ਸੁਖਬੀਰ ਸਿੰਘ ਬਾਦਲ ਨੇ ਸਾਰੀਆਂ ਕਿਸਾਨ ਯੂਨੀਅਨਾਂ ਤੇ ਮਜ਼ਦੂਰ ਯੂਨੀਅਨਾਂ ਨੂੰ ਅਕਾਲੀ ਦਲ ਦੀ ਹਮਾਇਤ ਕਰਨ ਦੀ ਕੀਤੀ ਅਪੀਲ
ਜ਼ੋਰ ਦੇ ਕੇ ਕਿਹਾ ਕਿ ਆਪ ਦਾ ਮੁਕੰਮਲ ਸਫਾਇਆ ਹੋਵੇਗਾ ਤੇ ਮੁੱਖ ਮਤਰੀ ਭਗਵੰਤ ਮਾਨ ਧੂਰੀ ਤੋਂ ਵੀ ਹਾਰਨ ਗੇ
ਚੰਡੀਗੜ੍ਹ, 2 ਨਵੰਬਰ 2026 (ਦੀ ਪੰਜਾਬ ਵਾਇਰ)– ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਉਸ ਵੇਲੇ ਵੱਡਾ ਹੁਲਾਰਾ ਮਿਲਿਆ ਜਦੋਂ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਨੇ ਆਉਂਦੀਆਂ ਵਿਧਾਨ ਸਭਾ ਚੋਣਾਂ ਵਾਸਤੇ ਪਾਰਟੀ ਨੂੰ ਬਿਨਾਂ ਸ਼ਰਤ ਹਮਾਇਤ ਦੇਣ ਦਾ ਐਲਾਨ ਕਰ ਦਿੱਤਾ।
ਇਹ ਐਲਾਨ ਅੱਜ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆ ਨੇ ਇਥੇ ਅਕਾਲੀ ਦਲ ਦੇ ਮੁੱਖ ਦਫਤਰ ਵਿਚ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨਾਲ ਮਿਲ ਕੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤਾ।
ਇਸ ਮੌਕੇ ਸੰਬੋਧਨ ਕਰਦਿਆਂ ਸਰਦਾਰ ਹਰਮੀਤ ਕਾਦੀਆਂ ਨੇ ਕਿਹਾ ਕਿ ਅਸੀਂ ਅਕਾਲੀ ਦਲ ਨੂੰ ਹਮਾਇਤ ਦੇਣ ਤੋਂ ਪਹਿਲਾਂ ਤਿੰਨ ਮਹੀਨੇ ਤੱਕ ਪੂਰਾ ਵਿਚਾਰ ਵਟਾਂਦਰਾ ਕੀਤਾ। ਅਸੀਂ ਸਾਰੀਆਂ ਸਿਆਸੀ ਪਾਰਟੀਆਂ ਕੋਲ ਪਹੁੰਚ ਕੀਕੀ ਤਾਂ ਵੇਖਿਆ ਕਿ ਸਿਰਫ ਅਕਾਲੀ ਦਲ ਨੂੰ ਛੱਡ ਕੇ ਹੋਰ ਕਿਸੇ ਕੋਲ ਕਿਸਾਨ ਪੱਖੀ ਨੀਤੀ ਏਜੰਡਾ ਨਹੀਂ ਹੈ। ਉਹਨਾਂ ਕਿਹਾ ਕਿ ਪਿਛਲੀ ਕਾਂਗਰਸ ਤੇ ਮੌਜੂਦਾ ਆਮ ਆਦਮੀ ਪਾਰਟੀ (ਆਪ) ਸਰਕਾਰ ਕਿਸਾਨਾਂ ਪ੍ਰਤੀ ਦਰਸ਼ਨ ਨਿਰਾਸ਼ਾਜਨਕ ਹੈ। ਉਹਨਾਂ ਕਿਹਾ ਕਿ ਆਪ ਸਰਕਾਰ ਨੇ ਸਾਡੀ ਜਥੇਬੰਦੀ ਨਾਲ ਕੀਤੇ ਲਿਖਤੀ ਇਕਰਾਰ ਨੂੰ ਵੀ ਪੂਰਾ ਕਰਨ ਤੋਂ ਨਾਂਹ ਕਰ ਦਿੱਤੀ। ਇਸਦਾ ਟਰੈਕ ਰਿਕਾਰਡ ਹੈ ਕਿ ਇਹ ਕਿਸਾਨਾਂ ਨੂੰ ਗ੍ਰਿਫਤਾਰ ਕਰਦੀ ਹੈ ਤੇ ਕਿਸਾਨ ਜਥੇਬੰਦੀਆਂ ਦੇ ਵਰਕਰਾਂ ਦੀਆਂ ਟਰਾਲੀਆਂ ਚੋਰੀ ਕਰਨ ਵਾਲੇ ਪਾਰਟੀ ਆਗੂ ਦੀ ਹਮਾਇਤ ਕਰਦੀ ਹੈ ਜੋ ਸਭ ਨੇ ਵੇਖਿਆ ਹੈ।
ਇਹ ਵੀ ਇਸਨੇ ਪਿਛਲੇ ਸਾਲ ਆਏ ਭਿਆਨਕ ਹੜ੍ਹਾਂ ਅਤੇ ਛੇ ਮਹੀਨੇ ਪਹਿਲਾਂ ਹੋਈ ਗੜ੍ਹੇਮਾਰੀ ਨਾਲ ਕਿਸਾਨਾਂ ਨੂੰ ਹੋਏ ਨੁਕਸਾਨ ਦਾ ਕੀਤੇ ਵਾਅਦੇ ਮੁਤਾਬਕ ਕੋਈ ਵਾਅਦਾ ਵੀ ਨਹੀਂ ਕੀਤਾ।
ਉਹਨਾਂ ਕਿਹਾ ਕਿ ਇਸ ਸਭ ਨੂੰ ਵੇਖਦਿਆਂ ਅਸੀਂ ਮਹਿਸੂਸ ਕੀਤਾ ਹੈ ਕਿ ਅਕਾਲੀ ਦਲ ਵਰਗੀ ਖੇਤਰੀ ਪਾਰਟੀ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਰਵਉਚ ਮੰਨੀ ਹੈ, ਹੀ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰ ਸਕਦੀ ਹੈ।
ਵੇਰਵੇ ਸਾਂਝ ਕਰਦਿਆਂ ਸਰਦਾਰ ਕਾਦੀਆਂ ਨੇ ਦੱਸਿਆ ਕਿ ਯੂਨੀਅਨ ਨੇ ਅਕਾਲੀ ਦਲ ਪ੍ਰਧਾਨ ਨੂੰ ਮੰਗ ਪੱਤਰ ਸੌਂਪ ਕੇ ਮੰਗ ਕੀਤੀ ਸੀ ਕਿ ਕੇਂਦਰੀ ਏਸ਼ੀਆਈ ਮੁਲਕਾਂ ਨਾਲ ਵਪਾਰ ਵਾਸਤੇ ਅਟਾਰੀ-ਵਾਹਗਾ ਬਾਰਡਰ ਖੋਲ੍ਹਿਆ ਜਾਵੇ, ਫਸਲੀ ਵਿਭਿੰਨਤਾ ਤੇ ਫੂਡ ਪ੍ਰਸੈਸਿੰਗ ਨੂੰ ਉਤਸ਼ਾਹਿਤ ਕੀਤਾ ਜਾਵੇ, ਕਣਕ ਤੇ ਝੋਨੇ ਤੋਂ ਇਲਾਵਾ ਹੋਰ ਫਸਲਾਂ ’ਤੇ ਐਮ ਐਸ ਪੀ ਦਿੱਤੀ ਜਾਵੇ, ਫਸਲੀ ਬੀਮਾ ਲਾਗੂ ਹੋਵੇ ਅਤੇ ਬਾਹਰਲਿਆਂ ਦੇ ਪੰਜਾਬ ਵਿਚ ਜ਼ਮੀਨ ਖਰੀਦਣ ’ਤੇ ਪਾਬੰਦੀ ਲੱਗੇ।
ਇਸ ਮੌਕੇ ਸੰਬੋਘਨ ਕਰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸਰਦਾਰ ਕਾਦੀਆਂ ਦਾ ਅਕਾਲੀ ਦਲ ਨੂੰ ਹਮਾਇਤ ਦੇਣ ਲਈ ਧੰਨਵਾਦ ਕੀਤਾ ਅਤੇ ਸਾਰੀਆਂ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਪਾਰਟੀ ਦੀ ਹਮਾਇਤ ਕਰਨ। ਉਹਨਾਂ ਨੇ ਇਹ ਵੀ ਚੇਤੇ ਕੀਤਾ ਕਿ ਕਿਵੇਂ ਯੂਨੀਅਨ ਆਗੂ ਦੇ ਪਿਤਾ ਸਰਦਾਰ ਪ੍ਰਤਾਪ ਸਿੰਘ ਕਾਦੀਆਂ,ਜਿਹਨਾਂ ਨੇ ਭਾਰਤੀ ਕਿਸਾਨ ਯੂਨੀਅਨ ਦੀ ਸੰਸਥਾਵਾਂ ਕੀਤੀ ਸੀ, 1968 ਵਿਚ ਅਕਾਲੀ ਦਲ ਦੇ ਵਿਧਾਇਕ ਵੀ ਰਹੇ। ਉਹਨਾਂ ਭਰੋਸਾ ਦੁਆਇਆ ਕਿ 2027 ਵਿਚ ਸੂਬੇ ਵਿਚ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਯੂਨੀਅਨ ਦੀਆਂ ਮੰਗਾਂ ਹੱਲ ਕਰਵਾਈਆਂ ਜਾਣਗੀਆਂ।
ਸਰਦਾਰ ਬਾਦਲ ਨੇ ਇਹ ਗੱਲ ਵੀ ਕੀਤੀ ਕਿ ਕਿਵੇਂ ਅਕਾਲੀ ਦਲ ਕਿਸਾਨਾਂ ਦੀ ਭਲਾਈ ਵਾਸਤੇ ਵਚਨਬੱਧ ਹੈ ਤੇ ਹੋਰ ਕੋਈ ਵੀ ਪਾਰਟੀ ਕਿਸਾਨਾਂ ਦੀ ਗੱਲ ਨਹੀਂ ਕਰਦੀ। ਸਰਦਾਰ ਕਾਦੀਆ ਨੇ ਜ਼ੋਰ ਦੇ ਕੇ ਕਿਹਾ ਕਿ ਸਾਰੀਆਂ ਪੰਜਾਬ ਪੱਖੀ ਜਥੇਬੰਦੀਆਂ ਅਕਾਲੀ ਦਲ ਦੀ ਮਦਦ ਕਰਨਗੀਆਂ।
ਇਸ ਮੌਕੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਦੀਆਂ ਤੋਂ ਇਲਾਵਾ ਭੁਪਿੰਦਰ ਸਿੰਘ ਭੰਨਪੁਰਾ ਸਕੱਤਰ ਜਨਰਲ, ਗੁਰਮੀਤ ਸਿੰਘ ਗੋਲੇਵਾਲ ਮੀਤ ਪ੍ਰਧਾਨ, ਕੁਲਦੀਪ ਸਿੰਘ ਚੱਕਭਾਈ ਚੇਅਰਮੈਨ, ਤਲਵਿੰਦਰ ਸਿੰਘ ਗੱਗੋ ਮੀਤ ਪ੍ਰਧਾਨ, ਬਲਵਿੰਦਰ ਸਿੰਘ ਬੱਬੀ ਮੀਤ ਪ੍ਰਧਾਨ, ਮਨਪ੍ਰੀਤ ਸਿੰਘ ਫਾਜ਼ਿਲਕਾ ਮੀਤ ਪ੍ਰਧਾਨ, ਵੀਰਪਾਲ ਸਿੰਘ ਢਿੱਲੋਂ ਜਨਰਲ ਸਕੱਤਰ,ਰਵਨੀਤ ਸਿੰਘ ਬਰਾੜ ਬੁਲਾਰੇ, ਗੁਰਸਾਹਿਬ ਸਿੰਘ ਢਿੱਲ ਜ਼ਿਲ੍ਹਾ ਪ੍ਰਧਾਨ ਤਰਨ ਤਾਰਨ, ਕਰਮਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਸੰਗਰੂਰ, ਗੁਰਲਵਲੀਨ ਸਿੰਘ ਜ਼ਿਲ੍ਹਾ ਪ੍ਰਧਾਨ ਮਾਲੇਰਕੋਟਲਾ, ਹਰਦੀਪ ਸਿੰਘ ਗਿਆਸਪੁਰਾ ਜ਼ਿਲ੍ਹਾ ਪ੍ਰਧਾਨ ਲੁਧਿਆਣਾ ਅਤੇ ਅਬਜਿੰਦਰ ਸਿੰਘ ਨਾਨੋਕੀ ਜ਼ਿਲ੍ਹਾ ਪ੍ਰਧਾਨ ਪਟਿਆਲਾ ਵੀ ਹਾਜ਼ਰ ਸਨ।
ਡੱਬੀ
ਆਪ ਵਿਧਾਇਕਾਂ ਵੱਲੋਂ ਪਾਰਟੀ ਛੱਡਣ ਬਾਰੇ ਮੀਡੀਆ ਦੇ ਸਵਾਲ ਦੇ ਜਵਾਬ ਵਿਚ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਤੁਸੀਂ ਵੇਖੋਗੇ ਕਿ ਸਾਰੇ ਹੀ ਆਪ ਨੂੰ ਛੱਡ ਜਾਣਗੇ ਤੇ ਸਾਰੇ ਆਪ ਵਿਧਾਇਕ ਆਪਣੀ ਪਾਰਟੀ ਵੱਲੋਂ ਠੱਗਿਆ ਮਹਿਸੂਸ ਕਰ ਰਹੇ ਹਨ। ਉਹ ਜਾਣਦੇ ਹਨ ਕਿ ਪੰਜਾਬੀਆਂ ਨੂੰ ਪਾਰਟੀ ਨਾਲ ਨਫਰਤ ਹੋ ਗਈ ਹੈ। ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਧੂਰੀ ਤੋਂ ਵੀ ਹਾਰੇਗਾ। ਉਹਨਾਂ ਐਲਾਨ ਕੀਤਾ ਕਿ ਇਕ ਵਾਰ ਸੂਬੇ ਵਿਚ ਅਕਾਲੀ ਦਲ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਅਤੇ ਇਸਦੇ ਸਰੋਤਾਂ ਨੂੰ ਲੁੱਟਣ ਵਾਲੇ ਸਾਰੇ ਲੋਕਾਂ ਤੋਂ ਹਿਸਾਬ ਕਿਤਾਬ ਲਿਆ ਜਾਵੇਗਾ।
