ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ (ਅਸ਼ੋਕ ਚੱਕਰ) ਸਰਕਾਰੀ ਕਾਲਜ, ਗੁਰਦਾਸਪੁਰ ਦੇ ਐਨ.ਸੀ.ਸੀ. ਕੈਡਿਟ ਦੀ ਅੰਤਰਰਾਸ਼ਟਰੀ ਉਡਾਣ

ਕੈਡਿਟ ਸਜੀਤ ਸ਼ਰਮਾ, ਭੂਟਾਨ ਵਿਖੇ 119ਵੇਂ ਕੌਮੀ ਦਿਵਸ ਸਮਾਰੋਹ ਵਿੱਚ ਭਾਰਤੀ ਐਨ.ਸੀ.ਸੀ. ਵਫ਼ਦ ਦਾ ਬਣਨਗੇ ਹਿੱਸਾ

ਗੁਰਦਾਸਪੁਰ, 12 ਨਵੰਬਰ 2026 (ਮੰਨਨ ਸੈਣੀ)। ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ (ਅਸ਼ੋਕ ਚੱਕਰ) ਸਰਕਾਰੀ ਕਾਲਜ, ਗੁਰਦਾਸਪੁਰ ਲਈ ਇਹ ਬੇਹੱਦ ਮਾਣ ਅਤੇ ਖੁਸ਼ੀ ਦੀ ਗੱਲ ਹੈ ਕਿ ਕਾਲਜ ਦੇ ਐਨ.ਸੀ.ਸੀ. ਕੈਡਿਟ ਸਜੀਤ ਸ਼ਰਮਾ ਦੀ ਚੋਣ ਭਾਰਤ ਦੀ ਐਨ.ਸੀ.ਸੀ. ਟੁਕੜੀ ਦੇ ਉਸ ਵਫ਼ਦ ਵਿੱਚ ਹੋਈ ਹੈ, ਜੋ ਯੂਥ ਐਕਸਚੇਂਜ ਪ੍ਰੋਗਰਾਮ (Youth Exchange Programme – YEP) 2026-27 ਤਹਿਤ ਭੂਟਾਨ ਦਾ ਦੌਰਾ ਕਰੇਗਾ।

ਡਾਇਰੈਕਟੋਰੇਟ ਜਨਰਲ ਐਨ.ਸੀ.ਸੀ., ਰੱਖਿਆ ਮੰਤਰਾਲਾ, ਭਾਰਤ ਸਰਕਾਰ ਵੱਲੋਂ 5 ਨਵੰਬਰ 2026 ਨੂੰ ਜਾਰੀ ਪੱਤਰ ਅਨੁਸਾਰ ਕੈਡਿਟ ਸਜੀਤ ਸ਼ਰਮਾ ਨੂੰ ਭੂਟਾਨ ਜਾਣ ਵਾਲੇ 12 ਚੁਣੇ ਹੋਏ ਐਨ.ਸੀ.ਸੀ. ਕੈਡਿਟਾਂ ਵਿੱਚ ਸ਼ਾਮਲ ਕੀਤਾ ਗਿਆ ਹੈ। ਇਹ ਕੈਡਿਟ ਪੰਜਾਬ, ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਚੰਡੀਗੜ੍ਹ ਡਾਇਰੈਕਟੋਰੇਟ (PHHP&C) ਦੀ ਪ੍ਰਤੀਨਿਧਤਾ ਕਰਨਗੇ।

ਇਹ ਵਫ਼ਦ 12 ਤੋਂ 18 ਦਸੰਬਰ 2026 ਤੱਕ ਭੂਟਾਨ ਦਾ ਦੌਰਾ ਕਰੇਗਾ ਅਤੇ ਉੱਥੇ ਹੋਣ ਵਾਲੇ 119ਵੇਂ ਕੌਮੀ ਦਿਵਸ ਸਮਾਰੋਹ ਵਿੱਚ ਸ਼ਮੂਲੀਅਤ ਕਰੇਗਾ। ਇਸ ਵਫ਼ਦ ਵਿੱਚ ਦੋ ਅਧਿਕਾਰੀਆਂ ਤੋਂ ਇਲਾਵਾ ਦੇਸ਼ ਦੇ ਵੱਖ-ਵੱਖ ਐਨ.ਸੀ.ਸੀ. ਡਾਇਰੈਕਟੋਰੇਟਾਂ ਨਾਲ ਸਬੰਧਤ 12 ਕੈਡਿਟ ਸ਼ਾਮਲ ਹੋਣਗੇ।

ਕਾਲਜ ਦੇ ਪ੍ਰਿੰਸੀਪਲ ਡਾ. ਅਸ਼ਵਨੀ ਕੁਮਾਰ ਭੱਲਾ ਨੇ ਇਸ ਪ੍ਰਾਪਤੀ ‘ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਚੋਣ ਵਿਦਿਆਰਥੀ ਦੀ ਮਿਹਨਤ, ਅਨੁਸ਼ਾਸਨ, ਸਮਰਪਣ ਅਤੇ ਐਨ.ਸੀ.ਸੀ. ਦੀਆਂ ਗਤੀਵਿਧੀਆਂ ਵਿੱਚ ਸਰਗਰਮ ਭਾਗੀਦਾਰੀ ਦਾ ਪ੍ਰਤੀਕ ਹੈ। ਅੰਤਰਰਾਸ਼ਟਰੀ ਪੱਧਰ ਦੇ ਇਸ ਯੂਥ ਐਕਸਚੇਂਜ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰਨਾ ਵਿਦਿਆਰਥੀ ਲਈ ਨਾ ਸਿਰਫ਼ ਨਿੱਜੀ ਪ੍ਰਾਪਤੀ ਹੈ, ਸਗੋਂ ਇਹ ਸਮੁੱਚੇ ਕਾਲਜ ਅਤੇ ਗੁਰਦਾਸਪੁਰ ਜ਼ਿਲ੍ਹੇ ਲਈ ਵੀ ਮਾਣ ਵਾਲੀ ਗੱਲ ਹੈ।

ਉਨ੍ਹਾਂ ਕੈਡਿਟ ਸਜੀਤ ਸ਼ਰਮਾ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੰਦਿਆਂ ਉਸ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ ਅਤੇ ਕਾਲਜ ਦੇ ਐਨ.ਸੀ.ਸੀ. ਵਿੰਗ ਦੇ ਯਤਨਾਂ ਦੀ ਸ਼ਲਾਘਾ ਕੀਤੀ।

Exit mobile version