ਜ਼ਿਲਾ ਪੱਧਰੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਵਿੱਚ ਸਬਸਿਡੀ ਤੇ ਖੇਤੀ ਮਸ਼ੀਨਰੀ ਲੈਣ ਵਾਲੇ ਕਿਸਾਨਾਂ ਦੀ ਚੋਣ ਕੀਤੀ ਗਈ ।
ਗੁਰਦਾਸਪੁਰ 30 ਮਈ 2025 (ਦੀ ਪੰਜਾਬ ਵਾਇਰ)– ਸਾਲ 2025-26 ਦੌਰਾਨ ਜ਼ਿਲਾ ਗੁਰਦਾਸਪੁਰ ਵਿੱਚ ਝੋਨੇ ਦੀ ਪਰਾਲੀ ਨੂੰ ਜ਼ੀਰੋ ਪੱਧਰ ਤੇ ਲਿਆਉਣ ਦੇ ਟੀਚੇ ਦੀ ਪੂਰਤੀ ਲਈ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਕੀਤੇ ਜਾ ਰਹੇ ਲਗਾਤਾਰ ਉਪਰਾਲਿਆਂ ਤਹਿਤ ਕਿਸਾਨਾਂ ਨੂੰ ਫ਼ਸਲੀ ਰਹਿੰਦ ਖੁੰਹਦ ਸੰਭਾਲ (ਸੀ ਆਰ ਐੱਮ) ਅਧੀਨ ਸਬਸਿਡੀ ਤੇ ਖੇਤੀ ਮਸ਼ੀਨਰੀ ਲੈਣ ਵਾਲੇ ਕਿਸਾਨ ਲਾਭਪਾਤਰੀਆਂ ਦੀ ਚੋਣ ਕਰਨ ਲਈ ਡਿਪਟੀ ਕਮਿਸ਼ਨਰ ਕਮ ਚੇਅਰਮੈਨ ਜ਼ਿਲਾ ਪੱਧਰੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਵਿੱਚ ਸ੍ਰੀ ਦਲਵਿੰਦਰਜੀਤ ਸਿੰਘ ਨੇ ਸਥਾਨਕ ਜ਼ਿਲਾ ਪ੍ਰਸ਼ਾਸ਼ਕੀ ਕੰਪਲੈਕਸ ਵਿਚ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਕੰਪਿਊਟਰ ਦੀ ਮਦਦ ਨਾਲ ਪਾਰਦਰਸ਼ੀ ਤਰੀਕੇ ਨਾਲ ਲਾਭਪਾਤਰੀ ਕਿਸਾਨਾਂ ਦੀ ਚੋਣ ਕੀਤੀ ਗਈ। ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਡਾ. ਅਮਰੀਕ ਸਿੰਘ ,ਰੋਹਿਤ ਗਿੱਲ ਉਪ ਰਜਿਸਟਰਾਰ (ਸਹਿਕਾਰੀ ਸਭਾਵਾਂ),ਡਾਕਟਰ ਸਰਬਜੀਤ ਸਿੰਘ ਔਲਖ ਐਸੋਸੀਏਟ ਡਾਇਰੈਕਟਰ ਕ੍ਰਿਸ਼ੀ ਵਿਗਿਆਨ ਕੇਂਦਰ,ਡਾਕਟਰ ਮਨਪ੍ਰੀਤ ਸਿੰਘ ਖ਼ੇਤੀਬਾੜੀ ਅਫ਼ਸਰ ਗੈਰ ਸਰਕਾਰੀ ਮੈਂਬਰ ਦਿਲਬਾਗ ਸਿੰਘ ਚੀਮਾ,ਗੁਰਦਿਆਲ ਸਿੰਘ,ਸਤਨਾਮ ਸਿੰਘ ਸਮੇਤ ਸਮੂਹ ਮੈਂਬਰ ਹਾਜ਼ਰ ਸਨ।
ਅੱਜ ਦੀ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਦਲਵਿੰਦਰਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੀਆਂ 199 ਘਟਨਾਵਾਂ ਦਰਜ ਕੀਤੀਆਂ ਗਈਆਂ ਸਨ ਜਦ ਕਿ ਸਾਲ 2023-24 ਦੌਰਾਨ 389 ਅੱਗ ਲੱਗਣ ਦੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ ਸਨ। ਉਨਾਂ ਦੱਸਿਆ ਕਿ ਸਾਲ 2025-26 ਦੌਰਾਨ ਝੋਨੇ ਦੀ ਪਰਾਲੀ ਨੁੰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਜ਼ੀਰੋ ਪੱਧਰ ਤੇ ਲਿਆ ਕੇ ਜ਼ਿਲਾ ਗੁਰਦਾਸਪੁਰ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਦਾ ਟੀਚਾ ਮਿੱਥਿਆ ਗਿਆ ਹੈ । ਉਨਾਂ ਦੱਸਿਆ ਕਿ ਇਸ ਟੀਚੇ ਦੀ ਪੂਰਤੀ ਲਈ ਪਰਾਲੀ ਦੀ ਸੰਭਾਲ ਲਈ ਵਰਤੀ ਜਾਣ ਵਾਲੀ ਮਸ਼ੀਨਰੀ ਸਬਸਿਡੀ ਤੇ ਦੇਣ ਲਈ ਕਿਸਾਨਾਂ ਤੋਂ ਆਨਲਾਈਨ ਅਰਜੀਆਂ ਦੀ ਮੰਗ ਕੀਤੀ ਗਈ ਸੀ। ਇਸ ਸਮੇਂ ਦੌਰਾਨ ਜਿਨ੍ਹਾਂ ਕਿਸਾਨਾਂ ਨੇ ਆਨਲਾਈਨ ਬਿਨੈ ਪਤਰ ਆਏ ਸਨ ,ਉਨਾਂ ਦੀ ਬਜਟ ਦੇ ਹਿਸਾਬ ਨਾਲ ਚੋਣ ਕੀਤੀ ਗਈ ਹੈ। ਉਨਾਂ ਦੱਸਿਆ ਕਿ ਸਬੰਧਤ ਖ਼ੇਤੀਬਾੜੀ ਅਫ਼ਸਰਾਂ ਤੋਂ ਤਸਦੀਕ ਉਪਰੰਤ ਹੀ ਮਨਜੂਰੀ ਪਤਰ ਜਾਰੀ ਕੀਤੇ ਜਾਣਗੇ। ਉਨ੍ਹਾਂ ਸਮੂਹ ਕਿਸਾਨਾਂ ,ਕਿਸਾਨ ਜਥੇਬੰਦੀਆਂ ਤੋਂ ਜ਼ਿਲਾ ਗੁਰਦਾਸਪੁਰ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ ਸਹਿਯੋਗ ਦੀ ਅਪੀਲ ਕੀਤੀ।
ਡਾਕਟਰ ਅਮਰੀਕ ਸਿੰਘ ਨੇ ਕਿਹਾ ਕਿ ਮਿੱਟੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਣ ਲਈ ਝੋਨੇ ਦੀ ਪਰਾਲੀ ਸਮੇਤ ਸਮੁੱਚੀ ਫ਼ਸਲੀ ਰਹਿੰਦ ਖੂਹੰਦ ਨੂੰ ਖੇਤ ਵਿਚ ਹੀ ਸੰਭਾਲਣ ਦੀ ਜ਼ਰੂਰਤ ਹੈ ।
