਪ੍ਰੀਖਿਆਵਾਂ ਤੇ ਹਰ ਵਿਭਾਗ ਵਿਚ ਆਸਾਮੀਆਂ ਨੂੰ ਕਿੰਨਾ ’ਚੂਨਾ’ ਲਗਾਇਆ
ਗੁਰਦਾਸਪੁਰ ਵਿਚ ਔਰਤਾਂ ਨੂੰ ’ਖਬਰੀ’ ਦੇ ਖਿਲਾਫ ਜੰਗ ਛੇੜਨ ਅਤੇ ਮਾਵਾਂ ਧੀਆਂ ਦੀ ਫੌਜ ਦੇ ਹਿੱਸੇ ਵਜੋਂ ਗਲਤ ਕੰਮ ਕਰਨ ਵਾਲਿਆਂ ਦੀ ਸੂਚੀ ਬਣਾਉਣ ਦੀ ਕੀਤੀ ਅਪੀਲ
ਗੁਰਦਾਸਪੁਰ, ਸ੍ਰੀ ਹਰਗੋਬਿੰਦਪੁਰ, 12 ਨਵੰਬਰ 2026 (ਮੰਨਨ ਸੈਣੀ)। ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਬਠਿੰਡਾ ਦੇ ਐਮ ਪੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੁਣੌਤੀ ਦਿੱਤੀ ਕਿ ਉਹ ਦੱਸਣ ਕਿ ਪਿਛਲੇ ਪੰਜ ਸਾਲਾਂ ਵਿਚ ਉਹਨਾਂ ਨੇ ਨਸ਼ਾ ਤਸਕਰੀ ਦੇ ਕਿਹੜੇ ਸਰਗਨੇ ਗ੍ਰਿਫਤਾਰ ਕੀਤੇ ਹਨ ਅਤੇ ਉਹਨਾਂ ਨੇ ਮੁੱਖ ਮੰਤਰੀ ’ਤੇ ਪੰਜਾਬ ਵਿਚ ਨਸ਼ਿਆਂ ਦੇ ਪਸਾਰ ਲਈ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੋਣ ਦੇ ਦੋਸ਼ ਲਗਾਏ।
ਬਠਿੰਡਾ ਦੇ ਐਮ ਪੀ ਜਿਹਨਾਂ ਨੇ ਇਥੇ ਅਤੇ ਸ੍ਰੀ ਹਰਿਗੋਬਿੰਦਪੁਰ ਸਾਹਿਬ ਵਿਖੇ ਔਰਤਾਂ ਦੇ ਵਿਸ਼ਾਲ ਇਕੱਠਾਂ ਨੂੰ ਸੰਬੋਧਨ ਕੀਤਾ, ਨੇ ਮੁੱਖ ਮੰਤਰੀ ਨੂੰ ਇਹ ਵੀ ਆਖਿਆ ਕਿ ਉਹ ਪੰਜਾਬੀਆਂ ਨੂੰ ਦੱਸਣ ਕਿ ਉਹਨਾਂ ਨੇ ਹੁਣ ਤੱਕ ’ਚਿੱਟੇ’ ਦੀ ਕਿਹੜੀ ਫੈਕਟਰੀ ਦਾ ਭਾਂਡਾ ਭੰਨਿਆ ਹੈ। ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਵੱਡੇ ਨਸ਼ਾ ਤਸਕਰ ਤੇ ਉਹਨਾਂ ਦੀਆਂ ਫੈਕਟਰੀਆਂ ਨੂੰ ਹੁਣ ਤੱਕ ਕਿਸੇ ਨੇ ਛੋਹਿਆ ਵੀ ਨਹੀਂ ਤੇ ਇਹ ਪ੍ਰਤੱਖ ਸਬੂਤ ਹੈ ਕਿ ਤੁਹਾਡਾ ਇਸ ਬੁਰਾਈ ਨੂੰ ਨਕੇਲ ਪਾਉਣ ਦਾ ਕੋਈ ਇਰਾਦਾ ਨਹੀਂ ਤੇ ਤੁਸੀਂ ਇਸ ਵਪਾਰ ਨੂੰ ਆਪ ਉਤਸ਼ਾਹਿਤ ਕਰ ਰਹੇ ਹੋ।
ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਆਮ ਆਦਮੀ ਪਾਰਟੀ ਸਾਰੀ ਪੀੜੀ ਨੂੰ ਬਰਬਾਦ ਕਰ ਰਹੀ ਹੈ। ਉਹਨਾਂ ਇਹ ਵੀ ਦੱਸਿਆ ਕਿ ਆਪ ਸਰਕਾਰ ਦੇ ਰਾਜ ਵਿਚ ਨਸ਼ਿਆਂ ਕਾਰਨ ਮੌਤਾਂ 5 ਲੱਖ ਤੋਂ ਟੱਪ ਗਈਆਂ ਹਨ। ਉਹਨਾਂ ਕਿਹਾ ਕਿ ਜੇਕਰ ਅਸੀਂ ਇਕ ਪਿੰਡ ਵਿਚ ਨਸ਼ਿਆਂ ਕਾਰਨ ਪੰਜ ਮੌਤਾਂ ਵੀ ਗਿਣੀਏ ਤਾਂ ਪੰਜਾਬ ਦੇ 13 ਹਜ਼ਾਰ ਪਿੰਡਾਂ ਵਿਚ ਇਹ ਅੰਕੜਾ 3.25 ਲੱਖ ਬਣਦਾ ਹੈ। ਜੇਕਰ ਅਸੀਂ ਕਸਬਿਆਂ ਤੇ ਸ਼ਹਿਰਾਂ ਦੀ ਗਿਣਤੀ ਵੀ ਨਾਲ ਗਿਣੀਏ ਤਾਂ ਇਹ ਅੰਕੜਾ ਪੰਜ ਤੋਂ ਛੇ ਲੱਖ ਦਾ ਬਣਦਾ ਹੈ।

ਸਰਦਾਰਨੀ ਬਾਦਲ ਨੇ ਕਿਹਾ ਕਿ ਬਜਾਏ ਰੋਜ਼ਾਨਾ ਹੋ ਰਹੀਆਂ ਮੌਤਾਂ ਨੂੰ ਰੋਕਣ ਵਾਸਤੇ ਯਤਨ ਕਰਨ ਦੇ ਮੁੱਖ ਮੰਤਰੀ ਉਹਨਾਂ ਦੇ ਪੰਜਾਬ ਦੀਆਂ ਔਰਤਾਂ ਲਈ ਡਟਣ ਦਾ ਮਖੌਲ ਉਡਾ ਰਹੇ ਹਨ। ਉਹਨਾਂ ਕਿਹਾ ਕਿ ਭਗਵੰਤ ਮਾਨ ਇਹ ਦਾਅਵਾ ਕਰ ਕੇ ਸਸਤੀ ਸ਼ੋਹਰਤ ਹਾਸਲ ਕਰਨ ਦਾ ਯਤਨ ਕਰ ਰਹੇ ਹਨ ਕਿ ਉਹ ਨਹੀਂ ਜਾਣਦੇ ਕਿ ਝੋਨਾ ਤੇ ਚੋਣਾਂ ਵਿਚ ਵੀ ਫਰਕ ਹੈ ? ਉਹਨਾਂ ਕਿਹਾ ਕਿ ਮੈਂ ਉਹਨਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਮੈਂ ਝੋਨਾ ਤੇ ਚੋਣਾਂ ਦਾ ਫਰਕ ਹੀ ਨਹੀਂ ਜਾਣਦੀ ਬਲਕਿ ਪੰਜਾਬ ਦੇ ਖ਼ਜ਼ਾਨੇ ਅਤੇ ਪੀ ਸੀ ਐਸ ਮੇਨ ਪ੍ਰੀਖਿਆ ਵਿਚ ਬਾਹਰਲਿਆਂ ਦੀ ਚੋਣ ਨਾਲ ਮੈਰੀਟੋਰੀਅਸ ਵਿਦਿਆਰਥੀਆਂ ਨੂੰ ਲੱਗੇ ਚੂਨੇ ਤੋਂ ਵੀ ਜਾਣੂ ਹਨ।
ਉਹਨਾਂ ਨੇ ਆਪ ਸਰਕਾਰ ਵੱਲੋਂ ਨਸ਼ਿਆਂ ਕਾਰਨ ਹੋਈਆਂ ਮੌਤਾਂ ਦਾ ਅੰਕੜਾ ਛੁਪਾਉਣ ਵੀ ਨਿਖੇਧੀ ਕੀਤੀ ਤੇ ਕਿਹਾ ਕਿ ਆਪ ਸਰਕਾਰ ਨਸ਼ਿਆਂ ਕਾਰਨ ਹੋਈਆਂ ਮੌਤਾਂ ਦੇ ਅੰਕੜੇ ਵੱਖ-ਵੱਖ ਕਾਰਨਾਂ ਵਿਚ ਦਰਜ ਕਰਨ ’ਤੇ ਲੱਗੀ ਹੈ। ਉਹਨਾਂ ਕਿਹਾ ਕਿ ਸਰਕਾਰ ਦਲਜੀਤ ਸਿੰਘ ਭੰਮੇ ਕਲਾਂ ਵਰਗੇ ਮਾਮਲਿਆਂ ਵਿਚ ਲਾਸ਼ਾਂ ਵੀ ’ਅਗਵਾ’ ਕਰਨ ’ਤੇ ਲੱਗੀ ਹੈ ਅਤੇ ਜ਼ਬਰੀ ਉਸਨੇ ਬਟਾਲਾ ਦੇ ਬਿਕਰਮਜੀਤ ਸਿੰਘ ਜਿਸਦੀ ਨਸ਼ਿਆਂ ਮੌਤ ਹੋਈ ਦਾ ਅੰਤਿਮ ਸਸਕਾਰ ਵੀ ਕੀਤਾ ਹੈ।
ਉਹਨਾਂ ਕਿਹਾ ਕਿ ਪੰਜਾਬ ਦੀਆਂ ਔਰਤਾਂ ਹਾਲਾਤ ਦੀ ਗੰਭੀਰਤਾ ਨੂੰ ਸਮਝਦੀਆਂ ਹਨ। ਉਹਨਾਂ ਕਿਹਾ ਕਿ ਔਰਤਾਂ ਨੇ ਆ ਕੇ ਉਹਨਾਂ ਨੂੰ ਇਹ ਬੇਨਤੀ ਕੀਤੀ ਹੈ ਕਿ ਉਹਨਾਂ ਦੇ ਬੱਚਿਆਂ ਨੂੰ ਨਸ਼ਿਆਂ ਦੇ ਕੋਹੜ ਤੋਂ ਬਚਾਓ। ਉਹਨਾਂ ਕਿਹਾ ਕਿ ਔਰਤਾਂ ਇਸ ਤੋਂ ਵੱਧ ਕੁਝ ਨਹੀਂ ਚਾਹੁੰਦੀਆਂ। ਉਹਨਾਂ ਕਿਹਾ ਕਿ ਇਸੇ ਕਾਰਨ ਅਸੀਂ ਨਸ਼ਾ ਮਾਫੀਆ ਨਾਲ ਨਜਿੱਠਣ ਵਾਸਤੇ ਮਾਈ ਭਾਗੋ ਦੀ ਫੌਜ ਬਣਾਈ ਹੈ। ਉਹਨਾਂ ਕਿਹਾ ਕਿ ਇਹ ਜਾਣ ਕਿ ਉਹਨਾਂ ਨੂੰ ਸੁਕੂਨ ਮਿਲਿਆ ਹੈ ਕਿ ਔਰਤਾਂ ਸੰਗਠਿਤ ਹੋ ਰਹੀਆਂ ਹਨ ਤੇ ਉਹਨਾਂ ਨੇ ਪਿੰਡਾਂ ਵਿਚ ਜੱਥੇ ਬਣਾ ਲਏ ਹਨ।
ਉਹਨਾਂ ਕਿਹਾ ਕਿ ਇਕ ਵਾਰ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਮਹਿਲਾ ਡੀ ਜੀ ਪੀ ਦੀ ਅਗਵਾਈ ਹੇਠ ਵਿਸ਼ੇਸ਼ ਟਾਸਕ ਫੋਰਸ ਗਠਿਤ ਕੀਤੀ ਜਾਵੇਗੀ ਜੋ ਨਸ਼ਾ ਮਾਫੀਆ ਨਾਲ ਨਜਿੱਠੇਗੀ।
ਉਹਨਾਂ ਨੇ ਮਾਈ ਭਾਗੋ ਦੀ ਫੌਜ ਦੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਾ ਵੇਚਣ ਵਾਲਿਆਂ ਤੇ ਉਹਨਾਂ ਦੀ ਪੁਸ਼ਤ ਪਨਾਹੀ ਕਰਨ ਵਾਲਿਆਂ ਦੀ ਸੂਚੀ ਤਿਆਰ ਰੱਖਣ ਕਿਉਂਕਿ ਇਹਨਾਂ ਦੇ ਖਿਲਾਫ ਹੀ ਵਿਸ਼ੇਸ਼ ਟਾਸਕ ਫੋਰਸ ਕਾਰਵਾਈ ਕਰੇਗੀ।
ਸਰਦਾਰਨੀ ਬਾਦਲ ਨੇ ਇਹ ਵੀ ਦੱਸਿਆ ਕਿ ਨਸ਼ਾ ਪੀੜਤਾਂ ਵਾਸਤੇ ਮੁੜ ਵਸੇਬਾ ਪ੍ਰੋਗਰਾਮ ਚਲਾਇਆ ਜਾਵੇਗਾ ਅਤੇ ਉਹਨਾਂ ਨੂੰ ਨਵੀਂ ਸ਼ੁਰੂਆਤ ਵਾਸਤੇ ਹੁਨਰ ਸਿੱਖਲਾਈ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਨਵਾਂ ਕਾਨੂੰਨ ਬਣਾ ਕੇ ਨਸ਼ਾ ਤਸਕਰਾਂ ਨੂੰ 10 ਸਾਲਾਂ ਤੱਕ ਜ਼ਮਾਨਤ ਨਾ ਮਿਲਣੀ ਯਕੀਨੀ ਬਣਾਈ ਜਾਵੇਗੀ ਤੇ ਉਹਨਾਂ ਦੀ ਜਾਇਦਾਦ ਜ਼ਬਤ ਕਰ ਕੇ ਪੀੜਤਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ।
ਇਸ ਮੌਕੇ ਸੀਨੀਅਰ ਆਗੂ ਗੁਰਬਚਨ ਸਿੰਘ ਬੱਬੇਹਾਲੀ, ਸਰਦਾਰਨੀ ਗੁਰਨਾਮ ਕੌਰ ਬੱਬੇਹਾਲੀ, ਬਲਵਿੰਦਰ ਕੌਰ ਤੱਤਲੇ ਹਲਕਾ ਪ੍ਰਧਾਨ, ਸਮਿਕਸ਼ਨ ਸੈਣੀ, ਸਾਬਕਾ ਕੌਂਸਲਰ ਜਸਬੀਰ ਕੌਰ, ਹਰਜਿੰਦਰ ਕੌਰ ਮੈਂਬਰ ਪੰਚਾਇਤ, ਪਵਨਦੀਪ ਕੌਰ ਮੈਂਬਰ ਪੰਚਾਇਤ, ਪ੍ਰਿਤਪਾਲ ਕੌਰ ਮੈਂਬਰ ਪੰਚਾਇਤ, ਰਿੰਪੀ ਮੈਂਬਰ ਪੰਚਾਇਤ, ਸੁਨੀਤਾ ਕੁਮਾਰੀ, ਮੈਂਬਰ ਪੰਚਾਇਤ ਸੁਦੇਸ਼ ਕੁਮਾਰੀ, ਆਦਿ ਗੁਰਦਾਸਪੁਰ ਹਾਜਿਰ ਸਨ। ਜਦਕਿ ਸੁਖਵਿੰਦਰ ਕੌਰ ਹਲਕਾ ਪ੍ਰਧਾਨ ਇਸਤਰੀ ਅਕਾਲੀ ਦਲ ਹਰਗੋਬਿੰਦਪੁਰ, ਕੁਲਦੀਪ ਕੌਰ ਉਹਦੇਵਾਲ, ਜਸਵਿੰਦਰ ਕੌਰ ਪੱਟੀਵਾਲ, ਹਰਜਿੰਦਰ ਕੌਰ ਮੰਡਿਆਲਾ, ਰੁਪਿੰਦਰ ਕੌਰ ਮਚਰਾਵਾਂ, ਕੁਲਦੀਪ ਕੌਰ ਭੂਮਾ, ਮਨਜੀਤ ਕੌਰ ਜਿੰਦੜ, ਪ੍ਰਕਾਸ਼ ਕੌਰ ਕੋਟਲਾ ਸੂਬਾ ਸਿੰਘ ਅਤੇ ਹਰਭਜਨ ਕੌਰ ਤੁਗਲਵਾਲ ਸ਼੍ਰੀ ਹਰਗੋਬਿੰਦਪੁਰ ਹਾਜ਼ਰ ਸਨ।