ਗੁਰਦਾਸਪੁਰ, 16 ਮਈ 2025 (ਮਨਨ ਸੈਣੀ)। ਪੰਜਾਬ ਵਿੱਚ ਵਧ ਰਹੀਆਂ ਖ਼ਾਲਿਸਤਾਨੀ ਹਮਲਾਵਰ ਗਤੀਵਿਧੀਆਂ ’ਤੇ ਨਕੇਲ ਪਾਉਂਦੇ ਹੋਏ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਗੁਰਦਾਸਪੁਰ, ਬਟਾਲਾ, ਅੰਮ੍ਰਿਤਸਰ ਅਤੇ ਕਪੂਰਥਲਾ ਦੇ 15 ਥਾਵਾਂ ‘ਤੇ ਇੱਕਸਾਥ ਛਾਪੇ ਮਾਰੇ। ਇਹ ਕਾਰਵਾਈ ਬੱਬਰ ਖ਼ਾਲਸਾ ਇੰਟਰਨੈਸ਼ਨਲ (BKI) ਦੇ ਉਸ ਨੈੱਟਵਰਕ ਖ਼ਿਲਾਫ਼ ਹੋਈ ਜੋ ਦਸੰਬਰ 2024 ਵਿੱਚ ਗੁਰਦਾਸਪੁਰ ਦੇ ਇਕ ਥਾਣੇ ‘ਤੇ ਹੋਏ ਹਥਗੋਲਾ ਹਮਲੇ ’ਚ ਸ਼ਾਮਲ ਸੀ।
ਐਨਆਈਏ ਨੇ ਛਾਪਿਆਂ ਦੌਰਾਨ ਕਈ ਮੋਬਾਈਲ, ਡਿਜ਼ੀਟਲ ਡਿਵਾਈਸ ਅਤੇ ਸਬੰਧਤ ਦਸਤਾਵੇਜ਼ ਕਬਜ਼ੇ ‘ਚ ਲਏ ਹਨ।
ਜਾਂਚ ਅਨੁਸਾਰ, ਇਹ ਠਿਕਾਣੇ ਅਮਰੀਕਾ ਅਧਾਰਤ BKI ਗੈਂਗਸਟਰ ਹਰਪ੍ਰੀਤ ਸਿੰਘ ਉਰਫ਼ ਹੈਪੀ ਪਾਸਿਅਨ ਅਤੇ ਉਸਦੇ ਸਾਥੀ ਸ਼ਮਸ਼ੇਰ ਸਿੰਘ ਸ਼ੇਰਾ ਉਰਫ਼ ਹਣੀ ਨਾਲ ਸਬੰਧਤ ਸਨ। ਇਹ ਲੋਕ ਵਿਦੇਸ਼ਾਂ ਵਿੱਚ ਬੈਠ ਕੇ ਭਾਰਤ ਵਿੱਚ ਆਤੰਕਵਾਦੀ ਗਤੀਵਿਧੀਆਂ ਦੀ ਯੋਜਨਾ ਬਣਾ ਰਹੇ ਸਨ।
ਇਹ ਵੀ ਸਾਹਮਣੇ ਆਇਆ ਹੈ ਕਿ ਪਾਕਿਸਤਾਨ ‘ਚ ਬੈਠਾ BKI ਆਤੰਕੀ ਹਰਵਿੰਦਰ ਸਿੰਘ @ ਰਿੰਦਾ ਦਾ ਨਜ਼ਦੀਕੀ ਹੈਪੀ, ਹਾਲੀਆ ਦਿਨਾਂ ਵਿੱਚ ਪੰਜਾਬ ਅਤੇ ਹਰਿਆਣਾ ਦੇ ਕਈ ਥਾਣਿਆਂ ‘ਤੇ ਹੋਏ ਹਥਗੋਲਾ ਹਮਲਿਆਂ ਦੀ ਸਾਜ਼ਿਸ਼ ‘ਚ ਮੂਲ ਰੂਪ ਵਿੱਚ ਸ਼ਾਮਲ ਰਿਹਾ ਹੈ।
ਗੁਰਦਾਸਪੁਰ ਜ਼ਿਲ੍ਹੇ ਦੇ ਘਣੀਏ ਕੇ ਬੰਗੜ ਥਾਣੇ ‘ਤੇ ਹੋਏ ਹਮਲੇ ਵਿੱਚ ਵੀ ਪਹਿਲਾਂ ਹੀ ਇਹ ਸਾਬਤ ਹੋ ਚੁੱਕਾ ਹੈ ਕਿ ਗ੍ਰਿਫ਼ਤਾਰ ਹੋਏ ਆਰੋਪੀ ਹੈਪੀ, ਸ਼ੇਰਾ ਅਤੇ ਹੋਰ ਵਿਦੇਸ਼ੀ ਹੈਂਡਲਰਾਂ ਦੇ ਨਿਰਦੇਸ਼ ‘ਤੇ ਇਹ ਹਮਲਾ ਕਰਨ ਆਏ ਸਨ।
ਐਨਆਈਏ ਅਨੁਸਾਰ, BKI ਦੇ ਵਿਦੇਸ਼ੀ ਨੈੱਟਵਰਕ ਭਾਰਤ ਵਿੱਚ ਨਵੇਂ ਲੋਕਾਂ ਦੀ ਭਰਤੀ, ਹਥਿਆਰਾਂ ਦੀ ਸਪਲਾਈ, ਫੰਡਿੰਗ ਅਤੇ ਵਿਸ਼ਫੋਟਕ ਪਹੁੰਚਾਉਣ ’ਚ ਸ਼ਾਮਲ ਸਨ। ਇਹਨਾਂ ਦੀ ਯੋਜਨਾ ਸੀ ਕਿ ਭਾਰਤ ਦੀ ਧਰਤੀ ‘ਤੇ ਵੱਡੇ ਪੱਧਰ ’ਤੇ ਹਮਲੇ ਕੀਤੇ ਜਾਣ।
ਇਹ ਜਾਂਚ ਕੇਸ RC-07/2025/NIA/DLI ਅਧੀਨ, ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾਂ ਤਹਿਤ ਜਾਰੀ ਹੈ।
