ਰਾਜੂ ਬੇਲਾ (ਗੁਰਦਾਸਪੁਰ), 11 ਮਈ 2025 (ਮਨਨ ਸੈਣੀ)। ਕੱਲ੍ਹ 10 ਮਈ ਨੂੰ ਪਿੰਡ ਰਾਜੂ ਬੇਲਾ ਦੇ ਖੇਤਾਂ ਵਿੱਚ ਹੋਏ ਮਿਸਾਈਲ ਧਮਾਕਿਆਂ ਤੋਂ ਬਾਅਦ ਅੱਜ ਪਿੰਡ ਦੇ ਲੋਕਾਂ ਨੇ ਸਰਹੱਦ ‘ਤੇ ਹੋਏ ਸੀਜ਼ਫ਼ਾਇਰ ਦਾ ਖੁੱਲ੍ਹ ਕੇ ਸਵਾਗਤ ਕੀਤਾ। ਲੋਕਾਂ ਨੇ ਕਿਹਾ ਕਿ ਜੰਗ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੁੰਦੀ, ਦੋਹਾਂ ਦੇਸ਼ਾਂ ਨੂੰ ਵਧਦੇ ਹਾਲਾਤਾਂ ਨੂੰ ਰੋਕ ਕੇ ਅਮਨ-ਚੈਨ ਵੱਲ ਵਧਣਾ ਚਾਹੀਦਾ ਹੈ। ਪਰ “ਜੇ ਪਾਕਿਸਤਾਨ ਵੱਲੋਂ ਫਿਰ ਵੀ ਨਾਪਾਕ ਹਲਚਲਾਂ ਕੀਤੀਆਂ ਜਾਂਦੀਆਂ ਨੇ, ਤਾਂ ਅਸੀਂ ਆਪਣੀ ਫੌਜ ਦੇ ਨਾਲ ਹਾਂ। ਅਸੀਂ ਕੰਧੇ ਨਾਲ ਕੰਧਾ ਜੋੜ ਕੇ ਦੇਸ਼ ਦੀ ਰੱਖਿਆ ਕਰਾਂਗੇ।”
ਪਿੰਡ ਦੇ ਭਗਵੰਤ ਸਿੰਘ ਨੇ ਦੱਸਿਆ ਕਿ ਲੋਕਾਂ ਨੇ ਪਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਧਮਾਕੇ ਕਾਰਨ ਬਣੇ ਵੱਡੇ ਡਿੱਗੇ ਨੂੰ ਤੁਰੰਤ ਭਰਵਾਇਆ ਜਾਵੇ, ਤੇ ਕਿਸਾਨਾਂ ਨੂੰ ਖੇਤਾਂ ਵਿੱਚ ਪਾਣੀ ਲਾਉਣ ਦੀ ਇਜਾਜ਼ਤ ਦਿੱਤੀ ਜਾਵੇ।

ਇਸੇ ਦੌਰਾਨ, ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਗਰੂਪ ਸਿੰਘ ਸੇਖਵਾਂ ਵੀ ਕੱਲ ਮੌਕੇ ‘ਤੇ ਪਹੁੰਚ ਕੇ ਹਾਲਾਤ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਪਿੰਡ ਦੇ ਸਰਪੰਚ ਨੂੰ ਹਦਾਇਤ ਦਿੱਤੀ ਕਿ ਪਿੰਡ ਵਿੱਚ ਹੋਏ ਸਾਰੇ ਨੁਕਸਾਨ ਦੀ ਤਫ਼ਸੀਲ ਤਿਆਰ ਕੀਤੀ ਜਾਵੇ। ਉਨ੍ਹਾਂ ਕਿਹਾ ਕਿ,
“ਮੈਂ ਖੁਦ ਇਹ ਸਾਰੀ ਜਾਣਕਾਰੀ ਲੈ ਕੇ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਕਰਾਂਗਾ ਅਤੇ ਸਰਕਾਰ ਵੱਲੋਂ ਪੂਰਾ ਮੁਆਵਜ਼ਾ ਦਵਾਉਣ ਲਈ ਯਤਨ ਕਰਾਂਗਾ।”
ਸੇਖਵਾਂ ਨੇ ਨੁਕਸਾਨ ਝੱਲ ਰਹੇ ਪਰਿਵਾਰਾਂ ਨਾਲ ਸੰਵેਦਨਾ ਜਤਾਈ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਕਿਸੇ ਨੂੰ ਵੀ ਇਕੱਲਾ ਨਹੀਂ ਛੱਡਿਆ ਜਾਵੇਗਾ।
ਪਿੰਡ ਵਾਸੀਆਂ ਨੇ ਫੌਜ ਤੇ ਪੁਲਿਸ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਵਾਰਦਾਤ ਮਗਰੋਂ ਮੌਕੇ ‘ਤੇ ਪਹੁੰਚ ਕੇ ਹਾਲਾਤ ਨੂੰ ਕਾਬੂ ਕੀਤਾ। ਹਾਲਾਤ ਹੁਣ ਕਾਬੂ ‘ਚ ਹਨ ਪਰ ਲੋਕ ਹਾਲੇ ਵੀ ਚੌਕਸ ਹਨ ਅਤੇ ਸ਼ਾਂਤੀ ਦੀ ਉਮੀਦ ਕਰ ਰਹੇ ਹਨ।