ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵਲੋਂ ਪੀ.ਏ.ਯੂ ਖੋਜ ਕੇਂਦਰ, ਗੁਰਦਾਸਪੁਰ ਵਿਖੇ ਨਵੇਂ ਆਟੋਮੈਟਿਕ ਮੌਸਮ ਸਟੇਸ਼ਨ ਦਾ ਉਦਘਾਟਨ, ਕਿਸਾਨਾਂ ਨੂੰ ਬਦਲਦੇ ਮੌਸਮ ਤੋਂ ਬਚਾਏਗਾ

ਨਵਾਂ ਆਟੋਮੈਟਿਕ ਸਿਸਟਮ ਤਾਪਮਾਨ, ਨਮੀ, ਹਵਾ ਦੀ ਰਫਤਾਰ, ਸੂਰਜੀ ਕਿਰਨਾਂ, ਜ਼ਮੀਨੀ ਤਾਪਮਾਨ ਅਤੇ ਬਰਸਾਤ ਨੂੰ ਰੀਅਲ ਟਾਈਮ ਵਿੱਚ ਦਰਜ ਕਰਕੇ ਅੰਦਾਜ਼ੇ ਦੀ ਥਾਂ ਸਹੀ ਜਾਣਕਾਰੀ ਦਿੰਦਾ ਹੈ

ਗੁਰਦਾਸਪੁਰ, 28 ਅਕਤੂਬਰ 2026 ( ਮੰਨਨ ਸੈਣੀ)–ਵਧਦੀ ਮੌਸਮੀ ਅਸਥਿਰਤਾ ਦੇ ਮੱਦੇਨਜ਼ਰ ਅਤੇ ਮੌਸਮ ਦੀ ਭਵਿੱਖਬਾਣੀ ਨੂੰ ਹੋਰ ਸਟੀਕ ਬਣਾਉਣ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀਏਯੂ) ਖੇਤਰੀ ਖੋਜ ਕੇਂਦਰ, ਗੁਰਦਾਸਪੁਰ ਵਿਖੇ ਇੱਕ ਪੂਰੀ ਤਰ੍ਹਾਂ ਆਟੋਮੈਟਿਕ ਮੌਸਮ ਸਟੇਸ਼ਨ ਦਾ ਉਦਘਾਟਨ
ਪੰਜਾਬ ਦੇ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ, ਲਾਲ ਚੰਦ ਕਟਾਰੂਚੱਕ ਅਤੇ ਪੀ.ਏ.ਯੂ ਦੇ ਵਾਈਸ ਚਾਂਸਲਰ ਸੁਖਜੀਤ ਪਾਲ ਸਿੰਘ ਨੇ ਸਾਂਝੇ ਤੌਰ ‘ਤੇ ਕੀਤਾ। ਇਸ ਮੌਕੇ ਡਾਇਰੈਕਟਰ ਖੋਜ ਡਾ. ਏ.ਐਸ. ਢੱਟ, ਡਾਇਰੈਕਟਰ ਪਸਾਰ ਸਿੱਖਿਆ ਡਾ. ਐਮ.ਐਸ. ਭੁੱਲਰ ਅਤੇ ਖੇਤਰੀ ਖੋਜ ਕੇਂਦਰ, ਗੁਰਦਾਸਪੁਰ ਦੇ ਡਾਇਰੈਕਟਰ ਡਾ. ਹਰਪਾਲ ਸਿੰਘ ਰੰਧਾਵਾ ਸਮੇਤ ਖੇਤੀ ਵਿਗਿਆਨੀ ਅਤੇ ਅਗਾਂਹਵਧੂ ਕਿਸਾਨ ਹਾਜ਼ਰ ਸਨ।

ਆਟੋਮੈਟਿਕ ਮੌਸਮ ਸਟੇਸ਼ਨ ਦਾ ਉਦਘਾਟਨ ਕਰਦਿਆਂ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਹੁਣ ਖੇਤੀ ਪੁਰਾਣੇ ਕੈਲੰਡਰ ਦੀਆਂ ਤਰੀਕਾਂ ਦੇ ਸਹਾਰੇ ਨਹੀਂ ਚੱਲ ਸਕਦੀ, ਕਿਉਂਕਿ ਮੌਸਮ ਖੁਦ ਹੀ ਬਦਲ ਰਹੇ ਹਨ।

ਉਨ੍ਹਾਂ ਕਿਹਾ, “ਸਾਡਾ ਕਿਸਾਨ ਖੁੱਲ੍ਹੇ ਅਸਮਾਨ ਹੇਠ ਕੰਮ ਕਰਦਾ ਹੈ ਅਤੇ ਕੁਦਰਤ ਦੀ ਹਰ ਕਰੋਪੀ ਦਾ ਸਾਹਮਣਾ ਕਰਦਾ ਹੈ। ਵਾਢੀ ਵੇਲੇ ਬੇਵਕਤੀ ਬਰਸਾਤ ਤੋਂ ਲੈ ਕੇ ਦਾਣੇ ਭਰਨ ਵੇਲੇ ਅਚਾਨਕ ਗਰਮੀ ਦੀ ਲਹਿਰ ਤੱਕ। ਇਹ ਆਧੁਨਿਕ ਸਹੂਲਤ ਸਟੀਕ ਸੰਦ, ਸਿੱਧੇ ਸਾਡੇ ਕਿਸਾਨਾਂ ਦੀ ਸੇਵਾ ਵਿੱਚ ਲਿਆਉਂਦੀ ਹੈ। ਇਹ ਯਕੀਨੀ ਬਣਾਉਂਦੀ ਹੈ ਕਿ ਨੁਕਸਾਨ ਹੋਣ ਤੋਂ ਪਹਿਲਾਂ ਹੀ ਵਿਗਿਆਨ ਖੇਤ ਵਿੱਚ ਪਹੁੰਚ ਜਾਵੇ, ਨਾ ਕਿ ਬਾਅਦ ਵਿੱਚ ਸਿਰਫ਼ ਨੁਕਸਾਨ ਦਾ ਜਾਇਜ਼ਾ ਲਿਆ ਜਾਵੇ।

ਵਾਈਸ ਚਾਂਸਲਰ ਸੁਖਜੀਤ ਪਾਲ ਸਿੰਘ ਨੇ ਕਿਹਾ ਕਿ ਇਹ ਨਵਾਂ ਆਟੋਮੈਟਿਕ ਸਿਸਟਮ ਤਾਪਮਾਨ, ਨਮੀ, ਹਵਾ ਦੀ ਰਫਤਾਰ, ਸੂਰਜੀ ਕਿਰਨਾਂ, ਜ਼ਮੀਨੀ ਤਾਪਮਾਨ ਅਤੇ ਬਰਸਾਤ ਨੂੰ ਰੀਅਲ ਟਾਈਮ ਵਿੱਚ ਦਰਜ ਕਰਕੇ ਅੰਦਾਜ਼ੇ ਦੀ ਥਾਂ ਸਹੀ ਜਾਣਕਾਰੀ ਦਿੰਦਾ ਹੈ। ਇਹ ਸਹੂਲਤ ਗੁੰਝਲਦਾਰ ਵਾਯੂਮੰਡਲੀ ਅੰਕੜਿਆਂ ਨੂੰ ਸਾਦੀ, ਕੰਮ ਆਉਣ ਵਾਲੀ ਸਲਾਹ ਵਿੱਚ ਬਦਲ ਕੇ ਮੌਸਮ ਦੀ ਭਵਿੱਖਬਾਣੀ ਅਤੇ ਮੌਸਮੀ ਸ਼ਲਾਹਾਂ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੇਗੀ, ਜਿਸ ਨੂੰ ਕਿਸਾਨ ਸਵੇਰੇ-ਸਵੇਰੇ ਆਪਣੇ ਫੋਨ ‘ਤੇ ਪੜ੍ਹ ਸਕਣਗੇ।

ਉਨ੍ਹਾਂ ਅੱਗੇ ਕਿਹਾ ਕਿ ਸਮੇਂ ਸਿਰ ਮਿਲਣ ਵਾਲੀ ਚਿਤਾਵਨੀ ਨਾਲ ਕਿਸਾਨ ਬਰਸਾਤ ਤੋਂ ਪਹਿਲਾਂ ਕੀਟਨਾਸ਼ਕ ਦੀ ਸਪਰੇਅ ਅਤੇ ਸਿੰਚਾਈ ਰੋਕ ਸਕਦਾ ਹੈ, ਜਾਂ ਜ਼ਮੀਨ ਵਿੱਚ ਪਹਿਲਾਂ ਹੀ ਲੋੜੀਂਦੀ ਨਮੀ ਹੋਣ ‘ਤੇ ਟਿਊਬਵੈੱਲ ਦਾ ਇੱਕ ਗੇੜ ਛੱਡ ਸਕਦਾ ਹੈ।

ਡਾ. ਏ.ਐਸ. ਢੱਟ ਨੇ ਕਿਹਾ ਕਿ ਇਹ ਸਥਾਨਕ ਪੱਧਰ ਦੇ ਮੌਸਮੀ ਅੰਕੜੇ ਸਿੱਧੇ ਪੀਏਯੂ ਦੇ ਫ਼ੀਲਡ ਟਰਾਇਲਾਂ ਅਤੇ ਕਿਸਮਾਂ ਦੀ ਜਾਂਚ ਵਿੱਚ ਵਰਤੇ ਜਾਣਗੇ, ਤਾਂ ਜੋ ਨਵੀਆਂ ਬੀਜ ਕਿਸਮਾਂ ਨੂੰ ਗੁਰਦਾਸਪੁਰ ਦੇ ਅਸਲ ਮਾਈਕਰੋਕਲਾਈਮੇਟ ਮੁਤਾਬਕ ਪਰਖਿਆ ਜਾ ਸਕੇ, ਨਾ ਕਿ ਸਿਰਫ ਅੰਸਤ ਖੇਤਰੀ ਹਾਲਾਤਾਂ ਮੁਤਾਬਕ। ਡਾ. ਐਮ.ਐਸ. ਭੁੱਲਰ, ਡਾਇਰੈਕਟਰ ਪਸਾਰ ਸਿੱਖਿਆ ਨੇ ਪਸਾਰ ਸਿੱਖਿਆ ਦੀ ਭੂਮਿਕਾ ‘ਤੇ ਜ਼ੋਰ ਦਿੰਦਿਆਂ ਦੱਸਿਆ ਕਿ ਸਟੇਸ਼ਨ ਤੋਂ ਮਿਲਣ ਵਾਲੇ ਅਸਲ ਅੰਕੜੇ ਸਿੱਧੇ ਹਫ਼ਤਾਵਾਰੀ ਜ਼ਿਲ੍ਹਾ-ਪੱਧਰੀ ਖੇਤੀ ਸਲਾਹਾਂ ਵਿੱਚ ਵਰਤੇ ਜਾਣਗੇ, ਜਿਸ ਨਾਲ ਕਿਸਾਨਾਂ ਨੂੰ ਬਿਜਾਈ, ਸਿੰਚਾਈ, ਖਾਦ ਪਾਉਣ ਅਤੇ ਬਿਮਾਰੀਆਂ ਦੀ ਰੋਕਥਾਮ ਲਈ ਸਹੀ ਸਮਾਂ-ਸੀਮਾ ਮਿਲੇਗੀ।

ਐਚ.ਐਸ. ਰੰਧਾਵਾ ਨੇ ਪਤਵੰਤਿਆਂ ਦਾ ਧੰਨਵਾਦ ਕਰਦਿਆਂ ਮੌਸਮ ਦੀ ਭਵਿੱਖਬਾਣੀ ਨੂੰ ਇਸ ਸਟੇਸ਼ਨ ਦਾ ਵੱਡਾ ਫਾਇਦਾ ਦੱਸਿਆ। ਉਨ੍ਹਾਂ ਕਿਹਾ ਕਿ ਕਣਕ ਦੀ ਪੀਲੀ ਕੁੰਗੀ ਵਰਗੀਆਂ ਬਿਮਾਰੀਆਂ ਨਮੀ ਅਤੇ ਤਾਪਮਾਨ ਦੇ ਇੱਕ ਖਾਸ ਪੱਧਰ ‘ਤੇ ਹੀ ਹਮਲਾ ਕਰਦੀਆਂ ਹਨ, ਅਤੇ ਲਗਾਤਾਰ ਨਿਗਰਾਨੀ ਨਾਲ ਬਿਮਾਰੀਆਂ ਜਾਂ ਕੀੜੇ-ਮਕੌੜਿਆਂ ਦੇ ਹਮਲੇ ਦੀ ਰੋਕਥਾਮ ਵਿੱਚ ਮਦਦ ਮਿਲ ਸਕਦੀ ਹੈ।

Exit mobile version