ਸਰਕਾਰੀ ਸਕੂਲਾਂ ’ਚ ਗੰਦਗੀ ਮਿਲੀ ਤਾਂ ਸਕੂਲ ਮੁਖੀ ਹੋਣਗੇ ਜ਼ਿੰਮੇਵਾਰ: ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਦਾਸਪੁਰ

ਗੁਰਦਾਸਪੁਰ, 8 ਅਕਤੂਬਰ 2026 (ਮੰਨਨ ਸੈਣੀ)। ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਸਾਫ਼-ਸੁਥਰਾ ਤੇ ਸੁਰੱਖਿਅਤ ਮਾਹੌਲ ਦੇਣ ਲਈ ਸਿੱਖਿਆ ਵਿਭਾਗ ਨੇ ‘ਸਕੂਲ ਕਲੀਨਲਿਨੈੱਸ ਐਂਡ ਰੈਡੀਨੈੱਸ ਡਰਾਈਵ’ ਚਲਾਉਣ ਦੇ ਨਿਰਦੇਸ਼ ਦਿੱਤੇ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਗੁਰਦਾਸਪੁਰ ਰਾਜੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਸਕੂਲਾਂ ਵਿੱਚ ਗੰਦਗੀ, ਕੂੜੇ ਦੇ ਢੇਰ ਜਾਂ ਅਵਿਵਸਥਿਤ ਪ੍ਰਬੰਧ ਮਿਲਣ ’ਤੇ ਸਕੂਲ ਮੁਖੀ ਜ਼ਿੰਮੇਵਾਰ ਹੋਵੇਗਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਅਤੇ ਡਿਪਟੀ ਡੀ.ਈ.ਓ, ਬੀ.ਐੱਨ.ਓ, ਡੀ.ਆਰ.ਸੀ ਅਤੇ ਬੀ.ਆਰ.ਸੀ ਵੱਲੋਂ ਰੋਜ਼ਾਨਾ ਸਕੂਲਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਡਾਇਰੈਕਟਰ ਸਕੂਲ ਸਿੱਖਿਆ (ਸੈਕੰਡਰੀ) ਪੰਜਾਬ ਵੱਲੋਂ 21 ਅਗਸਤ ਨੂੰ ਜਾਰੀ ਪੱਤਰ ਅਨੁਸਾਰ ਸਕੂਲ ਮੁਖੀ ਪੂਰੇ ਸਕੂਲ ਕੰਪਲੈਕਸ (ਇਮਾਰਤ) ਦਾ ਖ਼ੁਦ ਨਿਰੀਖਣ ਕਰਕੇ ਤੁਰੰਤ ਦੂਰ ਕੀਤੀਆਂ ਜਾ ਸਕਣ ਵਾਲੀਆਂ ਕਮੀਆਂ ਦੂਰ ਕਰਵਾਉਣਗੇ। ਕਲਾਸਾਂ, ਗਲਿਆਰਿਆਂ, ਖੇਡ ਮੈਦਾਨ ਤੇ ਆਲੇ-ਦੁਆਲੇ ਦਾ ਇਲਾਕਾ ਕੂੜੇ, ਮਲਬੇ, ਰਹਿੰਦ-ਖੂੰਹਦ ਅਤੇ ਗ਼ੈਰ-ਜ਼ਰੂਰੀ ਸਾਮਾਨ ਤੋਂ ਮੁਕਤ ਹੋਣਾ ਚਾਹੀਦਾ ਹੈ। ਜਿੱਥੇ ਉਸਾਰੀ ਜਾਂ ਮੁਰੰਮਤ ਦਾ ਕੰਮ ਚੱਲ ਰਿਹਾ ਹੈ, ਉੱਥੇ ਸਾਮਾਨ ਤੇ ਮਲਬਾ ਸੁਰੱਖਿਅਤ ਢੰਗ ਨਾਲ ਰੱਖਣ ਲਈ ਕਿਹਾ ਗਿਆ ਹੈ। ਕਲਾਸਾਂ, ਪ੍ਰਯੋਗਸ਼ਾਲਾਵਾਂ ਤੇ ਲਾਇਬ੍ਰੇਰੀਆਂ ਵਿੱਚ ਖ਼ਰਾਬ ਬਿਜਲੀ ਫਿਟਿੰਗ, ਸਵਿੱਚ ਆਦਿ ਵੀ ਤੁਰੰਤ ਠੀਕ ਕਰਵਾਉਣ ਦੇ ਨਿਰਦੇਸ਼ ਹਨ।

ਉਨ੍ਹਾਂ ਦੱਸਿਆ ਕਿ ਪਖਾਨਿਆਂ ਤੇ ਪੀਣ ਵਾਲੇ ਪਾਣੀ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਲੜਕਿਆਂ ਤੇ ਲੜਕੀਆਂ ਦੇ ਪਖਾਨੇ ਸਾਫ਼-ਸੁਥਰੇ ਤੇ ਚਾਲੂ ਹਾਲਤ ਵਿੱਚ ਹੋਣ ਅਤੇ ਉੱਥੇ ਪਾਣੀ ਤੇ ਰੋਸ਼ਨੀ ਦੀ ਸਹੂਲਤ ਹੋਵੇ। ਹੱਥ ਧੋਣ ਲਈ ਪਾਣੀ ਤੇ ਸਾਬਣ ਉਪਲਬਧ ਹੋਣਾ ਲਾਜ਼ਮੀ ਹੈ। ਪੀਣ ਵਾਲੇ ਪਾਣੀ ਦੀਆਂ ਸਾਰੀਆਂ ਸਹੂਲਤਾਂ ਵੀ ਸਾਫ਼ ਅਤੇ ਚਾਲੂ ਰੱਖਣ ਲਈ ਕਿਹਾ ਗਿਆ ਹੈ। ਫਾਇਰ ਐਕਸਟਿੰਗਿਸ਼ਰ ਤੇ ਫਸਟ ਏਡ ਕਿੱਟ ਠੀਕ ਹਾਲਤ ਵਿੱਚ ਅਤੇ ਅਜਿਹੀ ਥਾਂ ’ਤੇ ਹੋਣ, ਜਿੱਥੇ ਲੋੜ ਪੈਣ ’ਤੇ ਤੁਰੰਤ ਪਹੁੰਚਿਆ ਜਾ ਸਕੇ। ਦਿਵਿਆਂਗ ਵਿਦਿਆਰਥੀਆਂ ਲਈ ਰਸਤੇ ਵੀ ਰੁਕਾਵਟ-ਰਹਿਤ ਰੱਖਣੇ ਹੋਣਗੇ।

ਉਨ੍ਹਾਂ ਅੱਗੇ ਦੱਸਿਆ ਕਿ ਸਕੂਲ ਮੁਖੀ ਮੁਹਿੰਮ ਦੀ ਸਮੁੱਚੀ ਜ਼ਿੰਮੇਵਾਰੀ ਸੰਭਾਲਦਿਆਂ ਸਟਾਫ਼ ਨੂੰ ਵੱਖ-ਵੱਖ ਕੰਮ ਸੌਂਪਣਗੇ। ਸਟਾਫ਼ ਕਲਾਸਾਂ, ਪਖਾਨਿਆਂ, ਗਲਿਆਰਿਆਂ ਅਤੇ ਖੇਡ ਮੈਦਾਨਾਂ ਦੀ ਸਫ਼ਾਈ ਤੇ ਸਾਂਭ-ਸੰਭਾਲ ਯਕੀਨੀ ਬਣਾਏਗਾ। ਮਿਡ-ਡੇ-ਮੀਲ ਤੈਅ ਮੈਨਿਊ ਅਨੁਸਾਰ ਸਾਫ਼-ਸੁਥਰੇ ਢੰਗ ਨਾਲ ਤਿਆਰ ਕਰਕੇ ਵਿਦਿਆਰਥੀਆਂ ਨੂੰ ਲੋੜੀਂਦੀ ਮਾਤਰਾ ਵਿੱਚ ਦੇਣਾ ਵੀ ਯਕੀਨੀ ਬਣਾਇਆ ਜਾਵੇਗਾ। ਸਕੂਲ ਮੈਨੇਜਮੈਂਟ ਕਮੇਟੀ (ਐੱਸ.ਐੱਮ.ਸੀ) ਦੇ ਮੈਂਬਰ ਸਫ਼ਾਈ, ਸੁਰੱਖਿਆ ਤੇ ਬੁਨਿਆਦੀ ਸਹੂਲਤਾਂ ਦੀ ਨਿਗਰਾਨੀ ਵਿੱਚ ਸਕੂਲ ਮੁਖੀ ਦਾ ਸਹਿਯੋਗ ਕਰਨਗੇ।

Exit mobile version