ਗੁਰਦਾਸਪੁਰ, 2 ਅਕਤੂਬਰ 2026 (ਮੰਨਨ ਸੈਣੀ)। ਜ਼ਿਲ੍ਹਾ ਗੁਰਦਾਸਪੁਰ ‘ਚ ਵੋਟਰ ਸੂਚੀਆਂ ਦੀ ਗਹਿਰੀ ਸੁਧਾਈ (ਐੱਸ.ਆਈ.ਆਰ) ਦਾ ਕੰਮ 100 ਫੀਸਦੀ ਮੁਕੰਮਲ ਹੋ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ, ਗੁਰਦਾਸਪੁਰ ਸ੍ਰੀ ਆਦਿਤਿਆ ਉੱਪਲ ਨੇ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਨੇ ਐੱਸ.ਆਈ. ਆਰ- 2026 ਦੀ ਪ੍ਰਕਿਰਿਆ ਪੂਰੀ ਕਰ ਲਈ ਹੈ।
ਉਨ੍ਹਾਂ ਦੱਸਿਆ ਕਿ 13 ਸਤੰਬਰ 2026 ਨੂੰ ਪ੍ਰਕਾਸ਼ਿਤ ਖਰੜਾ ਵੋਟਰ ਸੂਚੀ ਵਿੱਚ 11,85,209 ਵੋਟਰ ਸਨ। ਇਨ੍ਹਾਂ ਵਿੱਚੋਂ 1,76,085 ਵੋਟਰਾਂ ਨੂੰ ਨੋਟਿਸ ਜਾਰੀ ਕੀਤੇ ਗਏ ਸਨ ਕਿਉਂਕਿ ਇਨ੍ਹਾਂ ਵੋਟਰਾਂ ਦਾ ਵੇਰਵਾ ਪਿਛਲੇ ਐੱਸ.ਆਈ.ਆਰ ਡੇਟਾ ਨਾਲ ਮੇਲ ਨਹੀਂ ਖਾਂਦਾ ਸੀ ਜਾਂ ਉਨ੍ਹਾਂ ਦੇ ਵੇਰਵਿਆਂ ਵਿੱਚ ਤਰਕਪੂਰਨ ਖ਼ਾਮੀਆਂ ਸਨ।
ਉਨ੍ਹਾਂ ਦੱਸਿਆ ਕਿ ਸੁਣਵਾਈ ਦੀ ਪ੍ਰਕਿਰਿਆ 100 ਫੀਸਦੀ ਮੁਕੰਮਲ ਕਰਨ ਤੋਂ ਬਾਅਦ, 1,72,938 ਵੋਟਰਾਂ ਨੂੰ ਯੋਗ ਕਰਾਰ ਦਿੱਤਾ ਗਿਆ ਅਤੇ 12 ਅਕਤੂਬਰ 2026 ਨੂੰ ਪ੍ਰਕਾਸ਼ਿਤ ਹੋਣ ਵਾਲੀ ਅੰਤਿਮ ਵੋਟਰ ਸੂਚੀ ਵਿੱਚ ਸ਼ਾਮਲ ਕੀਤਾ ਗਿਆ।
ਸ੍ਰੀ ਆਦਿਤਿਆ ਉੱਪਲ ਨੇ ਦੱਸਿਆ ਕਿ ਦਾਅਵਿਆਂ ਅਤੇ ਇਤਰਾਜ਼ਾਂ ਦੀ ਮਿਆਦ ਦੌਰਾਨ ਨਾਮ ਸ਼ਾਮਲ ਕਰਨ ਲਈ ਲੱਗਭਗ 65782 ਨਵੇਂ ਦਾਅਵੇ ਪ੍ਰਾਪਤ ਹੋਏ ਸਨ। ਇਨ੍ਹਾਂ ਵਿੱਚੋਂ ਸਿਰਫ਼ 13765 ਦਾਅਵੇ ਹੀ ਬਕਾਇਆ ਹਨ ਅਤੇ ਇਹ ਕੰਮ 5 ਅਕਤੂਬਰ 2026 ਤੱਕ ਮੁਕੰਮਲ ਕਰ ਲਿਆ ਜਾਵੇਗਾ ਤਾਂ ਜੋ ਅੰਤਿਮ ਵੋਟਰ ਸੂਚੀ ਸਮੇਂ ਸਿਰ ਛਾਪੀ ਜਾ ਸਕੇ ।
ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਇਹ ਯਕੀਨੀ ਬਣਾਉਣ ਲਈ ਕਿ ਹਰੇਕ ਯੋਗ ਵੋਟਰ ਦਾ ਨਾਮ ਵੋਟਰ ਸੂਚੀ ਵਿੱਚ ਸ਼ਾਮਲ ਹੋਵੇ, ਵੋਟਰਾਂ ਦੀ ਸਹੂਲਤ ਲਈ ਬੂਥ ਪੱਧਰੀ ਅਫਸਰ ਦਾਅਵਿਆਂ ਅਤੇ ਇਤਰਾਜ਼ਾਂ ਦੇ ਮਾਮਲਿਆਂ ਵਿੱਚ ਵੋਟਰਾਂ ਨਾਲ ਸੰਪਰਕ ਕਰਨਗੇ ਅਤੇ ਲੋੜੀਂਦੇ ਦਸਤਾਵੇਜ਼ ਸਿੱਧੇ ਉਨ੍ਹਾਂ ਤੋਂ ਇਕੱਤਰ ਕਰਨਗੇ। ਇਸ ਪ੍ਰਬੰਧ ਨਾਲ ਵੋਟਰਾਂ ਨੂੰ ਦਸਤਾਵੇਜ਼ ਜਮ੍ਹਾਂ ਕਰਵਾਉਣ ਲਈ ਚੋਣ ਰਜਿਸਟਰੇਸ਼ਨ ਅਫਸਰਾਂ ਦੇ ਦਫ਼ਤਰਾਂ ਵਿੱਚ ਜਾਣ ਦੀ ਲੋੜ ਨਹੀਂ ਪਵੇਗੀ। ਵੋਟਰਾਂ ਦੀ ਸਹੂਲਤ ਅਤੇ ਵੋਟਰ ਸੂਚੀ ਨਾਲ ਸਬੰਧਤ ਉਨ੍ਹਾਂ ਦੇ ਸਵਾਲਾਂ ਅਤੇ ਸ਼ੰਕਿਆਂ ਦੇ ਨਿਪਟਾਰੇ ਲਈ ਜ਼ਿਲ੍ਹੇ ਭਰ ਵਿੱਚ ਜ਼ਿਲ੍ਹਾ ਚੋਣ ਅਫ਼ਸਰ ਅਤੇ ਚੋਣ ਰਜਿਸਟਰੇਸ਼ਨ ਅਫ਼ਸਰਾਂ ਦੇ ਦਫ਼ਤਰਾਂ ਵਿੱਚ ਹੈਲਪ ਡੈਸਕ’ ਵੀ ਸਥਾਪਿਤ ਕੀਤੇ ਗਏ ਹਨ।
ਸ੍ਰੀ ਆਦਿਤਿਆ ਉੱਪਲ ਨੇ ਕਿਹਾ ਕਿ ਜ਼ਿਲ੍ਹਾ ਚੋਣ ਅਫ਼ਸਰ, ਗੁਰਦਾਸਪੁਰ ਦਾ ਦਫ਼ਤਰ, ਸਮੁੱਚੇ ਚੋਣ ਅਮਲੇ ਦੇ ਸਹਿਯੋਗ ਨਾਲ, ਇਸ ਪ੍ਰਕਿਰਿਆ ਨੂੰ ਸੁਚਾਰੂ, ਪਾਰਦਰਸ਼ੀ ਅਤੇ ਸਮੇਂ ਸਿਰ ਮੁਕੰਮਲ ਕਰਨ ਲਈ ਪੂਰੀ ਵਾਹ ਲਾ ਰਿਹਾ ਹੈ। ਉਨ੍ਹਾਂ ਨੇ ਸਾਰੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਬੀ.ਐਲ.ਓਜ਼ ਅਤੇ ਹੋਰ ਚੋਣ ਅਧਿਕਾਰੀਆਂ ਨੂੰ ਪੂਰਾ ਸਹਿਯੋਗ ਦੇਣ ਅਤੇ ਚੋਣ ਪ੍ਰਕਿਰਿਆ ਨੂੰ ਸਮੇਂ ਸਿਰ ਨੇਪਰੇ ਚਾੜ੍ਹਨ ਵਿੱਚ ਸਹਾਇਤਾ ਲਈ ਲੋੜ ਪੈਣ ‘ਤੇ ਲੋੜੀਂਦੇ ਦਸਤਾਵੇਜ਼ ਤੇ ਜਾਣਕਾਰੀ ਮੁਹੱਈਆ ਕਰਵਾਉਣ।
