ਗੁਰਦਾਸਪੁਰ ‘ਚ ਗੈਰ-ਅਧਿਕਾਰਤ ਪਟਾਕੇ ਬਣਾਉਣ, ਸਟੋਰ ਕਰਨ ਤੇ ਵੇਚਣ ‘ਤੇ ਪੂਰਨ ਪਾਬੰਦੀ, ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਹੁਕਮ ਜਾਰੀ

ਗੁਰਦਾਸਪੁਰ, 3 ਨਵੰਬਰ 2026 (ਮੰਨਨ ਸੈਣੀ)। ਵਧੀਕ ਜ਼ਿਲ੍ਹਾ ਮੈਜਿਸਟਰੇਟ ਗੁਰਸਿਮਰਨ ਸਿੰਘ ਢਿੱਲੋਂ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 (46 ਆਫ਼ 2023) ਦੇ ਚੈਪਟਰ XI (ਸੀ – ਉਪਦਰਵ ਜਾਂ ਖ਼ਤਰੇ ਦੇ ਸ਼ੱਕ ਵਾਲੇ ਫ਼ੌਰੀ ਮਾਮਲੇ) ਦੀ ਧਾਰਾ 163 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਗੁਰਦਾਸਪੁਰ ਦੇ ਆਮ ਬਜ਼ਾਰਾਂ ਵਿੱਚ ਉੱਚੀ ਆਵਾਜ਼ ਵਾਲੇ ਪਟਾਕੇ, ਆਤਿਸ਼ਬਾਜ਼ੀ ਆਦਿ ਨੂੰ (ਅਣ-ਅਧਿਕਾਰਤ ਤੌਰ ‘ਤੇ) ਬਣਾਉਣ, ਸਟੋਰ ਕਰਨ, ਖ਼ਰੀਦਣ ਅਤੇ ਵੇਚਣ ‘ਤੇ ਪੂਰਨ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ।

ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਦੀਵਾਲੀ, ਗੁਰਪੁਰਬ, ਕ੍ਰਿਸਮਿਸ ਅਤੇ ਨਵੇਂ ਸਾਲ ਦੇ ਤਿਉਹਾਰਾਂ ਦੇ ਦਿਨਾਂ ਵਿੱਚ ਆਮ ਤੌਰ ‘ਤੇ ਪਟਾਕੇ, ਆਤਿਸ਼ਬਾਜ਼ੀ ਅਤੇ ਅਜਿਹੀ ਹੋਰ ਕਈ ਤਰ੍ਹਾਂ ਦੀ ਸਮੱਗਰੀ ਵਰਤੀ ਜਾਂਦੀ ਹੈ, ਜਿਸ ਨਾਲ ਸ਼ੋਰ-ਸ਼ਰਾਬਾ ਪੈਦਾ ਹੁੰਦਾ ਹੈ ਅਤੇ ਪ੍ਰਦੂਸ਼ਣ ਵੀ ਫੈਲਦਾ ਹੈ। ਇਨ੍ਹਾਂ ਤਿਉਹਾਰਾਂ ਮੌਕੇ ਪਟਾਕੇ ਚਲਾਉਣ ਨਾਲ ਅੱਗ ਲੱਗਣ ਦੀਆਂ ਘਟਨਾਵਾਂ ਦੀ ਸੰਭਾਵਨਾ ਵੀ ਬਣੀ ਰਹਿੰਦੀ ਹੈ। ਇਸ ਲਈ ਲੋਕ ਹਿੱਤ ਨੂੰ ਧਿਆਨ ਵਿੱਚ ਰੱਖਦਿਆਂ, ਇਸ ਸੰਭਾਵਿਤ ਖ਼ਤਰੇ ਤੋਂ ਬਚਣ ਲਈ ਜ਼ਿਲ੍ਹੇ ਅੰਦਰ ਪਟਾਕੇ ਅਤੇ ਆਤਿਸ਼ਬਾਜ਼ੀ ਬਣਾਉਣ, ਸਟੋਰ ਕਰਨ ਅਤੇ ਖ਼ਰੀਦਣ/ਵੇਚਣ ਨੂੰ ਨਿਯਮਤ ਕਰਨਾ ਬਹੁਤ ਜ਼ਰੂਰੀ ਹੈ।

ਹੁਕਮਾਂ ਮੁਤਾਬਕ ਦੇਸ਼ ਵਿੱਚ ਵੱਖ-ਵੱਖ ਥਾਵਾਂ ‘ਤੇ ਗੈਰ-ਕਾਨੂੰਨੀ ਧਮਾਕਾਖ਼ੇਜ਼ ਸਮੱਗਰੀ ਬਰਾਮਦ ਹੋ ਰਹੀ ਹੈ, ਜਿਸ ਵਿੱਚ ਪੋਟਾਸ਼ੀਅਮ ਕਲੋਰੇਟ ਨਾਂ ਦਾ ਰਸਾਇਣ ਹੁੰਦਾ ਹੈ। ਇਹ ਬਹੁਤ ਖ਼ਤਰਨਾਕ ਹੈ ਅਤੇ ਇਸ ਨਾਲ ਵੱਡਾ ਧਮਾਕਾ ਹੋਣ ਅਤੇ ਜਾਨੀ-ਮਾਲੀ ਨੁਕਸਾਨ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਇਹ ਵਾਤਾਵਰਨ ਅਤੇ ਸਿਹਤ ਲਈ ਵੀ ਹਾਨੀਕਾਰਕ ਹੈ। ਇਸ ਲਈ ਸਮੇਂ ਦੀ ਨਜ਼ਾਕਤ ਅਤੇ ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਗੈਰ-ਕਾਨੂੰਨੀ ਧਮਾਕਾਖ਼ੇਜ਼ ਸਮੱਗਰੀ ਬਣਾਉਣ, ਸਟੋਰ ਕਰਨ, ਵੇਚਣ ਅਤੇ ਵਰਤਣ ਨੂੰ ਰੋਕਣ ਲਈ ਲੋੜੀਂਦੇ ਉਪਰਾਲੇ ਕੀਤੇ ਜਾਣੇ ਜ਼ਰੂਰੀ ਹਨ।

ਵੇਚਣ/ਖ਼ਰੀਦਣ ਲਈ ਸੁਰੱਖਿਅਤ ਥਾਵਾਂ ਤੈਅ ਹੋਣਗੀਆਂ

ਹੁਕਮਾਂ ਵਿੱਚ ਅੱਗੇ ਕਿਹਾ ਗਿਆ ਹੈ ਕਿ ਪਟਾਕਿਆਂ ਦੀ ਵਿਕਰੀ/ਖ਼ਰੀਦ ਲਈ ਜ਼ਿਲ੍ਹਾ ਗੁਰਦਾਸਪੁਰ ਦੇ ਸਮੂਹ ਉਪ ਮੰਡਲ ਮੈਜਿਸਟਰੇਟ ਆਪੋ-ਆਪਣੇ ਅਧਿਕਾਰ ਖੇਤਰ ਵਿੱਚ ਸੁਰੱਖਿਅਤ ਥਾਵਾਂ ਨਿਰਧਾਰਤ ਕਰਨਗੇ। ਸਬੰਧਤ ਉਪ ਮੰਡਲ ਮੈਜਿਸਟਰੇਟ ਵੱਲੋਂ ਨਿਰਧਾਰਤ ਥਾਵਾਂ ਤੋਂ ਇਲਾਵਾ ਹੋਰ ਕਿਸੇ ਥਾਂ ਦੀ ਵਰਤੋਂ ਪਟਾਕੇ ਅਤੇ ਆਤਿਸ਼ਬਾਜ਼ੀ ਦੀ ਖ਼ਰੀਦ-ਵਿਕਰੀ ਲਈ ਨਹੀਂ ਕੀਤੀ ਜਾ ਸਕੇਗੀ। ਪਟਾਕਿਆਂ ਦੀ ਵਿਕਰੀ/ਖ਼ਰੀਦ ਵਾਲੀਆਂ ਥਾਵਾਂ ਨੂੰ ‘ਨਾਨ-ਸਮੋਕਿੰਗ’ (NO SMOKING) ਖੇਤਰ ਐਲਾਨਿਆ ਗਿਆ ਹੈ।

ਇਸ ਤੋਂ ਇਲਾਵਾ ਸਾਈਲੈਂਸ ਜ਼ੋਨਾਂ, ਜਿਵੇਂ ਕਿ ਵਿੱਦਿਅਕ ਸੰਸਥਾਵਾਂ, ਹਸਪਤਾਲਾਂ, ਅਦਾਲਤਾਂ ਅਤੇ ਧਾਰਮਿਕ ਥਾਵਾਂ ਆਦਿ ਦੇ ਨੇੜੇ ਪਟਾਕੇ ਅਤੇ ਆਤਿਸ਼ਬਾਜ਼ੀ ਚਲਾਉਣ ‘ਤੇ ਪੂਰਨ ਪਾਬੰਦੀ ਰਹੇਗੀ।

ਪਟਾਕੇ ਚਲਾਉਣ ਦਾ ਤੈਅ ਸਮਾਂ

ਪੰਜਾਬ ਸਰਕਾਰ ਦੇ ਵਿਗਿਆਨ, ਤਕਨਾਲੋਜੀ ਅਤੇ ਵਾਤਾਵਰਨ ਵਿਭਾਗ ਤੋਂ ਪ੍ਰਾਪਤ ਪੱਤਰ ਨੰਬਰ 449 (1-7) ਮਿਤੀ 1 ਅਕਤੂਬਰ 2026 ਅਤੇ ਸੁਪਰੀਮ ਕੋਰਟ ਆਫ਼ ਇੰਡੀਆ ਦੇ ਆਦੇਸ਼ਾਂ ਅਨੁਸਾਰ ਪਟਾਕੇ ਸਿਰਫ਼ ਹੇਠ ਲਿਖੇ ਸਮੇਂ ਦੌਰਾਨ ਹੀ ਚਲਾਏ ਜਾ ਸਕਣਗੇ:

ਹੁਕਮਾਂ ਵਿੱਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਜੇ ਪਟਾਕੇ ਚਲਾਉਣ ਦੇ ਸਮੇਂ ਵਿੱਚ ਮਾਨਯੋਗ ਸੁਪਰੀਮ ਕੋਰਟ, ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਜਾਂ ਪੰਜਾਬ ਸਰਕਾਰ ਵੱਲੋਂ ਕੋਈ ਤਬਦੀਲੀ ਕੀਤੀ ਜਾਂਦੀ ਹੈ ਤਾਂ ਪਟਾਕੇ ਉਸੇ ਤਬਦੀਲੀ ਅਨੁਸਾਰ ਹੀ ਚਲਾਏ ਜਾ ਸਕਣਗੇ, ਜਿਸ ਸਬੰਧੀ ਵੱਖਰੇ ਤੌਰ ‘ਤੇ ਕੋਈ ਹੁਕਮ ਜਾਰੀ ਨਹੀਂ ਕੀਤਾ ਜਾਵੇਗਾ।

ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਹੁਕਮਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਆਮ ਬਜ਼ਾਰਾਂ ਵਿੱਚ ਪੰਜਾਬ ਸਰਕਾਰ ਦੇ ਵਿਗਿਆਨ, ਤਕਨਾਲੋਜੀ ਅਤੇ ਵਾਤਾਵਰਨ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ।

ਇਹ ਹੁਕਮ 30 ਅਕਤੂਬਰ ਤੋਂ 2 ਜਨਵਰੀ 2027 ਤੱਕ ਲਾਗੂ ਰਹਿਣਗੇ।

Exit mobile version