ਸੰਸਦ ਮੈਂਬਰ ਰੰਧਾਵਾ ਨੇ ਥਾਣਾ ਕਲਾਨੌਰ ਅੱਗੇ ਦਿੱਤਾ ਸਾਢੇ ਤਿੰਨ ਘੰਟੇ ਧਰਨਾ, ਪੁਲਿਸ ਪ੍ਰਸ਼ਾਸਨ ’ਤੇ ਲਾਏ ਦੋਸ਼

ਰੰਧਾਵਾ ਦਾ ਦੋਸ਼: ਪੁਲਿਸ ਗੈਂਗਸਟਰਾਂ ਵਿਰੁੱਧ ਕਾਰਵਾਈ ਨਹੀਂ ਕਰ ਰਹੀ; ਐਸ.ਪੀ. ਦਵਿੰਦਰ ਚੌਧਰੀ ਅਨੁਸਾਰ ਉਨ੍ਹਾਂ ਮੌਕੇ ’ਤੇ ਜਾ ਕੇ ਸ਼ੰਕੇ ਦੂਰ ਕੀਤੇ ਅਤੇ ਧਰਨਾ ਖ਼ਤਮ ਕਰਵਾਇਆ

ਗੁਰਦਾਸਪੁਰ, 29 ਅਕਤੂਬਰ 2026 (ਮੰਨਨ ਸੈਣੀ)। ਲੋਕ ਸਭਾ ਹਲਕਾ ਗੁਰਦਾਸਪੁਰ ਦੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਵੀਰਵਾਰ ਨੂੰ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਬਾਰਡਰ ਇਲਾਕੇ ਦੇ ਥਾਣਾ ਕਲਾਨੌਰ ਦਾ ਕਾਂਗਰਸੀ ਵਰਕਰਾਂ ਸਮੇਤ ਘਿਰਾਓ ਕਰਕੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਰੰਧਾਵਾ ਨੇ ਕਾਂਗਰਸੀ ਸਮਰਥਕਾਂ ਸਮੇਤ ਕਰੀਬ ਸਾਢੇ ਤਿੰਨ ਘੰਟੇ ਤੱਕ ਰੋਸ ਪ੍ਰਦਰਸ਼ਨ ਕੀਤਾ। ਇਸ ਪ੍ਰਦਰਸ਼ਨ ਦੀ ਅਗਵਾਈ ਉਨ੍ਹਾਂ ਦੇ ਪੁੱਤਰ ਉਦੇਵੀਰ ਸਿੰਘ ਰੰਧਾਵਾ ਨੇ ਕੀਤੀ।

ਇਸ ਤੋਂ ਪਹਿਲਾਂ ਕਾਂਗਰਸੀ ਵਰਕਰਾਂ ਵੱਲੋਂ ਥਾਣਾ ਕਲਾਨੌਰ ਦੇ ਸਾਹਮਣੇ ਲਾਏ ਗਏ ਪੰਡਾਲ ਵਿੱਚ ਸੰਸਦ ਮੈਂਬਰ ਰੰਧਾਵਾ ਨੇ ਵਰਕਰਾਂ ਅਤੇ ਆਮ ਲੋਕਾਂ ਦੇ ਇਕੱਠ ਨੂੰ ਸੰਬੋਧਨ ਕੀਤਾ। ਇਸ ਮੌਕੇ ਥਾਣੇ ਦਾ ਮੁੱਖ ਗੇਟ ਬੰਦ ਹੋਣ ’ਤੇ ਰੰਧਾਵਾ ਨੇ ਆਪਣੇ ਸਾਥੀਆਂ ਸਮੇਤ ਗੇਟ ਖੋਲ੍ਹ ਕੇ ਥਾਣੇ ਅੰਦਰ ਪ੍ਰਵੇਸ਼ ਕੀਤਾ। ਉਨ੍ਹਾਂ ਨੇ ਐਸ.ਐਸ.ਪੀ. ਗੁਰਦਾਸਪੁਰ, ਡੀ.ਐਸ.ਪੀ. ਅਤੇ ਥਾਣੇ ਦੇ ਐਸ.ਐਚ.ਓ. ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਤੋਂ ਬਾਅਦ ਉਦੇਵੀਰ ਸਿੰਘ ਰੰਧਾਵਾ ਅਤੇ ਕਾਂਗਰਸੀ ਵਰਕਰਾਂ ਨੇ ਵੀ ਰੋਸ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ।

ਇਸ ਮੌਕੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਦੋਸ਼ ਲਾਇਆ ਕਿ ਹੁਣ ਤਾਂ ਵਾੜ ਹੀ ਖੇਤ ਨੂੰ ਖਾ ਰਹੀ ਹੈ ਅਤੇ ਪੁਲਿਸ ਗੈਂਗਸਟਰਾਂ ਦੇ ਅਧੀਨ ਲੱਗੀ ਹੋਈ ਹੈ, ਇਸ ਲਈ ਆਮ ਜਨਤਾ ਨੂੰ ਇਨਸਾਫ਼ ਕਿੱਥੋਂ ਮਿਲੇਗਾ। ਉਨ੍ਹਾਂ ਦੋਸ਼ ਲਾਇਆ ਕਿ ਐਸ.ਐਸ.ਪੀ. ਗੈਂਗਸਟਰਾਂ ਦੇ ਫ਼ੋਨ ਚੁੱਕ ਰਿਹਾ ਹੈ ਅਤੇ ਪੁਲਿਸ ਦੀ ਸ਼ਹਿ ’ਤੇ ਗੈਂਗਸਟਰਾਂ ਦੇ ਹੌਸਲੇ ਬੁਲੰਦ ਹਨ।

ਰੰਧਾਵਾ ਨੇ ਕਲਾਨੌਰ ਦੇ ਗੌਰੀ ਸਲਹੋਤਰਾ ਦਾ ਹਵਾਲਾ ਦਿੰਦਿਆਂ ਦੋਸ਼ ਲਾਇਆ ਕਿ ਪਿਛਲੇ ਸਮੇਂ ਉਸ ’ਤੇ ਗੈਂਗਸਟਰਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਸਨ ਅਤੇ ਉਸ ਤੋਂ ਬਾਅਦ ਵੀ ਮਿਲ ਰਹੀਆਂ ਧਮਕੀਆਂ ਦੀਆਂ ਰਿਕਾਰਡਿੰਗਾਂ ਪੁਲਿਸ ਨੂੰ ਸੁਣਾਉਣ ਦੇ ਬਾਵਜੂਦ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ।

ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਇਲਾਕੇ ਵਿੱਚ ਗੈਂਗਸਟਰਾਂ ਵੱਲੋਂ ਫਿਰੌਤੀਆਂ ਮੰਗੀਆਂ ਜਾ ਰਹੀਆਂ ਹਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਪਰ ਪੁਲਿਸ ਚੁੱਪ-ਚਾਪ ਬੈਠੀ ਹੋਈ ਹੈ। ਰੰਧਾਵਾ ਦਾ ਕਹਿਣਾ ਸੀ ਕਿ ਪੁਲਿਸ ਦੀ ਢਿੱਲੀ ਕਾਰਜਪ੍ਰਣਾਲੀ ਕਾਰਨ ਗੈਂਗਸਟਰਾਂ ਅਤੇ ਗੁੰਡਾਗਰਦੀ ਦਾ ਬੋਲਬਾਲਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਲਾਨੌਰ ਥਾਣੇ ਵਿੱਚ ਪੁਲਿਸ ਵਿਰੁੱਧ ਧਰਨਾ ਦਿੱਤਾ ਹੈ ਅਤੇ ਦੋ ਐਸ.ਪੀ. ਵੀ ਮੌਜੂਦ ਹਨ, ਪਰ ਉਨ੍ਹਾਂ ਨੂੰ ਇਨਸਾਫ਼ ਮਿਲਣ ਦੀ ਕੋਈ ਉਮੀਦ ਨਹੀਂ ਹੈ।

ਦੂਜੇ ਪਾਸੇ, ਐਸ.ਪੀ. ਦਵਿੰਦਰ ਚੌਧਰੀ ਜੋਕਿ ਰੰਧਾਵਾ ਦੀ ਗੱਲ ਸੁਨਣ ਲਈ ਵਿਸ਼ੇਸ਼ ਤੌਰ ਤੇ ਉੱਥੇ ਪਹੁੰਚੇ ਸਨ ਨੇ ਦੱਸਿਆ ਕਿ ਜਦੋਂ ਇਹ ਮਾਮਲਾ ਉਨ੍ਹਾਂ ਦੀ ਜਾਣਕਾਰੀ ਵਿੱਚ ਆਇਆ ਤਾਂ ਉਨ੍ਹਾਂ ਨੇ ਮੌਕੇ ’ਤੇ ਜਾ ਕੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਦੇ ਸਾਰੇ ਸ਼ੰਕੇ ਦੂਰ ਕੀਤੇ ਅਤੇ ਧਰਨਾ ਖ਼ਤਮ ਕਰਵਾਇਆ।

Exit mobile version