ਮਿੰਨੀ ਬਾਈਪਾਸ ਸਮੇਤ ਵੱਖ-ਵੱਖ ਸੜਕਾਂ ਦੀ ਉਸਾਰੀ ਤੇ ਮੁਰੰਮਤ, ਨਵੀਂ ਜਲ ਸਪਲਾਈ ਅਤੇ ਹਰੀਜਨ ਧਰਮਸ਼ਾਲਾ ਦੇ ਨਵੀਨੀਕਰਨ ਦੇ ਕੰਮ ਹੋਣਗੇ- ਰਮਨ ਬਹਿਲ
ਗੁਰਦਾਸਪੁਰ, 27 ਸਤੰਬਰ 2026 (ਮੰਨਨ ਸੈਣੀ)– ਹਲਕਾ ਇੰਚਾਰਜ ਗੁਰਦਾਸਪੁਰ ਰਮਨ ਬਹਿਲ ਵੱਲੋਂ ਅੱਜ ਭੱਠਾ ਕਾਲੋਨੀ, ਹਰਦੋਬਥਵਾਲਾ ਕਾਲੋਨੀ ਅਤੇ ਕਾਲਜ ਰੋਡ ਵਿਖੇ ਇੱਕੋ ਦਿਨ ਵਿੱਚ ਵੱਖ-ਵੱਖ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ ਗਏ। ਇਨ੍ਹਾਂ ਵਿੱਚ ਮਿੰਨੀ ਬਾਈਪਾਸ ਸੜਕ ਦੀ ਉਸਾਰੀ, ਵੱਖ-ਵੱਖ ਸੜਕਾਂ ਦੀ ਮੁਰੰਮਤ ਅਤੇ ਵਿਕਾਸ, ਭੱਠਾ ਕਾਲੋਨੀ ਵਿੱਚ ਨਵੀਂ ਜਲ ਸਪਲਾਈ ਯੋਜਨਾ ਅਤੇ ਹਰੀਜਨ ਧਰਮਸ਼ਾਲਾ ਦੇ ਨਵੀਨੀਕਰਨ ਦੇ ਕੰਮ ਸ਼ਾਮਲ ਹਨ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਮਨ ਬਹਿਲ ਨੇ ਦੱਸਿਆ ਕਿ ਕਾਲਜ ਰੋਡ ਤੋਂ ਮੇਨ ਬਾਈਪਾਸ ਨੂੰ ਜੋੜਨ ਲਈ ਲਗਭਗ 16 ਫੁੱਟ ਚੌੜੀ ਅਤੇ 1.5 ਕਿਲੋਮੀਟਰ ਲੰਮੀ ਮਿੰਨੀ ਬਾਈਪਾਸ ਸੜਕ ਦਾ ਨਿਰਮਾਣ ਕੀਤਾ ਜਾਵੇਗਾ, ਜਿਸ ’ਤੇ ਕਰੀਬ 1.50 ਕਰੋੜ ਰੁਪਏ ਦੀ ਲਾਗਤ ਆਉਣ ਦਾ ਅਨੁਮਾਨ ਹੈ। ਇਸ ਸੜਕ ਦੇ ਬਣਨ ਨਾਲ ਬਾਬੋਵਾਲ ਅਤੇ ਆਸ-ਪਾਸ ਦੇ ਲੋਕਾਂ ਨੂੰ ਸ਼ਹਿਰ ਵਿੱਚੋਂ ਹੋ ਕੇ ਮੇਨ ਬਾਈਪਾਸ ’ਤੇ ਜਾਣ ਦੀ ਲੋੜ ਨਹੀਂ ਪਵੇਗੀ ਅਤੇ ਉਹ ਕਾਲਜ ਰੋਡ ਰਾਹੀਂ ਸਿੱਧੇ ਮਿੰਨੀ ਬਾਈਪਾਸ ਨਾਲ ਜੁੜ ਕੇ ਮੇਨ ਬਾਈਪਾਸ ’ਤੇ ਪਹੁੰਚ ਸਕਣਗੇ।
ਉਨ੍ਹਾਂ ਦੱਸਿਆ ਕਿ ਮਿੰਨੀ ਬਾਈਪਾਸ ਤੋਂ ਭੱਠਾ ਕਾਲੋਨੀ ਹੁੰਦੀ ਹੋਈ ਪਿੰਡ ਹਮਰਾਜਪੁਰ ਅਤੇ ਆਲੇਚੱਕ ਵੱਲ ਜਾਣ ਵਾਲੀ ਲਗਭਗ 2.5 ਕਿਲੋਮੀਟਰ ਲੰਮੀ ਸੜਕ ਦੀ ਮੁਰੰਮਤ ਕਰਵਾਈ ਜਾਵੇਗੀ, ਜਿਸ ’ਤੇ ਕਰੀਬ 75 ਲੱਖ ਰੁਪਏ ਖਰਚ ਹੋਣ ਦਾ ਅਨੁਮਾਨ ਹੈ। ਇਸ ਤੋਂ ਇਲਾਵਾ ਹਰਦੋਬਥਵਾਲਾ ਨੂੰ ਲੱਗਦੀਆਂ ਚਾਰ ਹੋਰ ਸੜਕਾਂ, ਜਿਨ੍ਹਾਂ ਦੀ ਕੁੱਲ ਲੰਬਾਈ ਕਰੀਬ 3 ਕਿਲੋਮੀਟਰ ਅਤੇ ਚੌੜਾਈ 16 ਫੁੱਟ ਹੈ, ਦੇ ਵਿਕਾਸ ’ਤੇ ਲਗਭਗ 1.71 ਕਰੋੜ ਰੁਪਏ ਖਰਚ ਕੀਤੇ ਜਾਣਗੇ।
ਰਮਨ ਬਹਿਲ ਨੇ ਦੱਸਿਆ ਕਿ ਭੱਠਾ ਕਾਲੋਨੀ ਦੇ ਵਸਨੀਕਾਂ ਲਈ ਸਾਫ਼ ਪੀਣ ਵਾਲੇ ਪਾਣੀ ਦੀ ਸਮੱਸਿਆ ਲੰਮੇ ਸਮੇਂ ਤੋਂ ਬਣੀ ਹੋਈ ਸੀ। ਇਸ ਸਮੱਸਿਆ ਦੇ ਹੱਲ ਲਈ ਲਗਭਗ 35 ਲੱਖ ਰੁਪਏ ਦੀ ਲਾਗਤ ਨਾਲ ਨਵੀਂ ਜਲ ਸਪਲਾਈ ਯੋਜਨਾ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਇਸ ਤਹਿਤ ਕਰੀਬ 400 ਫੁੱਟ ਡੂੰਘਾ ਬੋਰ ਕਰਵਾਇਆ ਜਾਵੇਗਾ ਅਤੇ ਡੇਢ ਮਹੀਨੇ ਦੇ ਅੰਦਰ ਕਾਲੋਨੀ ਦੇ ਹਰ ਘਰ ਤੱਕ ਸਾਫ਼ ਪੀਣ ਵਾਲਾ ਪਾਣੀ ਪਹੁੰਚਾਉਣ ਦਾ ਟੀਚਾ ਰੱਖਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਹਰੀਜਨ ਧਰਮਸ਼ਾਲਾ ਦੀ ਹਾਲਤ ਵਿੱਚ ਸੁਧਾਰ ਲਿਆਉਣ ਲਈ 8 ਲੱਖ ਰੁਪਏ ਪੰਜਾਬ ਨਿਰਮਾਣ ਵਿਕਾਸ ਸਕੀਮ ਤਹਿਤ ਦਿੱਤੇ ਗਏ ਹਨ। ਇਸ ਰਕਮ ਨਾਲ ਧਰਮਸ਼ਾਲਾ ਦੀ ਮੁਰੰਮਤ, ਨਵੀਨੀਕਰਨ, ਚਾਰਦੀਵਾਰੀ ਅਤੇ ਪੇਂਟ ਆਦਿ ਦੇ ਕੰਮ ਕਰਵਾਏ ਜਾਣਗੇ, ਤਾਂ ਜੋ ਇਲਾਕਾ ਵਾਸੀ ਆਪਣੇ ਦੁੱਖ-ਸੁੱਖ ਦੇ ਸਮਾਗਮ ਇੱਥੇ ਕਰ ਸਕਣ ਅਤੇ ਉਨ੍ਹਾਂ ਨੂੰ ਬਾਹਰ ਮਹਿੰਗੇ ਪੈਲੇਸਾਂ ਵਿੱਚ ਸਮਾਗਮ ਕਰਨ ਲਈ ਵਾਧੂ ਖਰਚ ਨਾ ਕਰਨਾ ਪਵੇ।
ਰਮਨ ਬਹਿਲ ਨੇ ਇਨ੍ਹਾਂ ਵਿਕਾਸ ਕਾਰਜਾਂ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਸਮੁੱਚੀ ਪਾਰਟੀ ਲੀਡਰਸ਼ਿਪ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਦੇ ਲੋਕਾਂ ਦੀਆਂ ਲੋੜਾਂ ਨੂੰ ਮੁੱਖ ਰੱਖਦਿਆਂ ਉਨ੍ਹਾਂ ਵੱਲੋਂ ਰੱਖੀਆਂ ਮੰਗਾਂ ’ਤੇ ਸਰਕਾਰ ਵੱਲੋਂ ਇਹ ਵਿਕਾਸ ਕਾਰਜ ਸ਼ੁਰੂ ਕਰਵਾਏ ਗਏ ਹਨ।
ਆਪਣੇ ਸਵਰਗੀ ਪਿਤਾ ਸ੍ਰੀ ਖੁਸ਼ਹਾਲ ਬਹਿਲ ਨੂੰ ਯਾਦ ਕਰਦਿਆਂ ਰਮਨ ਬਹਿਲ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਜੀ ਉਨ੍ਹਾਂ ਲਈ ਰਾਜਨੀਤੀ ਵਿੱਚ ਰੋਲ ਮਾਡਲ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਜੀ ਵੱਲੋਂ ਗੁਰਦਾਸਪੁਰ ਦੇ ਵਿਕਾਸ ਲਈ ਜਿਹੜੀਆਂ ਨੀਂਹਾਂ ਰੱਖੀਆਂ ਗਈਆਂ ਸਨ, ਅੱਜ ਉਨ੍ਹਾਂ ਨੂੰ ਅੱਗੇ ਵਧਾਉਣ, ਸੰਵਾਰਨ ਅਤੇ ਮਜ਼ਬੂਤ ਕਰਨ ਦਾ ਸਮਾਂ ਆ ਗਿਆ ਹੈ ਅਤੇ ਇਹ ਸੇਵਾ ਪ੍ਰਮਾਤਮਾ ਨੇ ਉਨ੍ਹਾਂ ਨੂੰ ਬਖਸ਼ੀ ਹੈ।
ਉਨ੍ਹਾਂ ਗੁਰਦਾਸਪੁਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹੁਣ ਤੱਕ ਕਰਵਾਏ ਗਏ ਕੰਮਾਂ ਨੂੰ ਵੇਖਦੇ ਹੋਏ ਉਨ੍ਹਾਂ ’ਤੇ ਭਰੋਸਾ ਕਰਨ ਅਤੇ ਆਉਣ ਵਾਲੇ ਸਮੇਂ ਵਿੱਚ ਗੁਰਦਾਸਪੁਰ ਦੇ ਹੋਰ ਵਿਆਪਕ ਵਿਕਾਸ ਲਈ ਉਨ੍ਹਾਂ ਨੂੰ ਸੇਵਾ ਦਾ ਮੌਕਾ ਦੇਣ।
ਇਸ ਮੌਕੇ ਲੋਕ ਨਿਰਮਾਣ ਵਿਭਾਗ ਗੁਰਦਾਸਪੁਰ ਦੇ ਐਸ.ਡੀ.ਓ. ਲਵਜੀਤ ਸਿੰਘ, ਜੇ.ਈ. ਆਨੰਦ, ਜਲ ਸਪਲਾਈ ਵਿਭਾਗ ਗੁਰਦਾਸਪੁਰ ਦੇ ਜੇ.ਈ. ਰਾਜ ਕੁਮਾਰ, ਮਨਦੀਪ ਸਿੰਘ, ਬਲਾਕ ਸੰਮਤੀ ਦੇ ਚੇਅਰਮੈਨ ਰਣਜੀਤ ਸਿੰਘ ਰਾਣਾ, ਸੰਗਠਨ ਇੰਚਾਰਜ ਭਾਰਤ ਭੂਸ਼ਣ ਸ਼ਰਮਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰਣਜੀਤ ਸਿੰਘ ਹੇਮਰਾਜਪੁਰ, ਬਲਾਕ ਪ੍ਰਧਾਨ ਅਤੇ ਇੰਪਰੂਵਮੈਂਟ ਟਰੱਸਟ ਦੇ ਟਰੱਸਟੀ ਹਿਤੇਸ਼ ਮਹਾਜਨ, ਜ਼ਿਲ੍ਹਾ ਸਕੱਤਰ ਨਸ਼ਾ ਮੁਕਤੀ ਮੋਰਚਾ ਗੁਰਦਾਸਪੁਰ, ਪਵਨ ਕੁਮਾਰ, ਯੂਥ ਪ੍ਰਧਾਨ ਸੰਦੀਪ ਸ਼ੇਰਾ, ਯੂਥ ਆਗੂ ਰਣਜੋਧ ਸਿੰਘ ਹਰਦੋਬਥਵਾਲਾ, ਭੱਠਾ ਕਾਲੋਨੀ ਦੇ ਸਰਪੰਚ ਸੁਖਵਿੰਦਰ ਕੁਮਾਰ ਬਿੱਟੂ ਤੋਂ ਇਲਾਵਾ ਪਿੰਡਾਂ ਦੀ ਸਮੂਹ ਮੈਂਬਰ ਪੰਚਾਇਤ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਹਾਜ਼ਰ ਸਨ।
