ਚੇਅਰਮੈਨ ਜਗਰੂਪ ਸਿੰਘ ਸੇਖਵਾਂ ਨੇ ਯੋਗਾ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ
ਜੀਵਨ ਨੂੰ ਨਿਰੋਗ ਰੱਖਣ ਲਈ ਯੋਗ ਕਰਨਾ ਬੇਹੱਦ ਜ਼ਰੂਰੀ – ਜਗਰੂਪ ਸਿੰਘ ਸੇਖਵਾਂ
ਧਾਰੀਵਾਲ/ਗੁਰਦਾਸਪੁਰ, 21 ਜੂਨ 2025 (ਦੀ ਪੰਜਾਬ ਵਾਇਰ )। ਅੱਜ 11ਵੇਂ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਮੋਨੀ ਮੰਦਿਰ ਨੇੜੇ ਗਾਂਧੀ ਗਰਾਊਂਡ ਧਾਰੀਵਾਲ ਵਿਖੇ ਯੋਗਾ ਦਿਵਸ ਸਬੰਧੀ ਵਿਸ਼ੇਸ਼ ਸਮਾਗਮ ਕਰਵਾਇਆ ਜਿਸ ਵਿੱਚ ਜ਼ਿਲ੍ਹਾ ਯੋਜਨਾ ਕਮੇਟੀ ਗੁਰਦਾਸਪੁਰ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਜਗਰੂਪ ਸਿੰਘ ਸੇਖਵਾਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨਾਲ ਨਗਰ ਕੌਂਸਲ ਧਾਰੀਵਾਲ ਦੇ ਪ੍ਰਧਾਨ ਅਸ਼ਵਨੀ ਦੁੱਗਲ ਅਤੇ ਬੀ.ਡੀ.ਪੀ.ਓ. ਕੁਲਜਿੰਦਰ ਸਿੰਘ ਚਾਹਲ, ਆਯੁਰਵੈਦਿਕ ਤੇ ਯੂਨਾਨੀ ਅਫ਼ਸਰ ਡਾ. ਪ੍ਰਦੀਪ ਸਿੰਘ, ਡਾਕਟਰ ਮੰਜੂ ਆਯੁਰਵੈਦਿਕ ਮੈਡੀਕਲ ਅਫ਼ਸਰ ਸਮੇਤ ਸ਼ਹਿਰ ਦੇ ਹੋਰ ਮੁਹਤਬਰ ਵੀ ਹਾਜ਼ਰ ਸਨ।
ਅੰਤਰਰਾਸ਼ਟਰੀ ਯੋਗਾ ਦਿਵਸ ਨੂੰ ਸਮਰਪਿਤ ਧਾਰੀਵਾਲ ਵਿਖੇ ਕਰਵਾਏ ਗਏ ਇਸ ਸਮਾਗਮ ਦੌਰਾਨ ਵਿਸ਼ੇਸ਼ ਯੋਗਾ ਅਭਿਆਸ ਕਰਵਾਇਆ ਗਿਆ ਜਿਸ ਵਿੱਚ ਸੀ.ਐੱਮ. ਦੀ ਯੋਗਸ਼ਾਲਾ ਦੇ ਟਰੇਨਰ ਵਿਕਰਮ ਅਤੇ ਡਾਕਟਰ ਮੰਜੂ ਆਯੁਰਵੈਦਿਕ ਮੈਡੀਕਲ ਅਫ਼ਸਰ ਵੱਲੋਂ ਯੋਗਾ ਦੇ ਵੱਖ-ਵੱਖ ਆਸਣਾਂ ਦੇ ਅਭਿਆਸ ਕਰਵਾਏ ਗਏ ਅਤੇ ਨਾਲ ਹੀ ਇਨ੍ਹਾਂ ਦੇ ਫ਼ਾਇਦਿਆਂ ਬਾਰੇ ਦੱਸਿਆ ਗਿਆ। ਯੋਗਾ ਮਾਹਿਰਾਂ ਨੇ ਕਿਹਾ ਕਿ ਹਰ ਵਿਅਕਤੀ ਨੂੰ ਯੋਗਾ ਆਪਣੀ ਜੀਵਨ ਸ਼ੈਲੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ।

ਇਸ ਮੌਕੇ ਚੇਅਰਮੈਨ ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਯੋਗਾ ਤੰਦਰੁਸਤ ਜੀਵਨ ਦਾ ਅਧਾਰ ਹੈ ਅਤੇ ਹਰੇਕ ਵਿਅਕਤੀ ਨੂੰ ਰੋਜ਼ਾਨਾਂ ਕੁਝ ਸਮਾਂ ਯੋਗਾ ਜ਼ਰੂਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਆਪਣੇ ਸੂਬੇ ਦੇ ਲੋਕਾਂ ਨੂੰ ਸਿਹਤਮੰਦ ਰੱਖਣ ਲਈ ਯੋਗਾ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਜਿਸ ਤਹਿਤ ਪੰਜਾਬ ਸਰਕਾਰ ਵੱਲੋਂ ਸੀ.ਐੱਮ. ਦੀ ਯੋਗਸ਼ਾਲਾ ਦਾ ਵਿਸ਼ੇਸ਼ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਕਿਸੇ ਵੀ ਮੁਹੱਲੇ ਜਾਂ ਪਿੰਡ ਦੇ ਲੋਕ ਮੋਬਾਈਲ ਨੰਬਰ 7669400500 ਉੱਪਰ ਮਿਸ ਕਾਲ ਕਰਕੇ ਆਪਣੇ ਇਲਾਕੇ ਵਿੱਚ ਸੀ.ਐੱਮ. ਦੀ ਯੋਗਸ਼ਾਲਾ ਦੀਆਂ ਕਲਾਸਾਂ ਸ਼ੁਰੂ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਯੋਗਾ ਕਲਾਸਾਂ ਬਿਲਕੁਲ ਮੁਫ਼ਤ ਹਨ ਅਤੇ ਇਨ੍ਹਾਂ ਕਲਾਸਾਂ ਵਿੱਚ ਪੰਜਾਬ ਸਰਕਾਰ ਵੱਲੋਂ ਭਰਤੀ ਕੀਤੇ ਯੋਗਾ ਮਾਹਿਰ ਯੋਗ ਅਭਿਆਸ ਕਰਵਾਉਂਦੇ ਹਨ। ਇਸ ਮੌਕੇ ਉਨ੍ਹਾਂ ਨੇ ਵਾਤਾਵਰਨ ਨੂੰ ਸ਼ੁੱਧ ਰੱਖਣ ਦਾ ਸੁਨੇਹਾ ਵੀ ਦਿੱਤਾ।
ਇਸ ਮੌਕੇ ਤੇ ਸੈਕਟਰੀ ਮਨਜੀਤ ਸਿੰਘ, ਦਲਬੀਰ ਸਿੰਘ, ਸੁਰਜੀਤ ਸਿੰਘ, ਗੁਰਦੇਵ ਸਿੰਘ, ਕਰਤਾਰ ਚੰਦ, ਕੁਲਵੰਤ ਸਿੰਘ, ਸੋਨੂੰ ਮਸੀਹ, ਅਮਨਦੀਪ ਜੀ.ਆਰ.ਐੱਸ, ਸਰਪੰਚ ਪਰਮਜੀਤ ਸਿੰਘ, ਜਤਿੰਦਰ ਜੱਜ ਪਿੰਡ ਮਾਲੀਸਰਾਂ, ਜਗਤਾਰ ਸਿੰਘ ਸਿੱਧਵਾਂ ਸਰਪੰਚ, ਸਰਪੰਚ ਮੰਗਲਜੀਤ ਸਿੰਘ ਅਠਵਾਲ, ਸਰਪੰਚ ਗੁਰਦੇਵ ਸਿੰਘ ਕਲੇਰ ਕਲਾਂ, ਸਰਪੰਚ ਬਲਜੀਤ ਸਿੰਘ ਸੋਨੂੰ ਸੋਹਲ ਵੀ ਹਾਜ਼ਰ ਸਨ।