ਡਿਪਟੀ ਕਮਿਸ਼ਨਰ ਨੇ ਖੇਤੀਬਾੜੀ ਤੇ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਕੀਤੀ ਸਖ਼ਤ ਹਦਾਇਤ
ਗੁਰਦਾਸਪੁਰ, 29 ਸਤੰਬਰ 2026 (ਮੰਨਨ ਸੈਣੀ)– ਗੁਰਦਾਸਪੁਰ ਜ਼ਿਲ੍ਹੇ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਅਤੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਲਈ ਹਰ ਸੰਭਵ ਸਹਿਯੋਗ ਮੁਹੱਈਆ ਕਰਵਾਉਣ ਸਬੰਧੀ ਡਿਪਟੀ ਕਮਿਸ਼ਨਰ ਆਦਿਤਿਆ ਉੱਪਲ ਦੀ ਪ੍ਰਧਾਨਗੀ ਹੇਠ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਤੇ ਕਲੱਸਟਰ ਅਫਸਰਾਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਖੇਤਾਂ ਵਿੱਚ ਪਰਾਲੀ ਨਾ ਸਾੜਨ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਕਿਸਾਨਾਂ ਦੀਆਂ ਸੁਵਿਧਾਵਾਂ ਅਤੇ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਲਈ ਵਿਸਥਾਰ ਨਾਲ ਵਿਚਾਰ- ਵਟਾਂਦਰਾ ਕੀਤਾ ਗਿਆ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਰਾਲੀ ਸਾੜਨ ਦੀ ਰੋਕਥਾਮ ਲਈ ਤਾਇਨਾਤ ਕਲੱਸਟਰ ਅਧਿਕਾਰੀ ਤੇ ਨੋਡਲ ਅਫਸਰ ਆਪਣੇ-ਆਪਣੇ ਖੇਤਰਾਂ ਵਿੱਚ ਸਰਗਰਮੀ ਨਾਲ ਕੰਮ ਕਰਨ ਅਤੇ ਕਿਸਾਨਾਂ ਨਾਲ ਲਗਾਤਾਰ ਸੰਪਰਕ ਬਣਾਈ ਰੱਖਣ।
ਉਨ੍ਹਾਂ ਕਲੱਸਟਰ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸਬੰਧਤ ਸੀਨੀਅਰ ਅਧਿਕਾਰੀਆਂ, ਖ਼ਾਸ ਕਰਕੇ ਐੱਸ.ਡੀ.ਐੱਮਜ਼ ਨਾਲ ਲਗਾਤਾਰ ਤਾਲਮੇਲ ਕਰਕੇ ਖੇਤਰੀ ਪੱਧਰ ’ਤੇ ਆ ਰਹੀਆਂ ਸਮੱਸਿਆਵਾਂ ਦਾ ਤੁਰੰਤ ਨਿਪਟਾਰਾ ਕਰਨ। ਉਨ੍ਹਾਂ ਕਿਹਾ ਕਿ ਸੰਵੇਦਨਸ਼ੀਲ ਪਿੰਡਾਂ ਵਿੱਚ ਜਾ ਕੇ ਸਰਪੰਚਾਂ ਅਤੇ ਮੋਹਤਬਰਾਂ ਨਾਲ ਮੀਟਿੰਗ ਕੀਤੀ ਜਾਵੇ।
ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਲਈ ਉਪਲਬਧ ਮਸ਼ੀਨਰੀ ਅਤੇ ਹੋਰ ਸਹੂਲਤਾਂ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਵੇ ਅਤੇ ਜਿੱਥੇ ਵੀ ਲੋੜ ਹੋਵੇ, ਉਨ੍ਹਾਂ ਦੀ ਮਦਦ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਅਧਿਕਾਰੀ ਇਹ ਵੀ ਯਕੀਨੀ ਬਣਾਉਣ ਕਿ ਕਿਸਾਨਾਂ ਤੱਕ ਸਰਕਾਰੀ ਹਦਾਇਤਾਂ ਅਤੇ ਪਰਾਲੀ ਪ੍ਰਬੰਧਨ ਦੇ ਬਦਲਾਂ ਦੀ ਜਾਣਕਾਰੀ ਸਮੇਂ ਸਿਰ ਪਹੁੰਚੇ।
ਡਿਪਟੀ ਕਮਿਸ਼ਨਰ ਨੇ ਕਿ ਪਰਾਲੀ ਪ੍ਰਬੰਧਨ ਅਤੇ ਕਣਕ ਦੀ ਖਰੀਦ ਦੋਵਾਂ ਮਾਮਲਿਆਂ ਵਿੱਚ ਪ੍ਰਸ਼ਾਸਨ ਦਾ ਉਦੇਸ਼ ਕਿਸਾਨਾਂ ਨੂੰ ਸਹਿਯੋਗ ਦੇਣਾ ਅਤੇ ਉਨ੍ਹਾਂ ਲਈ ਪ੍ਰਕਿਰਿਆ ਨੂੰ ਸੁਖਾਲਾ ਬਣਾਉਣਾ ਹੈ।
ਇਸ ਮੌਕੇ ਅੱਗ ਲੱਗਣ ਦੀ ਘਟਨਾ ਸਬੰਧੀ ਜਾਣਕਾਰੀ ਦੇਣ ਅਤੇ ਅੱਗ ਬੁਝਾਉਣ ਲਈ ਫਾਇਰ ਬਿਰਗੇਡ ਦਫਤਰ ਅਤੇ ਫਾਇਰ ਅਫਸਰ ਦੇ ਮੋਬਾਈਲ ਨੰਬਰ ਵੀ ਸਾਂਝੇ ਕੀਤੇ ਗਏ। ਗੁਰਦਾਸਪੁਰ ਖੇਤਰ ਲਈ 01874- 244983, 244659 ਅਤੇ ਫਾਇਰ ਅਫਸਰ ਦਾ ਨੰਬਰ 99880- 06263 ਅਤੇ ਬਟਾਲਾ ਖੇਤਰ ਲਈ 01871- 240101 ਅਤੇ ਫਾਇਰ ਅਫਸਰ ਦਾ ਨੰਬਰ 98882-10037 ਹੈ।
ਇਸ ਮੌਕੇ ਮਨਿੰਦਰਪਾਲ ਸਿੰਘ ਐੱਸ ਪੀ (ਐੱਚ) ਗੁਰਦਾਸਪੁਰ, ਐੱਸ ਡੀ ਐੱਮ ਬਟਾਲਾ ਸਾਰੰਗਪ੍ਰੀਤ ਸਿੰਘ, ਐੱਸ ਡੀ ਐੱਮ ਡੇਰਾ ਬਾਬਾ ਨਾਨਕ ਲਛਮਣ ਸਿੰਘ, ਐੱਸ ਡੀ ਐੱਮ ਫਤਿਹਗੜ੍ਹ ਚੂੜੀਆਂ ਸੁਖਜਿੰਦਰ ਸਿੰਘ ਟਿਵਾਣਾ, ਮੁੱਖ ਖੇਤੀਬਾੜੀ ਅਫਸਰ ਡਾ ਸ਼ਹਿਬਾਜ਼ ਸਿੰਘ, ਡੀ ਐੱਸ ਪੀ ਡੇਰਾ ਬਾਬਾ ਨਾਨਕ ਸੂਬਾ ਸਿੰਘ, ਐਕਸੀਅਨ ਪੰਜਾਬ ਪਰਦੂਸ਼ਣ ਕੰਟਰੋਲ ਬੋਰਡ ਦੀਪਕ ਚੱਢਾ, ਖੇਤੀਬਾੜੀ ਅਫਸਰਾਂ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।
