80 ਸਾਲਾਂ ਤੋਂ ਸੱਤ ਪਿੰਡਾਂ ਦੇ ਲੋਕਾਂ ਦੇ ਸਪਣਿਆਂ ਨੂੰ ਆਪ ਦੀ ਸਰਕਾਰ ਨੇ ਕੀਤਾ ਸਾਕਾਰ, ਦਿਵਾਲੀ ਦੇ ਤੋਹਫੇ ਵਜੋਂ ਮਕੌੜੇ ਪੱਤਣ ਦਾ ਕੰਮ ਨਵੰਬਰ ਵਿੱਚ ਸ਼ੁਰੂ

ਮਕੌੜਾ ਪੱਤਣ ਪੁਲ ਦੇ ਟੈਂਡਰ ਦੀ ਪ੍ਰਕਿਰਿਆ ਮੁਕੰਮਲ, ਨਵੰਬਰ ਵਿੱਚ ਸ਼ੁਰੂ ਹੋਵੇਗਾ ਨਿਰਮਾਣ ਕਾਰਜ: ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ

89.65 ਕਰੋੜ ਰੁਪਏ ਦੀ ਲਾਗਤ ਨਾਲ ਬਣੇਗਾ 1606 ਮੀਟਰ ਲੰਬਾ ਪੁਲ, ਚਾਰ ਕਿਲੋਮੀਟਰ ਅਪਰੋਚ ਰੋਡ ਵੀ ਬਣੇਗੀ

ਦੀਨਾਨਗਰ/ਗੁਰਦਾਸਪੁਰ, 9 ਅਕਤੂਬਰ 2026 (ਮੰਨਨ ਸੈਣੀ)– ਵਿਧਾਨ ਸਭਾ ਹਲਕਾ ਭੋਆ ਸਮੇਤ ਦਰਿਆ ਪਾਰ ਵੱਸਦੇ ਸੱਤ ਪਿੰਡਾਂ ਦੇ ਲੋਕਾਂ ਲਈ ਪੰਜਾਬ ਸਰਕਾਰ ਵੱਲੋਂ ਵੱਡੀ ਖ਼ੁਸ਼ਖ਼ਬਰੀ ਦਿੱਤੀ ਗਈ ਹੈ। ਲੰਮੇ ਸਮੇਂ ਤੋਂ ਉਡੀਕੇ ਜਾ ਰਹੇ ਮਕੌੜਾ ਪੱਤਣ ਪੁਲ ਦੇ ਨਿਰਮਾਣ ਕਾਰਜ ਨੂੰ ਲੈ ਕੇ ਟੈਂਡਰ ਪ੍ਰਕਿਰਿਆ ਮੁਕੰਮਲ ਹੋ ਗਈ ਹੈ ਅਤੇ ਇਸ ਦਾ ਕੰਮ ਬ੍ਰਹਮਪੁੱਤਰਾ ਕੰਸਟਰਕਸ਼ਨ ਕੰਪਨੀ ਨੂੰ ਸੌਂਪ ਦਿੱਤਾ ਗਿਆ ਹੈ। ਪੁਲ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਨਵੰਬਰ ਮਹੀਨੇ ਦੌਰਾਨ ਕੀਤੀ ਜਾਵੇਗੀ। ਇਹ ਜਾਣਕਾਰੀ ਕੈਬਨਿਟ ਮੰਤਰੀ ਪੰਜਾਬ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਇੱਕ ਵਿਸ਼ੇਸ਼ ਬਿਆਨ ਰਾਹੀਂ ਦਿੱਤੀ।

ਕੈਬਨਿਟ ਮੰਤਰੀ ਨੇ ਕਿਹਾ ਕਿ ਮਕੌੜਾ ਪੱਤਣ ਵਿਖੇ ਪੁਲ ਦੀ ਘਾਟ ਕਾਰਨ ਦਰਿਆ ਪਾਰ ਵੱਸਦੇ ਸੱਤ ਪਿੰਡਾਂ ਦੇ ਵਸਨੀਕਾਂ ਨੂੰ ਦਹਾਕਿਆਂ ਤੋਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਵਿੱਚੋਂ ਪੰਜ ਪਿੰਡ ਜ਼ਿਲ੍ਹਾ ਗੁਰਦਾਸਪੁਰ ਅਤੇ ਦੋ ਪਿੰਡ ਜ਼ਿਲ੍ਹਾ ਪਠਾਨਕੋਟ ਦੇ ਅਧੀਨ ਆਉਂਦੇ ਹਨ, ਜੋ ਵਿਧਾਨ ਸਭਾ ਹਲਕਾ ਭੋਆ ਦਾ ਹਿੱਸਾ ਹਨ। ਬਰਸਾਤ ਦੇ ਮੌਸਮ ਦੌਰਾਨ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਇਹ ਪਿੰਡ ਬਾਕੀ ਇਲਾਕੇ ਨਾਲੋਂ ਕੱਟੇ ਜਾਂਦੇ ਹਨ ਅਤੇ ਇੱਥੋਂ ਦੇ ਲੋਕਾਂ ਨੂੰ ਆਵਾਜਾਈ ਲਈ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਇਸ ਅਹਿਮ ਪ੍ਰਾਜੈਕਟ ਨੂੰ ਸਿਰੇ ਚਾੜ੍ਹਨ ਲਈ ਲਗਾਤਾਰ ਯਤਨ ਕੀਤੇ ਗਏ ਹਨ। ਪੁਲ ਦੇ ਨਿਰਮਾਣ ਲਈ ਲੋੜੀਂਦੀਆਂ ਮਨਜ਼ੂਰੀਆਂ ਅਤੇ ਐਨਓਸੀ ਪ੍ਰਾਪਤ ਕਰਨ ਵਾਸਤੇ ਕਈ ਔਕੜਾਂ ਦਾ ਸਾਹਮਣਾ ਕਰਨਾ ਪਿਆ। ਹੁਣ ਲੋੜੀਂਦੀ ਕਾਗਜ਼ੀ ਕਾਰਵਾਈ ਅਤੇ ਟੈਂਡਰ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਨਿਰਮਾਣ ਕਾਰਜ ਸ਼ੁਰੂ ਕਰਨ ਦਾ ਰਾਹ ਪੱਧਰਾ ਹੋ ਗਿਆ ਹੈ।

ਸ੍ਰੀ ਕਟਾਰੂਚੱਕ ਨੇ ਦੱਸਿਆ ਕਿ ਮਕੌੜਾ ਪੱਤਣ ਵਿਖੇ ਬਣਨ ਵਾਲੇ ਇਸ ਪੁਲ ਦੀ ਲੰਬਾਈ 1606 ਮੀਟਰ ਅਤੇ ਚੌੜਾਈ 8.5 ਮੀਟਰ ਹੋਵੇਗੀ। ਇਸ ਦੇ ਨਾਲ ਹੀ ਲਗਭਗ ਚਾਰ ਕਿਲੋਮੀਟਰ ਲੰਬੀ ਅਪਰੋਚ ਰੋਡ ਵੀ ਬਣਾਈ ਜਾਵੇਗੀ, ਜਿਸ ਦੀ ਚੌੜਾਈ 20 ਤੋਂ 22 ਫੁੱਟ ਤੱਕ ਹੋਵੇਗੀ। ਇਸ ਪੂਰੇ ਨਿਰਮਾਣ ਕਾਰਜ ’ਤੇ 89.65 ਕਰੋੜ ਰੁਪਏ ਦੀ ਲਾਗਤ ਆਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਦਾ ਟੀਚਾ ਨਿਰਧਾਰਤ ਸਮੇਂ ਅੰਦਰ ਕੰਮ ਮੁਕੰਮਲ ਕਰਕੇ ਪੁਲ ਨੂੰ ਲੋਕਾਂ ਦੀ ਆਵਾਜਾਈ ਲਈ ਸਮਰਪਿਤ ਕਰਨਾ ਹੈ।

ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਖੇਤਰ ਦੇ ਲੋਕ ਪਿਛਲੇ ਕਰੀਬ 80 ਸਾਲਾਂ ਤੋਂ ਪੁਲ ਦੀ ਉਡੀਕ ਕਰ ਰਹੇ ਹਨ। ਪਹਿਲਾਂ ਦਰਿਆ ਪਾਰ ਜਾਣ ਲਈ ਬੇੜੀਆਂ ਅਤੇ ਕਿਸ਼ਤੀਆਂ ਦਾ ਸਹਾਰਾ ਲੈਣਾ ਪੈਂਦਾ ਸੀ। ਖ਼ਾਸ ਕਰਕੇ ਬਰਸਾਤ ਦੇ ਦਿਨਾਂ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਧ ਜਾਂਦੀਆਂ ਸਨ। ਆਵਾਜਾਈ ਦੇ ਢੁੱਕਵੇਂ ਸਾਧਨ ਨਾ ਹੋਣ ਕਾਰਨ ਬੱਚਿਆਂ ਦੀ ਸਿੱਖਿਆ, ਮਰੀਜ਼ਾਂ ਨੂੰ ਸਿਹਤ ਸੇਵਾਵਾਂ ਤੱਕ ਪਹੁੰਚਾਉਣ ਅਤੇ ਰੋਜ਼ਾਨਾ ਦੇ ਹੋਰ ਕੰਮਾਂ ਲਈ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਝੱਲਣੀ ਪੈਂਦੀ ਸੀ।

ਉਨ੍ਹਾਂ ਕਿਹਾ ਕਿ ਮਕੌੜਾ ਪੱਤਣ ਪੁਲ ਬਣਨ ਨਾਲ ਇਨ੍ਹਾਂ ਸੱਤ ਪਿੰਡਾਂ ਦੇ ਲੋਕਾਂ ਨੂੰ ਆਵਾਜਾਈ ਦੀਆਂ ਸਮੱਸਿਆਵਾਂ ਤੋਂ ਵੱਡੀ ਰਾਹਤ ਮਿਲੇਗੀ। ਇਸ ਨਾਲ ਲੋਕਾਂ ਦਾ ਜ਼ਿਲ੍ਹੇ ਅਤੇ ਸੂਬੇ ਦੇ ਹੋਰਨਾਂ ਖੇਤਰਾਂ ਨਾਲ ਸੰਪਰਕ ਸੁਖਾਲਾ ਹੋਵੇਗਾ। ਸਿੱਖਿਆ, ਸਿਹਤ ਸੇਵਾਵਾਂ, ਰੋਜ਼ਗਾਰ ਅਤੇ ਹੋਰ ਜ਼ਰੂਰੀ ਸਹੂਲਤਾਂ ਤੱਕ ਪਹੁੰਚ ਆਸਾਨ ਹੋਵੇਗੀ। ਇਸ ਤੋਂ ਇਲਾਵਾ, ਬਰਸਾਤ ਦੌਰਾਨ ਪਿੰਡਾਂ ਦੇ ਬਾਕੀ ਇਲਾਕੇ ਨਾਲੋਂ ਸੰਪਰਕ ਟੁੱਟਣ ਦੀ ਸਮੱਸਿਆ ਦੇ ਹੱਲ ਵਿੱਚ ਵੀ ਇਹ ਪੁਲ ਅਹਿਮ ਭੂਮਿਕਾ ਨਿਭਾਏਗਾ।

ਸ੍ਰੀ ਲਾਲ ਚੰਦ ਕਟਾਰੂਚੱਕ ਨੇ ਇਸ ਮਹੱਤਵਪੂਰਨ ਪ੍ਰਾਜੈਕਟ ਨੂੰ ਮਨਜ਼ੂਰੀ ਦੇਣ ਅਤੇ ਅਮਲੀ ਰੂਪ ਦੇਣ ਲਈ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਸਰਕਾਰ ਦੀ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਅਤੇ ਪਿਛੜੇ ਇਲਾਕਿਆਂ ਦੇ ਵਿਕਾਸ ਪ੍ਰਤੀ ਵਚਨਬੱਧਤਾ ਦਾ ਪ੍ਰਤੀਕ ਹੈ।

ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਦਹਾਕਿਆਂ ਤੋਂ ਉਡੀਕ ਰਹੇ ਲੋਕਾਂ ਦਾ ਸੁਪਨਾ ਹੁਣ ਸਾਕਾਰ ਹੋਣ ਵੱਲ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਬਿਨਾਂ ਕਿਸੇ ਪੱਖਪਾਤ ਅਤੇ ਭੇਦਭਾਵ ਤੋਂ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਅਤੇ ਭਵਿੱਖ ਵਿੱਚ ਵੀ ਇਹ ਕਾਰਜ ਜਾਰੀ ਰਹਿਣਗੇ। ਪੰਜਾਬ ਸਰਕਾਰ ਲੋਕ-ਪੱਖੀ ਨੀਤੀਆਂ ਅਤੇ ਯੋਜਨਾਵਾਂ ਦਾ ਲਾਭ ਲੋਕਾਂ ਤੱਕ ਪਹੁੰਚਾਉਣ ਲਈ ਵਚਨਬੱਧ ਹੈ ਅਤੇ ‘ਸਰਕਾਰ ਤੁਹਾਡੇ ਦੁਆਰ’ ਵਰਗੀਆਂ ਪਹਿਲਕਦਮੀਆਂ ਰਾਹੀਂ ਲੋਕਾਂ ਨਾਲ ਸਿੱਧਾ ਸੰਪਰਕ ਬਣਾਇਆ ਜਾ ਰਿਹਾ ਹੈ।

ਉਨ੍ਹਾਂ ਆਸ ਪ੍ਰਗਟਾਈ ਕਿ ਮਕੌੜਾ ਪੱਤਣ ਪੁਲ ਦੇ ਨਿਰਮਾਣ ਨਾਲ ਸਰਹੱਦੀ ਅਤੇ ਦਰਿਆ ਪਾਰਲੇ ਖੇਤਰ ਦੇ ਲੋਕਾਂ ਦੇ ਜੀਵਨ ਵਿੱਚ ਵੱਡਾ ਬਦਲਾਅ ਆਵੇਗਾ ਅਤੇ ਉਨ੍ਹਾਂ ਨੂੰ ਰੋਜ਼ਾਨਾ ਦੀਆਂ ਮੁਸ਼ਕਲਾਂ ਤੋਂ ਰਾਹਤ ਮਿਲੇਗੀ।

Exit mobile version