ਆਮ ਨਾਗਰਿਕਾਂ ਨੂੰ ਸੁੱਖ-ਸਹੂਲਤਾਂ ਦੇਣਾ ਹੀ ਮੇਰੀ ਪਹਿਲੀ ਤਰਜੀਹ: ਰਮਨ ਬਹਿਲ
9 ਲੱਖ 85 ਹਜ਼ਾਰ ਰੁਪਏ ਦੀ ਲਾਗਤ ਨਾਲ ਚਾਰ ਦਿਨਾਂ ਵਿੱਚ ਮੁਕੰਮਲ ਹੋਵੇਗਾ ਕੰਮ, ਲਗਭਗ 20 ਘਰਾਂ ਨੂੰ ਮਿਲੇਗੀ ਰਾਹਤ
ਗੁਰਦਾਸਪੁਰ, 2 ਨਵੰਬਰ 2026 (ਮੰਨਨ ਸੈਣੀ)। ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਹਲਕਾ ਇੰਚਾਰਜ ਰਮਨ ਬਹਿਲ ਵੱਲੋਂ ਹਲਕੇ ਦੇ ਲੋਕਾਂ ਦੀਆਂ ਲੰਮੇ ਸਮੇਂ ਤੋਂ ਚੱਲੀਆਂ ਆ ਰਹੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਣ ਦੀ ਲੜੀ ਤਹਿਤ ਪਿੰਡ ਬੱਬੇਹਾਲੀ ਵਿਖੇ ਘਰਾਂ ਦੇ ਉੱਪਰੋਂ ਲੰਘ ਰਹੀਆਂ 66 ਕੇ.ਵੀ.ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਨੂੰ ਘਰਾਂ ਤੋਂ ਬਾਹਰ ਕੱਢਣ ਦਾ ਕੰਮ ਅੱਜ ਵਿਧੀਵਤ ਤਰੀਕੇ ਨਾਲ ਸ਼ੁਰੂ ਕਰਵਾਇਆ ਗਿਆ। ਇਹ ਸਮੱਸਿਆ ਪਿਛਲੇ ਲਗਭਗ 50 ਸਾਲਾਂ ਤੋਂ ਪਿੰਡ ਵਾਸੀਆਂ ਲਈ ਵੱਡੀ ਪ੍ਰੇਸ਼ਾਨੀ ਅਤੇ ਡਰ ਦਾ ਕਾਰਨ ਬਣੀ ਹੋਈ ਸੀ।
ਇਸ ਮੌਕੇ ਰਮਨ ਬਹਿਲ ਨੇ ਕਿਹਾ ਕਿ ਆਮ ਨਾਗਰਿਕਾਂ ਨੂੰ ਬਿਹਤਰ ਸੁੱਖ-ਸਹੂਲਤਾਂ ਦੇਣਾ ਅਤੇ ਉਨ੍ਹਾਂ ਦੀਆਂ ਰੋਜ਼ਾਨਾ ਜ਼ਿੰਦਗੀ ਨਾਲ ਜੁੜੀਆਂ ਸਮੱਸਿਆਵਾਂ ਦਾ ਹੱਲ ਕਰਨਾ ਹੀ ਸਾਡੀ ਰਾਜਨੀਤੀ ਦੀ ਪਹਿਲ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸੁਰੱਖਿਅਤ ਅਤੇ ਸੁਖਾਵਾਂ ਜੀਵਨ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਹੈ ਅਤੇ ਪੰਜਾਬ ਸਰਕਾਰ ਇਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਲੋਕ ਨਿਰਮਾਣ ਸਕੀਮ ਤਹਿਤ ਇਸ ਪ੍ਰੋਜੈਕਟ ਲਈ 9 ਲੱਖ 85 ਹਜ਼ਾਰ ਰੁਪਏ ਦੀ ਰਕਮ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਜਮ੍ਹਾਂ ਕਰਵਾਈ ਗਈ ਹੈ। ਬਿਜਲੀ ਵਿਭਾਗ ਵੱਲੋਂ ਸ਼ੁਰੂ ਕੀਤਾ ਗਿਆ ਇਹ ਕੰਮ ਅਗਲੇ ਚਾਰ ਦਿਨਾਂ ਦੇ ਅੰਦਰ ਮੁਕੰਮਲ ਕਰ ਲਿਆ ਜਾਵੇਗਾ। ਇਸ ਪ੍ਰੋਜੈਕਟ ਨਾਲ ਪਿੰਡ ਦੇ ਲਗਭਗ 20 ਘਰਾਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਘਰਾਂ ਦੇ ਉੱਪਰੋਂ ਲੰਘਦੀਆਂ ਹਾਈ ਵੋਲਟੇਜ ਤਾਰਾਂ ਕਾਰਨ ਬਣਿਆ ਖ਼ਤਰੇ ਅਤੇ ਡਰ ਦਾ ਮਾਹੌਲ ਖ਼ਤਮ ਹੋਵੇਗਾ।
ਰਮਨ ਬਹਿਲ ਨੇ ਵਿਸ਼ੇਸ਼ ਤੌਰ ’ਤੇ ਦੱਸਿਆ ਕਿ ਪਿੰਡ ਦੇ ਵਸਨੀਕ ਵਿਜੇ ਕੁਮਾਰ ਪੁੱਤਰ ਜਨਕ ਰਾਜ ਦੇ ਪਰਿਵਾਰ ਦੀ ਸਮੱਸਿਆ ਕਾਫ਼ੀ ਪੁਰਾਣੀ ਸੀ। ਉਨ੍ਹਾਂ ਦੇ ਘਰ ਦੇ ਬਿਲਕੁਲ ਉੱਪਰੋਂ 66 ਕੇ.ਵੀ. ਦੀਆਂ ਬਿਜਲੀ ਦੀਆਂ ਤਾਰਾਂ ਲੰਘਦੀਆਂ ਸਨ, ਜਿਸ ਕਾਰਨ ਪਰਿਵਾਰ ਹਮੇਸ਼ਾ ਡਰ ਅਤੇ ਚਿੰਤਾ ਦੇ ਮਾਹੌਲ ਵਿੱਚ ਰਹਿੰਦਾ ਸੀ। ਪਰਿਵਾਰ ਵੱਲੋਂ ਪਿਛਲੀਆਂ ਸਰਕਾਰਾਂ ਸਮੇਂ ਵੀ ਕਈ ਵਾਰ ਆਪਣੀ ਸਮੱਸਿਆ ਦੇ ਹੱਲ ਲਈ ਬੇਨਤੀਆਂ ਕੀਤੀਆਂ ਗਈਆਂ, ਪਰ ਕੋਈ ਢੁੱਕਵਾਂ ਹੱਲ ਨਹੀਂ ਹੋ ਸਕਿਆ।

ਉਨ੍ਹਾਂ ਦੱਸਿਆ ਕਿ ਵਿਜੇ ਕੁਮਾਰ ਦੇ ਘਰ ਉੱਪਰੋਂ ਲੰਘਦੀਆਂ ਤਾਰਾਂ ਨੂੰ ਹਟਾਉਣ ਲਈ ਲਗਭਗ 2 ਲੱਖ 23 ਹਜ਼ਾਰ ਰੁਪਏ ਦਾ ਖਰਚਾ ਆਉਣਾ ਸੀ, ਜਿਸ ਨੂੰ ਭਰਨ ਵਿੱਚ ਪਰਿਵਾਰ ਅਸਮਰੱਥ ਸੀ। ਪਰ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਇਸ ਪਰਿਵਾਰ ਦੀ ਮੁਸ਼ਕਲ ਨੂੰ ਸਮਝਦਿਆਂ ਇਸ ਖਰਚੇ ਦੀ ਜ਼ਿੰਮੇਵਾਰੀ ਵੀ ਸਰਕਾਰ ਵੱਲੋਂ ਚੁੱਕੀ ਹੈ। ਇਸ ਤਰ੍ਹਾਂ ਸਰਕਾਰ ਨੇ ਸਾਬਤ ਕੀਤਾ ਹੈ ਕਿ ਉਹ ਸਿਰਫ਼ ਵਾਅਦੇ ਨਹੀਂ ਕਰਦੀ, ਸਗੋਂ ਆਮ ਲੋਕਾਂ ਦੀਆਂ ਅਸਲ ਸਮੱਸਿਆਵਾਂ ਦਾ ਹੱਲ ਵੀ ਕਰਦੀ ਹੈ।
ਰਮਨ ਬਹਿਲ ਨੇ ਕਿਹਾ ਕਿ ਉਹ ਮਾਨਯੋਗ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਦਾ ਦਿਲੋਂ ਧੰਨਵਾਦ ਕਰਦੇ ਹਨ, ਜਿਨ੍ਹਾਂ ਦੀ ਅਗਵਾਈ ਅਤੇ ਲੋਕ-ਪੱਖੀ ਸੋਚ ਸਦਕਾ ਆਮ ਪਰਿਵਾਰਾਂ ਦੀਆਂ ਅਜਿਹੀਆਂ ਗੰਭੀਰ ਸਮੱਸਿਆਵਾਂ ਦਾ ਹੱਲ ਸੰਭਵ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਉਦੇਸ਼ ਸੂਬੇ ਦੇ ਹਰ ਵਰਗ ਅਤੇ ਹਰ ਪਰਿਵਾਰ ਤੱਕ ਵਿਕਾਸ ਦੀਆਂ ਸਹੂਲਤਾਂ ਪਹੁੰਚਾਉਣਾ ਹੈ।
ਉਨ੍ਹਾਂ ਕਿਹਾ ਕਿ ਹਲਕਾ ਗੁਰਦਾਸਪੁਰ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਲੋਕਾਂ ਦੀਆਂ ਬੁਨਿਆਦੀ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਣ ਲਈ ਉਹ ਲਗਾਤਾਰ ਯਤਨਸ਼ੀਲ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਵਿਕਾਸ ਕਾਰਜਾਂ ਦੀ ਇਹ ਰਫ਼ਤਾਰ ਇਸੇ ਤਰ੍ਹਾਂ ਜਾਰੀ ਰਹੇਗੀ।
ਇਸ ਮੌਕੇ ਬਿਜਲੀ ਬੋਰਡ ਤਿੱਬੜ ਦੇ ਐਸ.ਡੀ.ਓ. ਅਰੁਣ ਭਾਰਦਵਾਜ, ਥਾਣਾ ਤਿੱਬੜ ਦੇ ਐਸ.ਐਚ.ਓ. ਦਵਿੰਦਰ ਸਿੰਘ, ਐਡਵੋਕੇਟ ਫਤਿਹ ਸਿੰਘ ਹੁੰਦਲ, ਬਲਾਕ ਸੰਮਤੀ ਮੈਂਬਰ ਰਾਕੇਸ਼ ਸ਼ਰਮਾ, ਹਲਕਾ ਮੀਡੀਆ ਕੋਆਰਡੀਨੇਟਰ ਸ਼ਰਨਜੀਤ ਸਿੰਘ, ਲਖਵਿੰਦਰ ਕੌਰ, ਜੀਤ ਰਾਮ, ਚਰਨਜੀਤ ਸਿੰਘ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।