ਲੋਕਾਂ ਨੂੰ ਘਰਾਂ ਦੇ ਮਾਲਕੀ ਹੱਕ ਦੇਣਾ ਪੰਜਾਬ ਸਰਕਾਰ ਦਾ ਸ਼ਲਾਘਾਯੋਗ ਉਪਰਾਲਾ, ਲੰਮੇ ਸਮੇਂ ਤੋਂ ਚੱਲ ਰਹੀ ਸਮੱਸਿਆ ਦਾ ਹੋ ਰਿਹਾ ਹੱਲ
ਗੁਰਦਾਸਪੁਰ, 6 ਨਵੰਬਰ 2026 (ਮੰਨਨ ਸੈਣੀ)– ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਹਲਕਾ ਇੰਚਾਰਜ ਰਮਨ ਬਹਿਲ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ‘ਮੇਰਾ ਘਰ ਮੇਰੇ ਨਾਮ’ ਯੋਜਨਾ ਤਹਿਤ ਪਿੰਡ ਜਾਫਰਪੁਰ ਅਤੇ ਪਿੰਡ ਸ਼ੇਰਪੁਰ ਵਿਖੇ ਪ੍ਰਾਪਰਟੀ ਕਾਰਡ ਵੰਡ ਸਮਾਰੋਹ ਕਰਵਾਏ ਗਏ। ਇਨ੍ਹਾਂ ਸਮਾਗਮਾਂ ਦੌਰਾਨ ਦੋਵਾਂ ਪਿੰਡਾਂ ਦੇ ਕੁੱਲ 219 ਪਰਿਵਾਰਾਂ ਨੂੰ ਉਨ੍ਹਾਂ ਦੇ ਘਰਾਂ ਦੇ ਮਾਲਕੀ ਹੱਕ ਸਬੰਧੀ ਪ੍ਰਾਪਰਟੀ ਕਾਰਡ ਵੰਡੇ ਗਏ। ਪਿੰਡ ਜਾਫਰਪੁਰ ਵਿਖੇ 114 ਘਰਾਂ ਅਤੇ ਪਿੰਡ ਸ਼ੇਰਪੁਰ ਵਿਖੇ 105 ਘਰਾਂ ਦੇ ਲਾਭਪਾਤਰੀਆਂ ਨੂੰ ਇਹ ਕਾਰਡ ਦਿੱਤੇ ਗਏ।
ਇਸ ਮੌਕੇ ਰਮਨ ਬਹਿਲ ਨੇ ਕਿਹਾ ਕਿ ‘ਮੇਰਾ ਘਰ ਮੇਰੇ ਨਾਮ’ ਯੋਜਨਾ ਪੰਜਾਬ ਸਰਕਾਰ ਦਾ ਇੱਕ ਮਹੱਤਵਪੂਰਨ ਲੋਕ-ਪੱਖੀ ਉਪਰਾਲਾ ਹੈ, ਜਿਸ ਦਾ ਮਕਸਦ ਲਾਲ ਲਕੀਰ ਦੇ ਅੰਦਰ ਰਹਿ ਰਹੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦਾ ਕਾਨੂੰਨੀ ਮਾਲਕੀ ਹੱਕ ਦਿਵਾਉਣਾ ਹੈ। ਉਨ੍ਹਾਂ ਕਿਹਾ ਕਿ ਕਈ ਪਰਿਵਾਰ ਪੀੜ੍ਹੀਆਂ ਤੋਂ ਆਪਣੇ ਘਰਾਂ ਵਿੱਚ ਰਹਿ ਰਹੇ ਸਨ, ਪਰ ਉਨ੍ਹਾਂ ਕੋਲ ਘਰ ਦੀ ਮਾਲਕੀ ਸਬੰਧੀ ਕੋਈ ਪੱਕਾ ਦਸਤਾਵੇਜ਼ ਨਹੀਂ ਸੀ। ਹੁਣ ਪ੍ਰਾਪਰਟੀ ਕਾਰਡ ਮਿਲਣ ਨਾਲ ਇਨ੍ਹਾਂ ਪਰਿਵਾਰਾਂ ਨੂੰ ਆਪਣੇ ਘਰਾਂ ਦੀ ਮਾਲਕੀ ਦਾ ਅਧਿਕਾਰ ਮਿਲ ਰਿਹਾ ਹੈ ਅਤੇ ਉਹ ਆਪਣੇ ਆਪ ਨੂੰ ਵਧੇਰੇ ਸੁਰੱਖਿਅਤ ਮਹਿਸੂਸ ਕਰਨਗੇ।
ਉਨ੍ਹਾਂ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਦੀਆਂ ਬੁਨਿਆਦੀ ਸਮੱਸਿਆਵਾਂ ਦੇ ਹੱਲ ਅਤੇ ਆਮ ਲੋਕਾਂ ਨੂੰ ਉਨ੍ਹਾਂ ਦੇ ਹੱਕ ਦਿਵਾਉਣ ਲਈ ਲਗਾਤਾਰ ਯਤਨਸ਼ੀਲ ਹੈ। ਸਰਕਾਰ ਦੀਆਂ ਲੋਕ-ਪੱਖੀ ਯੋਜਨਾਵਾਂ ਦਾ ਲਾਭ ਪਿੰਡ-ਪਿੰਡ ਅਤੇ ਘਰ-ਘਰ ਤੱਕ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਇਸ ਉਪਰਾਲੇ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਲੋਕਾਂ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ ’ਤੇ ਹੱਲ ਕਰਵਾਇਆ ਜਾਵੇਗਾ।
ਪਿੰਡ ਜਾਫਰਪੁਰ ਵਿਖੇ ਹੋਏ ਸਮਾਗਮ ਦੌਰਾਨ ਪਟਵਾਰੀ ਤੇਜਿੰਦਰ ਸਿੰਘ, ਸਰਪੰਚ ਅਸ਼ੋਕ ਕੁਮਾਰ, ਬਲਾਕ ਸੰਮਤੀ ਮੈਂਬਰ ਯਸ਼ਪਾਲ ਸਿੰਘ ਬਿੱਟੂ, ਸੰਗਠਨ ਇੰਚਾਰਜ ਭਾਰਤ ਭੂਸ਼ਣ ਸ਼ਰਮਾ, ਸਪੋਰਟ ਵੈਲਫੇਅਰ ਬੋਰਡ ਦੇ ਸਵਿੰਦਰ ਸਿੰਘ ਲੰਬੜ ਅਤੇ ਯੂਥ ਆਗੂ ਦਵਿੰਦਰ ਸਿੰਘ ਤੇ ਲਾਡੀ ਸਿੰਘ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
ਇਸੇ ਤਰ੍ਹਾਂ ਪਿੰਡ ਸ਼ੇਰਪੁਰ ਵਿਖੇ ਹੋਏ ਸਮਾਗਮ ਦੌਰਾਨ ਪਟਵਾਰੀ ਤੇਜਿੰਦਰ ਸਿੰਘ, ਸਰਪੰਚ ਕਮਲਜੀਤ (ਮੰਗਾਂ), ਬਲਾਕ ਸੰਮਤੀ ਮੈਂਬਰ ਯਸ਼ਪਾਲ ਸਿੰਘ ਬਿੱਟੂ, ਸੰਗਠਨ ਇੰਚਾਰਜ ਭਾਰਤ ਭੂਸ਼ਣ ਸ਼ਰਮਾ, ਸਪੋਰਟ ਵੈਲਫੇਅਰ ਬੋਰਡ ਦੇ ਸਵਿੰਦਰ ਸਿੰਘ ਲੰਬੜ ਅਤੇ ਯੂਥ ਆਗੂ ਦਵਿੰਦਰ ਸਿੰਘ ਤੇ ਲਾਡੀ ਸਿੰਘ ਸਮੇਤ ਪਿੰਡ ਵਾਸੀ ਮੌਜੂਦ ਸਨ।
ਆਖਰ ਵਿੱਚ ਰਮਨ ਬਹਿਲ ਨੇ ਕਿਹਾ ਕਿ ਲੋਕਾਂ ਨੂੰ ਉਨ੍ਹਾਂ ਦੇ ਹੱਕ ਦਿਵਾਉਣਾ ਅਤੇ ਪਿੰਡਾਂ ਦਾ ਸਰਬਪੱਖੀ ਵਿਕਾਸ ਕਰਵਾਉਣਾ ਉਨ੍ਹਾਂ ਦੀ ਮੁੱਖ ਤਰਜੀਹ ਹੈ। ਉਹ ਹਮੇਸ਼ਾ ਲੋਕਾਂ ਵਿੱਚ ਰਹਿ ਕੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣਨ ਅਤੇ ਹੱਲ ਕਰਵਾਉਣ ਲਈ ਵਚਨਬੱਧ ਹਨ।
