ਤਿੰਨ ਪੀੜ੍ਹੀਆਂ ਤੋਂ ਦੁਕਾਨਾਂ ਚਲਾ ਰਹੇ ਵਪਾਰੀਆਂ ਨੂੰ ‘ਆਪ’ ਸਰਕਾਰ ਦਾ ਦੀਵਾਲੀ ਤੋਹਫ਼ਾ, ਰਮਨ ਬਹਿਲ ਨੇ 50 ਦੁਕਾਨਦਾਰਾਂ ਨੂੰ ਵੰਡੇ ਫਾਰਮ

‘ਮੇਰੀ ਦੁਕਾਨ ਮੇਰੇ ਨਾਮ’ ਯੋਜਨਾ ਤਹਿਤ ਨਗਰ ਕੌਂਸਲ ਦੀਆਂ ਦੁਕਾਨਾਂ ਦੀ ਮਾਲਕੀ ਦੇਣ ਦੀ ਪ੍ਰਕਿਰਿਆ ਸ਼ੁਰੂ; ਰਮਨ ਬਹਿਲ ਨੇ ਮੌਕੇ ‘ਤੇ ਹੀ ਡੀ.ਸੀ. ਅਤੇ ਐਸ.ਡੀ.ਐਮ. ਨਾਲ ਗੱਲ ਕਰਕੇ ਕਾਰਵਾਈ ਤੇਜ਼ ਕਰਨ ਲਈ ਕਿਹਾ।

ਗੁਰਦਾਸਪੁਰ, 5 ਨਵੰਬਰ 2026 (ਮੰਨਨ ਸੈਣੀ)। ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਮੇਰੀ ਦੁਕਾਨ ਮੇਰੇ ਨਾਮ’ ਯੋਜਨਾ ਤਹਿਤ ਗੁਰਦਾਸਪੁਰ ਦੇ ਉਨ੍ਹਾਂ ਵਪਾਰੀਆਂ ਲਈ ਮਾਲਕੀ ਹਾਸਲ ਕਰਨ ਦਾ ਰਾਹ ਖੁੱਲ੍ਹ ਗਿਆ ਹੈ, ਜੋ ਤਿੰਨ ਪੀੜ੍ਹੀਆਂ ਤੋਂ ਨਗਰ ਕੌਂਸਲ ਦੀਆਂ ਦੁਕਾਨਾਂ ਵਿੱਚ ਆਪਣਾ ਕਾਰੋਬਾਰ ਕਰ ਰਹੇ ਹਨ। ਦੀਵਾਲੀ ਤੋਂ ਪਹਿਲਾਂ ਸਰਕਾਰ ਦੀ ਇਸ ਯੋਜਨਾ ਦਾ ਲਾਭ ਦੁਕਾਨਦਾਰਾਂ ਤੱਕ ਪਹੁੰਚਾਉਣ ਲਈ ਆਮ ਆਦਮੀ ਪਾਰਟੀ ਦੇ ਗੁਰਦਾਸਪੁਰ ਹਲਕਾ ਇੰਚਾਰਜ ਰਮਨ ਬਹਿਲ ਨੇ 50 ਦੁਕਾਨਦਾਰਾਂ ਨੂੰ ਯੋਜਨਾ ਤਹਿਤ ਫਾਰਮ ਵੰਡੇ ਅਤੇ ਉਨ੍ਹਾਂ ਦੀਆਂ ਦੁਕਾਨਾਂ ਦੀ ਮਾਲਕੀ ਆਪਣੇ ਨਾਮ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕਰਵਾਈ।

ਇਸ ਮੌਕੇ ਰਮਨ ਬਹਿਲ ਨੇ ਸਿਰਫ਼ ਫਾਰਮ ਵੰਡਣ ਦੀ ਰਸਮ ਪੂਰੀ ਨਹੀਂ ਕੀਤੀ, ਸਗੋਂ ਦੁਕਾਨਦਾਰਾਂ ਦੇ ਕੰਮ ਨੂੰ ਅੱਗੇ ਵਧਾਉਣ ਲਈ ਮੌਕੇ ‘ਤੇ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਐਸ.ਡੀ.ਐਮ. ਨਾਲ ਫੋਨ ‘ਤੇ ਗੱਲਬਾਤ ਕਰਦਿਆਂ ਯੋਗ ਦੁਕਾਨਦਾਰਾਂ ਦੀਆਂ ਅਰਜ਼ੀਆਂ ਸਬੰਧੀ ਕਾਰਵਾਈ ਤੇਜ਼ ਕਰਨ ਅਤੇ ਮਾਲਕੀ ਤਬਦੀਲੀ ਦੀ ਪ੍ਰਕਿਰਿਆ ਜਲਦੀ ਪੂਰੀ ਕਰਨ ਲਈ ਕਿਹਾ। ਉਨ੍ਹਾਂ ਦਾ ਕਹਿਣਾ ਸੀ ਕਿ ਸਰਕਾਰ ਵੱਲੋਂ ਲੋਕਾਂ ਦੀ ਭਲਾਈ ਲਈ ਸ਼ੁਰੂ ਕੀਤੀਆਂ ਯੋਜਨਾਵਾਂ ਦਾ ਲਾਭ ਯੋਗ ਲਾਭਪਾਤਰੀਆਂ ਤੱਕ ਪਹੁੰਚਣਾ ਚਾਹੀਦਾ ਹੈ ਅਤੇ ਇਸ ਵਿੱਚ ਬੇਲੋੜੀ ਦੇਰੀ ਨਹੀਂ ਹੋਣੀ ਚਾਹੀਦੀ।

ਜ਼ਿਕਰਯੋਗ ਹੈ ਕਿ ਇਹ ਦੁਕਾਨਾਂ ਨਗਰ ਕੌਂਸਲ ਦੀ ਮਾਲਕੀ ਵਾਲੀਆਂ ਹਨ ਅਤੇ ਕਈ ਪਰਿਵਾਰ ਪੀੜ੍ਹੀਆਂ ਤੋਂ ਇਨ੍ਹਾਂ ਵਿੱਚ ਆਪਣਾ ਕਾਰੋਬਾਰ ਚਲਾ ਰਹੇ ਹਨ। ਲੰਬੇ ਸਮੇਂ ਤੋਂ ਦੁਕਾਨਾਂ ਦੀ ਮਾਲਕੀ ਆਪਣੇ ਨਾਮ ਹੋਣ ਦੀ ਉਡੀਕ ਕਰ ਰਹੇ ਇਨ੍ਹਾਂ ਵਪਾਰੀਆਂ ਲਈ ਪੰਜਾਬ ਸਰਕਾਰ ਦੀ ਇਹ ਯੋਜਨਾ ਮਹੱਤਵਪੂਰਨ ਸਾਬਤ ਹੋ ਸਕਦੀ ਹੈ। ਫਾਰਮ ਪ੍ਰਾਪਤ ਕਰਨ ਵਾਲਿਆਂ ਵਿੱਚ ਤ੍ਰਿਵੇਣੀ ਸਵੀਟਸ, ਆਜ਼ਾਦ ਹੇਅਰ ਡਰੈਸਰ ਅਤੇ ਮੱਛੀ ਮਾਰਕੀਟ ਦੇ ਦੁਕਾਨਦਾਰ ਸਹਿਤ ਕੁਲ 50 ਦੁਕਾਨਦਾਰ ਸ਼ਾਮਲ ਸਨ। ਮਾਲਕੀ ਹਾਸਲ ਕਰਨ ਦੀ ਪ੍ਰਕਿਰਿਆ ਸ਼ੁਰੂ ਹੋਣ ‘ਤੇ ਦੁਕਾਨਦਾਰਾਂ ਨੇ ਖੁਸ਼ੀ ਪ੍ਰਗਟ ਕਰਦਿਆਂ ਪੰਜਾਬ ਸਰਕਾਰ ਅਤੇ ਰਮਨ ਬਹਿਲ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।

ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ 8 ਅਕਤੂਬਰ 2026 ਨੂੰ ‘ਮੇਰੀ ਦੁਕਾਨ ਮੇਰੇ ਨਾਮ’ ਯੋਜਨਾ ਸ਼ੁਰੂ ਕੀਤੀ ਗਈ ਸੀ। ਇਸ ਯੋਜਨਾ ਤਹਿਤ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਦੁਕਾਨਾਂ ਕਿਰਾਏ ਜਾਂ ਲੀਜ਼ ‘ਤੇ ਲੈ ਕੇ ਕਾਰੋਬਾਰ ਕਰ ਰਹੇ ਯੋਗ ਦੁਕਾਨਦਾਰਾਂ ਨੂੰ ਰਿਆਇਤੀ ਦਰਾਂ ‘ਤੇ ਮਾਲਕੀ ਹੱਕ ਦੇਣ ਦੀ ਵਿਵਸਥਾ ਕੀਤੀ ਗਈ ਹੈ। ਇਸ ਲਈ ਦੁਕਾਨਦਾਰਾਂ ਨੂੰ 1 ਅਪ੍ਰੈਲ 2020 ਤੋਂ ਪਹਿਲਾਂ ਘੱਟੋ-ਘੱਟ 12 ਸਾਲ ਦੇ ਜਾਇਜ਼ ਕਬਜ਼ੇ ਅਤੇ ਹੋਰ ਨਿਰਧਾਰਤ ਸ਼ਰਤਾਂ ਨੂੰ ਪੂਰਾ ਕਰਨ ਦਾ ਸਬੂਤ ਦੇਣਾ ਹੋਵੇਗਾ। ਮਾਲਕੀ ਲਈ ਅਦਾ ਕੀਤੀ ਜਾਣ ਵਾਲੀ ਰਕਮ ਅਰਜ਼ੀਕਾਰ ਦੀ ਸਾਲਾਨਾ ਆਮਦਨ ਅਤੇ ਸਬੰਧਤ ਇਲਾਕੇ ਦੇ ਕੁਲੈਕਟਰ ਰੇਟ ਦੇ ਆਧਾਰ ‘ਤੇ ਤੈਅ ਕੀਤੀ ਜਾਵੇਗੀ।

ਇਸ ਮੌਕੇ ਟ੍ਰੇਡ ਵਿੰਗ ਦੇ ਚੇਅਰਮੈਨ ਰਜਿੰਦਰ ਨੰਦਾ, ਨੀਰਜ ਸਲਹੋਤਰਾ, ਗਗਨ ਮਹਾਜਨ, ਅਸ਼ੋਕ, ਇੰਪਰੂਵਮੈਂਟ ਟਰੱਸਟ ਦੇ ਟਰੱਸਟੀ ਹਿਤੇਸ਼ ਮਹਾਜਨ, ਰਘੂਬੀਰ ਖਾਲਸਾ, ਨਿੱਕੂ ਸਮੇਤ ਹੋਰ ਪਤਵੰਤੇ ਹਾਜ਼ਰ ਸਨ।

Exit mobile version