ਗੁਰਦਾਸਪੁਰ, 7 ਅਕਤੂਬਰ 2026 (ਮੰਨਨ ਸੈਣੀ)। ਮਾਨਯੋਗ ਕਮਿਸ਼ਨਰ ਫੂਡ, ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਸਿਵਲ ਸਰਜਨ ਗੁਰਦਾਸਪੁਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਗੁਰਦਾਸਪੁਰ ਦੀ ਫੂਡ ਸੇਫਟੀ ਟੀਮ ਵੱਲੋਂ ਇੱਕ ਸ਼ਿਕਾਇਤ ‘ਤੇ ਕਾਰਵਾਈ ਕਰਦਿਆਂ ਦੀਨਾਨਗਰ ਦੀ ਇੱਕ ਫਾਸਟ ਫੂਡ ਦੁਕਾਨ ਤੋਂ 2 ਸੈਂਪਲ ਭਰੇ ਗਏ। ਅਸਿਸਟੈਂਟ ਕਮਿਸ਼ਨਰ ਫੂਡ ਡਾ. ਜੀ.ਐੱਸ. ਪੰਨੂ ਦੀ ਅਗਵਾਈ ਹੇਠ ਫੂਡ ਸੇਫਟੀ ਅਫ਼ਸਰ ਰੇਖਾ ਸ਼ਰਮਾ ਵੱਲੋਂ ਦੁਕਾਨ ਦੀ ਚੈਕਿੰਗ ਕੀਤੀ ਗਈ।
ਇਸ ਸਬੰਧੀ ਪ੍ਰੈਸ ਨੋਟ ਜਾਰੀ ਕਰਦੇ ਹੋਏ ਅਸਿਸਟੈਂਟ ਕਮਿਸ਼ਨਰ ਫੂਡ ਡਾ. ਜੀ.ਐੱਸ. ਪੰਨੂ ਨੇ ਦੱਸਿਆ ਕਿ ਵਿਭਾਗ ਨੂੰ ਇੱਕ ਸ਼ਿਕਾਇਤ ਮਿਲੀ ਸੀ ਕਿ ਫਾਸਟ ਫੂਡ ਵਿੱਚ ਸਰਿੰਜ ਦੀ ਸੂਈ ਦਾ ਢੱਕਣ ਪਰੋਸਿਆ ਗਿਆ ਹੈ। ਇਸ ‘ਤੇ ਕਾਰਵਾਈ ਕਰਦਿਆਂ ਸਿਹਤ ਵਿਭਾਗ ਦੀ ਟੀਮ ਨੇ ਉਕਤ ਦੁਕਾਨ ‘ਤੇ ਪਹੁੰਚ ਕੇ ਤਿਆਰ ਕੀਤੇ ਫਾਸਟ ਫੂਡ ਦੇ 2 ਸੈਂਪਲ ਭਰੇ। ਮੌਕੇ ‘ਤੇ ਸਾਮਾਨ ਤਿਆਰ ਕਰਨ ਦੇ ਢੰਗ, ਵਰਤੀ ਜਾ ਰਹੀ ਸਮੱਗਰੀ ਅਤੇ ਹੋਰ ਜ਼ਰੂਰੀ ਗੱਲਾਂ ਬਾਰੇ ਪੁੱਛਗਿੱਛ ਕੀਤੀ ਗਈ। ਇਸ ਦੌਰਾਨ ਜਗ੍ਹਾ ਦੀ ਸਫ਼ਾਈ ਦੀ ਹਾਲਤ ਅਨਹਾਈਜੀਨਿਕ ਪਾਏ ਜਾਣ ‘ਤੇ ਚਲਾਨ ਵੀ ਕੀਤਾ ਗਿਆ ਹੈ, ਜਿਸ ਦਾ ਕੇਸ ਮਾਨਯੋਗ ਅਦਾਲਤ ਵਿੱਚ ਲਗਾਇਆ ਜਾਵੇਗਾ।
ਫਿਲਹਾਲ ਸੈਂਪਲ ਜਾਂਚ ਲਈ ਭੇਜ ਦਿੱਤੇ ਗਏ ਹਨ ਅਤੇ ਰਿਪੋਰਟ ਆਉਣ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਸਮੂਹ ਦੁਕਾਨਦਾਰਾਂ ਅਤੇ ਫਾਸਟ ਫੂਡ ਵੇਚਣ ਵਾਲਿਆਂ ਨੂੰ ਸਾਫ਼-ਸਫ਼ਾਈ ਰੱਖਣ, ਕਾਰੀਗਰਾਂ ਨੂੰ ਸਿਰ ਢੱਕ ਕੇ ਰੱਖਣ ਅਤੇ ਚੰਗੀ ਗੁਣਵੱਤਾ ਵਾਲੀ ਸਮੱਗਰੀ ਵਰਤਣ ਲਈ ਕਿਹਾ। ਪਾਣੀ ਦਾ ਟੈਸਟ ਕਰਵਾਉਣ ਲਈ ਵੀ ਆਖਿਆ ਗਿਆ। ਖਾਣ-ਪੀਣ ਦਾ ਸਾਮਾਨ ਵੇਚਣ ਵਾਲੇ ਸਾਰੇ ਦੁਕਾਨਦਾਰਾਂ ਨੂੰ FSSAI ਦੇ ਨਿਯਮਾਂ ਦੀ ਪਾਲਣਾ ਕਰਨ ਅਤੇ ਪੂਰੀ ਸਫ਼ਾਈ ਵਿਵਸਥਾ ਰੱਖਣ ਲਈ ਕਿਹਾ ਗਿਆ। ਇਸ ਦੇ ਨਾਲ ਹੀ ਫੂਡ ਸੇਫਟੀ ਐਕਟ ਤਹਿਤ ਲਾਇਸੈਂਸ ਜਾਂ ਰਜਿਸਟ੍ਰੇਸ਼ਨ ਦੁਕਾਨ ‘ਤੇ ਡਿਸਪਲੇ ਕਰਨ ਦੀ ਹਦਾਇਤ ਵੀ ਕੀਤੀ ਗਈ।
