ਚਲਦਾ ਵਹੀਰ ਗੁਰਮਤਿ ਪ੍ਰਚਾਰ ਤੇ ਅੰਮ੍ਰਿਤ ਸੰਚਾਰ ਲਹਿਰ’ ਤਹਿਤ ਗੁਰਦੁਆਰਾ ਬੁਰਜ ਸਾਹਿਬ ਧਾਰੀਵਾਲ ਵਿਖੇ ਹੋਇਆ ਵਿਸ਼ੇਸ਼ ਗੁਰਮਤਿ ਸਮਾਗਮ

ਧਾਰੀਵਾਲ/ਗੁਰਦਾਸਪੁਰ, 29 ਅਕਤੂਬਰ 2026 (ਮੰਨਨ ਸੈਣੀ)– ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਸੰਗਤਾਂ ਨੂੰ ਗੁਰਬਾਣੀ, ਸਿੱਖ ਰਹਿਤ ਮਰਯਾਦਾ ਅਤੇ ਗੁਰਮਤਿ ਜੀਵਨ ਨਾਲ ਜੋੜਨ ਦੇ ਉਦੇਸ਼ ਨਾਲ ਆਰੰਭੀ ਗਈ ‘ਚਲਦਾ ਵਹੀਰ ਗੁਰਮਤਿ ਪ੍ਰਚਾਰ ਤੇ ਅੰਮ੍ਰਿਤ ਸੰਚਾਰ ਲਹਿਰ’ ਤਹਿਤ ਗੁਰਦੁਆਰਾ ਬੁਰਜ਼ ਸਾਹਿਬ ਧਾਰੀਵਾਲ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕਰਕੇ ਗੁਰਬਾਣੀ ਦਾ ਲਾਹਾ ਪ੍ਰਾਪਤ ਕੀਤਾ।

ਸਮਾਗਮ ਸਮੇਂ ਵਿਸ਼ੇਸ਼ ਤੌਰ ’ਤੇ ਪਹੁੰਚੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਨੇ ਸੰਗਤਾਂ ਨੂੰ ਗੁਰਬਾਣੀ ਦੇ ਉਪਦੇਸ਼ਾਂ ਅਨੁਸਾਰ ਜੀਵਨ ਬਤੀਤ ਕਰਨ ਅਤੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਗੁਰੂ ਵਾਲੇ ਬਣਨ ਦੀ ਪ੍ਰੇਰਨਾ ਕੀਤੀ। ਉਨ੍ਹਾਂ ਕਿਹਾ ਕਿ ਗੁਰਬਾਣੀ ਮਨੁੱਖ ਨੂੰ ਸੱਚ, ਸੇਵਾ, ਸਿਮਰਨ, ਨਿਮਰਤਾ ਅਤੇ ਪਰਉਪਕਾਰ ਦੇ ਮਾਰਗ ’ਤੇ ਚੱਲਣ ਦੀ ਸੇਧ ਦਿੰਦੀ ਹੈ। ਗੁਰੂ ਸਾਹਿਬਾਨ ਵੱਲੋਂ ਦਰਸਾਏ ਜੀਵਨ ਮਾਰਗ ਨੂੰ ਅਪਣਾ ਕੇ ਮਨੁੱਖ ਆਪਣੇ ਜੀਵਨ ਨੂੰ ਆਤਮਿਕ ਪੱਖੋਂ ਉੱਚਾ ਚੁੱਕਣ ਦੇ ਨਾਲ-ਨਾਲ ਸਮਾਜ ਦੀ ਬਿਹਤਰੀ ਵਿੱਚ ਵੀ ਯੋਗਦਾਨ ਪਾ ਸਕਦਾ ਹੈ।

ਉਨ੍ਹਾਂ ਸੰਗਤਾਂ ਨੂੰ ਪ੍ਰੇਰਿਤ ਕੀਤਾ ਕਿ ਅੱਜ ਦੇ ਸਮੇਂ ਵਿੱਚ ਗੁਰਬਾਣੀ ਨਾਲ ਜੁੜਨਾ, ਬੱਚਿਆਂ ਨੂੰ ਸਿੱਖੀ ਦੀਆਂ ਕਦਰਾਂ-ਕੀਮਤਾਂ ਨਾਲ ਜੋੜਨਾ ਅਤੇ ਸਿੱਖ ਰਹਿਤ ਮਰਯਾਦਾ ਅਨੁਸਾਰ ਜੀਵਨ ਜਿਊਣਾ ਬੇਹੱਦ ਜ਼ਰੂਰੀ ਹੈ। ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਗੁਰੂ ਸਾਹਿਬ ਦੇ ਦਰਸਾਏ ਮਾਰਗ ’ਤੇ ਚੱਲਣਾ ਸਿੱਖ ਜੀਵਨ ਦੀ ਅਹਿਮ ਪ੍ਰੇਰਨਾ ਹੈ।

ਸਮਾਗਮ ਦੌਰਾਨ ਸ਼੍ਰੋਮਣੀ ਕਮੇਟੀ ਦੇ ਮੈਂਬਰ ਸ. ਗੁਰਿੰਦਰਪਾਲ ਸਿੰਘ ਗੋਰਾ, ਹਲਕਾ ਇੰਚਾਰਜ ਸ. ਲਖਬੀਰ ਸਿੰਘ ਲੋਧੀਨੰਗਲ, ਸ. ਕੰਵਲਪ੍ਰੀਤ ਸਿੰਘ ਕਾਕੀ ਅਤੇ ਪ੍ਰਚਾਰ ਕਮੇਟੀ ਦੇ ਵਧੀਕ ਸਕੱਤਰ ਸ. ਬਿਜੈ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਤੋਂ ਪਹਿਲਾਂ ਪ੍ਰਚਾਰਕ ਢਾਡੀ ਤੇ ਕਵੀਸ਼ਰ ਜਥਿਆਂ ਨੇ ਸੰਗਤਾਂ ਨੂੰ ਇਤਿਹਾਸ ਨਾਲ ਜੋੜਿਆ। ਇਸ ਮੌਕੇ ਕਰਵਾਏ ਗਏ ਅੰਮ੍ਰਿਤ ਸੰਚਾਰ ਸਮਾਗਮ ਸਮੇਂ 100 ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ, ਜਿਨ੍ਹਾਂ ਨੂੰ ਕਕਾਰ ਧਰਮ ਪ੍ਰਚਾਰ ਕਮੇਟੀ ਵੱਲੋਂ ਭੇਟਾ ਰਹਿਤ ਦਿੱਤੇ ਗਏ।

ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਜਸਬੀਰ ਕੌਰ ਜਫਰਵਾਲ, ਮੀਤ ਸਕੱਤਰ ਸ. ਸਤਨਾਮ ਸਿੰਘ ਰਿਆੜ, ਸ੍ਰੀ ਦਰਬਾਰ ਸਾਹਿਬ ਦੇ ਵਧੀਕ ਮੈਨੇਜਰ ਸ. ਗੁਰਤਿੰਦਰਪਾਲ ਸਿੰਘ ਕਾਦੀਆਂ, ਸ. ਸੁਖਬੀਰ ਸਿੰਘ ਵਾਹਲਾ, ਸ. ਗੁਰਵਿੰਦਰ ਸਿੰਘ ਬੱਜੁਮਾਨ, ਸ. ਨਰਿੰਦਰ ਸਿੰਘ ਵਾੜਾ, ਮੈਨੇਜਰ ਸ. ਸਤਨਾਮ ਸਿੰਘ ਗੋਸਲ, ਸ. ਰਣਜੀਤ ਸਿੰਘ ਕਲਿਆਣਪੁਰ, ਪ੍ਰਚਾਰਕ ਭਾਈ ਰਣਜੀਤ ਸਿੰਘ, ਭਾਈ ਵਰਿਆਮ ਸਿੰਘ, ਭਾਈ ਗੁਰਨਾਮ ਸਿੰਘ, ਢਾਡੀ ਭਾਈ ਜਸਬੀਰ ਸਿੰਘ ਵਲਟੋਹਾ, ਕਵੀਸ਼ਰ ਭਾਈ ਸੁੱਚਾ ਸਿੰਘ ਡੇਰਾ ਪਠਾਣਾਂ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।

Exit mobile version