ਗੁਰਦਾਸਪੁਰ , 21 ਜੂਨ 2025 (ਦੀ ਪੰਜਾਬ ਵਾਇਰ)। ਗੁਰਦਾਸਪੁਰ ਦੇ ਮਿਲਕ ਪਲਾਂਟ ‘ਚ ਅੰਤਰਰਾਸ਼ਟਰੀ ਯੋਗ ਦਿਵਸ ਵੱਡੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਖਾਸ ਤੌਰ ‘ਤੇ ਮਿਲਕਫੈਡ ਪੰਜਾਬ ਦੇ ਡਾਇਰੈਕਟਰ ਐਡਵੋਕੇਟ ਬਲਜੀਤ ਸਿੰਘ ਪਾਹੜਾ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਦਿਆਂ ਯੋਗ ਅਭਿਆਸ ਕੀਤਾ।
ਉਨ੍ਹਾਂ ਕਿਹਾ ਕਿ ਯੋਗ ਸਾਡੀ ਪ੍ਰਾਚੀਨ ਸੰਸਕਿਰਤੀ ਤੋਂ ਮਿਲਿਆ ਇੱਕ ਅਨਮੋਲ ਤੋਹਫ਼ਾ ਹੈ। ਯੋਗ ਮਨ ਤੇ ਸਰੀਰ, ਅਨੁਸ਼ਾਸਨ ਤੇ ਪੂਰਨਤਾ, ਇਨਸਾਨ ਤੇ ਕੁਦਰਤ ਵਿਚਕਾਰ ਸਹਿ-ਅਸਤਿਤਵ, ਵਿਚਾਰ ਤੇ ਕਰਮ ਦੀ ਏਕਤਾ ਨੂੰ ਪ੍ਰਗਟਾਉਂਦਾ ਹੈ ਜੋ ਸਾਡੀ ਸਿਹਤ ਤੇ ਭਲਾਈ ਲਈ ਬੇਹੱਦ ਕੀਮਤੀ ਹੈ।
ਉਨ੍ਹਾਂ ਕਿਹਾ ਕਿ ਯੋਗ ਸਿਰਫ਼ ਇਕ ਅਭਿਆਸ ਨਹੀਂ, ਸਗੋਂ ਇਹ ਆਪਣੇ ਆਪ ਨੂੰ ਸਮਝਣ, ਖੋਜਣ ਅਤੇ ਅੰਦਰਲੀ ਜ਼ਿੰਦਗੀ ਵੱਲ ਵਧਣ ਦਾ ਸ਼ਾਨਦਾਰ ਢੰਗ ਹੈ। ਅੱਜਕੱਲ੍ਹ ਦੀ ਤੇਜ਼ ਰਫ਼ਤਾਰ ਭਰੀ ਜ਼ਿੰਦਗੀ ਵਿੱਚ ਸਾਨੂੰ ਹਰ ਰੋਜ਼ ਆਪਣੇ ਲਈ ਕੁਝ ਸਮਾਂ ਕੱਢਣਾ ਚਾਹੀਦਾ ਹੈ। ਅਸੀਂ ਆਪਣੀ ਰੋਜ਼ਮਰ੍ਹਾ ਦੀ ਜ਼ਿੰਦਗੀ ‘ਚ ਯੋਗ ਜਾਂ ਹੋਰ ਕੋਈ ਸਿਹਤਮੰਦ ਸਰਗਰਮੀ ਸ਼ਾਮਲ ਕਰਕੇ ਇੱਕ ਤੰਦਰੁਸਤ ਜੀਵਨ ਜੀ ਸਕਦੇ ਹਾਂ।
