ਫੌਜੀ ਗੁਪਤ ਜਾਣਕਾਰੀ ਲੀਕ ਕਰਨ ਦੇ ਬਦਲੇ ਮਿਲੇ 1 ਲੱਖ ਰੁਪਏ ਆਨਲਾਈਨ, 3 ਮੋਬਾਈਲ ਅਤੇ 8 ਕਾਰਤੂਸ ਵੀ ਬਰਾਮਦ
ਗੁਰਦਾਸਪੁਰ, 19 ਮਈ 2025 (ਮਨਨ ਸੈਣੀ) । ਗੁਰਦਾਸਪੁਰ ਪੁਲਿਸ ਨੇ ਰਾਸ਼ਟਰੀ ਸੁਰੱਖਿਆ ਖ਼ਿਲਾਫ਼ ਚੱਲ ਰਹੀ ਇਕ ਵੱਡੀ ਸਾਜ਼ਿਸ਼ ਦਾ ਪਰਦਾਫਾਸ਼ ਕਰਦੇ ਹੋਏ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਕਿ ਭਾਰਤੀ ਫੌਜ ਬਾਰੇ ਗੁਪਤ ਜਾਣਕਾਰੀਆਂ ਪਾਕਿਸਤਾਨ ਦੀ ਖੁਫੀਆ ਏਜੰਸੀ ISI ਤੱਕ ਸਾਂਝੀਆਂ ਕਰ ਰਹੇ ਸਨ। ਪੁਲਿਸ ਨੇ ਇਹ ਕਾਰਵਾਈ ਖ਼ੁਫੀਆ ਇਨਪੁਟਾਂ ਦੇ ਆਧਾਰ ‘ਤੇ ਦੋਰਾਂਗਲਾ ਥਾਣਾ ਖੇਤਰ ‘ਚ ਕੀਤੀ।
ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਸੁਖਪ੍ਰੀਤ ਸਿੰਘ ਵਾਸੀ ਆਦੀਆਂ ਅਤੇ ਕਰਨਬੀਰ ਸਿੰਘ ਵਾਸੀ ਚੰਦੂਵਡਾਲਾ ਵਜੋਂ ਹੋਈ ਹੈ। ਦੋਹਾਂ ਨੂੰ ਗੁਰੂਦਾਸਪੁਰ ਪੁਲਿਸ ਨੇ ਵਿਸ਼ੇਸ਼ ਇੰਟੈਲੀਜੈਂਸ ਅਧਾਰਿਤ ਅਪਰੇਸ਼ਨ ‘ਚ ਕਾਬੂ ਕੀਤਾ। ਇਹ ਦੋਸ਼ੀ ਓਪਰੇਸ਼ਨ ਸਿੰਦੂਰ ਅਧੀਨ ਜਵਾਨਾਂ ਦੀ ਮੂਵਮੈਂਟ, ਰਣਨੀਤਿਕ ਢਾਂਚਿਆਂ ਅਤੇ ਅਹਿਮ ਠਿਕਾਣਿਆਂ ਬਾਰੇ ਜਾਣਕਾਰੀ ISI ਤੱਕ ਲੀਕ ਕਰ ਰਹੇ ਸਨ।

ਡੀਆਈਜੀ ਬਾਰਡਰ ਰੇਂਜ ਸਤਿੰਦਰ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਵੱਲੋਂ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੀਆਂ ਸੰਵੇਦਨਸ਼ੀਲ ਫੌਜੀ ਜਾਣਕਾਰੀਆਂ ISI ਨਾਲ ਸਿੱਧੇ ਸੰਪਰਕ ਰਾਹੀਂ ਸਾਂਝੀਆਂ ਕੀਤੀਆਂ ਜਾ ਰਹੀਆਂ ਸਨ। ਉਨ੍ਹਾਂ ਕੋਲੋਂ 3 ਮੋਬਾਈਲ ਫੋਨ ਅਤੇ .30 ਬੋਰ ਦੇ 8 ਲਾਈਵ ਕਾਰਤੂਸ ਵੀ ਬਰਾਮਦ ਹੋਏ ਹਨ।
ਫੋਰੇਂਸਿਕ ਜਾਂਚ ‘ਚ ਇਹ ਸਾਬਤ ਹੋਇਆ ਹੈ ਕਿ ਦੋਹਾਂ ISI ਦੇ ਐਜੰਟਾਂ ਨਾਲ ਲਗਾਤਾਰ ਸੰਪਰਕ ਵਿੱਚ ਸਨ ਅਤੇ ਉਨ੍ਹਾਂ ਨੂੰ ਜਾਣਕਾਰੀ ਦੇਣ ਦੇ ਬਦਲੇ 1 ਲੱਖ ਰੁਪਏ ਆਨਲਾਈਨ ਟ੍ਰਾਂਸਫਰ ਹੋਏ। ਪੁਲਿਸ ਜਾਂਚ ‘ਚ ਇਹ ਵੀ ਸਾਹਮਣੇ ਆਇਆ ਹੈ ਕਿ ਦੋਹਾਂ ਪਹਿਲਾਂ ਡਰੋਨ ਰਾਹੀਂ ਨਸ਼ਾ ਤਸਕਰੀ ਕਰਦੇ ਸਨ। ਉਨ੍ਹਾਂ ਨੇ ਆਪਣੀ ਗਤੀਵਿਧੀ ਗੁਰਦਾਸਪੁਰ ਕੇਂਦਰੀ ਜੇਲ ‘ਚ ਬੰਦ ਆਪਣੇ ਇਕ ਸਾਥੀ ਦੀ ਰਾਹੀਂ ISI ਨਾਲ ਸੰਪਰਕ ਬਣਾਇਆ। ਇਹ ਸਾਥੀ ਪਹਿਲਾਂ ਤੋਂ ਹੀ ISI ਦੇ ਨੈੱਟਵਰਕ ਨਾਲ ਜੁੜਿਆ ਹੋਇਆ ਹੈ।
ਐਸਐਸਪੀ ਗੁਰਦਾਸਪੁਰ ਅਦਿਤਿਯ ਨੇ ਪੁਸ਼ਟੀ ਕੀਤੀ ਕਿ ਦੋਹਾਂ ਖਿਲਾਫ਼ Official Secrets Act ਅਧੀਨ ਦੋਰਾਂਗਲਾ ਥਾਣੇ ‘ਚ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਦੀ ਜਾਂਚ ਜਾਰੀ ਹੈ ਅਤੇ ਇਸ ਸਾਜ਼ਿਸ਼ ਨਾਲ ਜੁੜੇ ਹੋਰ ਚਿਹਰੇ ਵੀ ਜਲਦੀ ਬੇਨਕਾਬ ਹੋ ਸਕਦੇ ਹਨ।
ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਸਾਫ਼ ਕੀਤਾ ਕਿ ਉਹ ਭਾਰਤੀ ਫੌਜ ਨਾਲ ਪੂਰੀ ਤਰ੍ਹਾਂ ਖੜੀ ਹੈ ਅਤੇ ਦੇਸ਼ ਦੀ ਅਖੰਡਤਾ ਤੇ ਹਮਲਾ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ।