ਸਾਇੰਸ ਸਿਟੀ ਵੱਲੋਂ ਵਿਸ਼ਵ ਵਾਤਾਵਰਣ ਦਿਵਸ ‘ਤੇ ਰਾਜ ਪੱਧਰੀ ਕੁਇਜ ਕਰਵਾਇਆ ਗਿਆ
ਜਲੰਧਰ, 5 ਜੂਨ 2025 (ਦੀ ਪੰਜਾਬ ਵਾਇਰ)।ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵੱਲੋਂ ਵਿਸ਼ਵ ਵਾਤਾਵਰਣ ਦੇ ਮੌਕੇ ‘ਤੇ ਇਸ ਵਾਰ ਦੇ ਸਿਰਲੇਖ “ ਵਿਸ਼ਵ ਵਿਆਪੀ ਪਲਾਸਟਿਕ ਪ੍ਰਦੂਸ਼ਣ ਦਾ ਅੰਤ” ‘ਤੇ ਆਧਾਰਤ ਇਕ ਰਾਜ ਪੱਧਰੀ ਕੁਇਜ਼ ਮੁਕਾਬਲਾ ਕਰਵਾਇਆ ਗਿਆ। ਇਸ ਮੌਕੇ ਮਨੁੱਖੀ ਸਿਹਤ ਲਈ ਹਾਨੀਕਾਰਕ ਪਲਾਸਟਿਕ ਦੀ ਰਹਿੰਦ-ਖਹੂੰਦ ਨੂੰ ਘਟਾਉਣ ਅਤੇ ਇਸ ਦਾ ਅੰਤ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ ਗਿਆ। ਇਸ ਪ੍ਰਸ਼ਨ -ਉੱਤਰੀ ਮੁਕਾਬਲੇ ਦਾ ਉਦੇਸ਼ ਵਾਤਾਵਰਣ ਦੇ ਭੱਖਦੇ ਮੁੱਦਿਆਂ ਵਿਰੁੱਧ ਯਤਨ ਕਰਨ ਲਈ ਨੌਜਵਾਨਾਂ ਨੂੰ ਪ੍ਰੇਰਿਤ ਕਰਨਾ ਸੀ। ਇਸ ਮੁਕਾਬਲੇ ਵਿਚ ਮਹੱਤਵਪੂਰਨ ਪਹਿਲੂ ਜਿਵੇਂ ਕਿ ਪਲਾਸਟਿਕ ਪ੍ਰਦੂਸ਼ਣ, ਜਲਵਾਯੂ ਪਰਿਵਰਤਨ,ਜੈਵਿਕ-ਵਿਭਿੰਨਤਾ ਅਤੇ ਸਥਾਈ ਵਿਕਾਸ ਆਦਿ ਨੂੰ ਸ਼ਾਮਲ ਕੀਤਾ ਗਿਆ। ਇਸ ਮੁਕਾਬਲੇ ਵਿਚ ਪੰਜਾਬ ਭਰ ਤੋਂ 400 ਤੋਂ ਵਿਦਿਆਰਥੀਆਂ ਨੇ ਰਜਿਸਟਰਡ ਕੀਤਾ ਅਤੇ ਮੁੱਢਲਾ ਰਾਊਂਡ ਆਨ-ਲਾਇਨ ਕਰਵਾਇਆ ਗਿਆ। ਇਹਨਾਂ ਵਿਚੋਂ ਅਵੱਲ ਰਹੇ 15 ਵਿਦਿਆਰਥੀਆਂ ਫ਼ਾਈਨਲ ਰਾਊਂਡ ਲਈ ਸਾਇੰਸ ਸਿਟੀ ਵਿਖੇ ਬੁਲਾਇਆ ਗਿਆ ਸੀ। ਇਹ ਪ੍ਰੋਗਰਾਮ ਨੌਜਵਾਨ ਪੀੜ੍ਹੀ ਨੂੰ ਸਥਾਈ ਭਵਿੱਖ ਲਈ ਸਿੱਖਿਅਤ ਕਰਨ ਅਤੇ ਸਸ਼ਕਤ ਬਣਾਉਣ ਲਈ ਇਕ ਪਲੇਟਫ਼ਾਰਮ ਹੋ ਨਿਬੜਿਆ । ਇਸ ਪ੍ਰੋਗਰਾਮ ਰਾਹੀਂ ਵਾਤਾਵਰਣ ਲਈ ਸਭ ਤੋਂ ਵੱਡੇ ਖਤਰਨਾਕ ਪਲਾਸਟਿਕ ਪ੍ਰਦੂਸ਼ਣ ਦੇ ਖਾਤਮੇ ਲਈ ਇਕਜੁੱਟ ਹੋਕੇ ਹੰਭਲਾ ਮਾਰਨ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ਕਰਵਾਏ ਗਏ ਰਾਜ-ਪੱਧਰੀ ਕੁਇਜ਼ ਮੁਕਾਬਲੇ ਵਿਚ 5000 ਰੁਪਏ ਦਾ ਪਹਿਲਾ ਇਨਾਮ ਡੀ.ਏ.ਵੀ ਪਬਲਿਕ ਸਕੂਲ ਲੁਧਿਆਣਾ ਦੀ ਕ੍ਰਿਸ਼ਾ ਨੇ ਜਿੱਤਿਆ, ਜਦੋਂ ਕਿ ਡੀ.ਏ. ਵੀ ਸੈਂਟੇਨਰੀ ਸਕੂਲ ਫ਼ਿਲੌਰ ਦੀ ਲਕਸ਼ਮੀ ਨੇ 3000 ਰੁਪਏ ਦਾ ਦੂਜਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਦੇ ਅੰਸ਼ਮੀਤ ਸਿੰਘ ਨੇ 2000 ਰੁਪਏ ਦਾ ਤੀਸਰਾ ਇਨਾਮ ਜਿੱਤਿਆ।
