ਵੋਟ ਚੋਰਾਂ ਨੂੰ ਅੰਦਰ ਕਰਨਾ ਹੈ ਤੇ ਮਹਾਭ੍ਰਿਸ਼ਟ ਮਾਨ ਸਰਕਾਰ ਨੂੰ ਪੰਜਾਬ ਤੋਂ ਬਾਹਰ: ਰੰਧਾਵਾ

ਵਾਇਰਲ ਫੀਵਰ ਦੇ ਬਾਵਜੂਦ ਧਰਨੇ ’ਚ ਪਹੁੰਚੇ ਸਾਬਕਾ ਡਿਪਟੀ ਸੀਐਮ, ਕਿਹਾ-ਅਸਲ ਵੋਟ ਚੋਰ ਤਾਂ ਮੁੱਖ ਚੋਣ ਕਮਿਸ਼ਨਰ ਨਿਕਲਿਆ

ਲੋਕ ਤੈਅ ਕਰਦੇ ਸਨ ਕਿਸ ਨੂੰ ਵੋਟ ਪਾਉਣੀ ਹੈ, ਹੁਣ ਚੋਣ ਕਮਿਸ਼ਨ ਤੈਅ ਕਰ ਰਿਹਾ ਹੈ ਕਿਸ ਨੂੰ ਵੋਟ ਪਾਉਣ ਦੇਣੀ ਹੈ”

ਭਾਜਪਾ ਤੇ ਆਰਐੱਸਐੱਸ ਬਣੇ ਈਸਟ ਇੰਡੀਆ ਕੰਪਨੀ, ਦੇਸ਼ ਨੂੰ ਮੁੜ ਗੁਲਾਮੀ ਵੱਲ ਧੱਕ ਰਹੇ

ਚੰਡੀਗੜ੍ਹ, 25 ਸਤੰਬਰ 2026 (ਦੀ ਪੰਜਾਬ ਵਾਇਰ)– ਵਾਇਰਲ ਫੀਵਰ ਤੋਂ ਪੀੜਤ ਹੋਣ ਦੇ ਬਾਵਜੂਦ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਅੱਜ ਚੰਡੀਗੜ੍ਹ ਵਿੱਚ ਕਾਂਗਰਸ ਵੱਲੋਂ ਵੋਟ ਦੇ ਅਧਿਕਾਰ ਅਤੇ ਚੋਣ ਪ੍ਰਕਿਰਿਆ ਨਾਲ ਜੁੜੇ ਮੁੱਦਿਆਂ ਨੂੰ ਲੈ ਕੇ ਕੀਤੇ ਗਏ ਧਰਨੇ ਵਿੱਚ ਪਹੁੰਚੇ। ਇਸ ਮੌਕੇ ਰੰਧਾਵਾ ਨੇ ਕੇਂਦਰ ਸਰਕਾਰ, ਮੁੱਖ ਚੋਣ ਕਮਿਸ਼ਨਰ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ’ਤੇ ਤਿੱਖੇ ਸਿਆਸੀ ਹਮਲੇ ਕੀਤੇ।

ਰੰਧਾਵਾ ਨੇ ਕਿਹਾ ਕਿ “ਅਸਲ ਵੋਟ ਚੋਰ ਤਾਂ ਮੁੱਖ ਚੋਣ ਕਮਿਸ਼ਨਰ ਨਿਕਲਿਆ।” ਉਨ੍ਹਾਂ ਕਿਹਾ ਕਿ ਕਾਂਗਰਸ ਲੋਕਤੰਤਰ ਅਤੇ ਸੰਵਿਧਾਨ ਦੀ ਰੱਖਿਆ ਲਈ ਪੂਰੀ ਮਜ਼ਬੂਤੀ ਨਾਲ ਲੜ ਰਹੀ ਹੈ। ਉਨ੍ਹਾਂ ਕਿਹਾ ਕਿ ਵੋਟ ਚੋਰਾਂ ਨੂੰ ਅੰਦਰ ਕਰਵਾਉਣਾ ਹੈ ਅਤੇ ਪੰਜਾਬ ਦੀ ਮਹਾਭ੍ਰਿਸ਼ਟ ਮਾਨ ਸਰਕਾਰ ਨੂੰ ਪੰਜਾਬ ਤੋਂ ਬਾਹਰ ਦਾ ਰਸਤਾ ਦਿਖਾਉਣਾ ਹੈ।

ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਲੰਮੇ ਸਮੇਂ ਤੋਂ ਵੋਟਰ ਸੂਚੀਆਂ ਅਤੇ ਚੋਣ ਪ੍ਰਕਿਰਿਆ ਨਾਲ ਜੁੜੇ ਸਵਾਲ ਲਗਾਤਾਰ ਉਠਾਉਂਦੇ ਆ ਰਹੇ ਹਨ। ਹਰ ਨਾਗਰਿਕ ਦੇ ਵੋਟ ਦੇ ਅਧਿਕਾਰ ਦੀ ਰੱਖਿਆ ਕਰਨਾ ਕਾਂਗਰਸ ਦੀ ਸਭ ਤੋਂ ਵੱਡੀ ਤਰਜੀਹ ਹੈ। ਰੰਧਾਵਾ ਨੇ ਦੋਸ਼ ਲਾਇਆ ਕਿ ਪਹਿਲਾਂ ਲੋਕ ਤੈਅ ਕਰਦੇ ਸਨ ਕਿ ਵੋਟ ਕਿਸ ਨੂੰ ਪਾਉਣੀ ਹੈ, ਹੁਣ ਚੋਣ ਕਮਿਸ਼ਨ ਤੈਅ ਕਰ ਰਿਹਾ ਹੈ ਕਿ ਕਿਸ ਨੂੰ ਵੋਟ ਪਾਉਣ ਦੇਣੀ ਹੈ। ਕਿਸ ਦੀ ਵੋਟ ਕੱਟਣੀ ਹੈ ਤੇ ਕਿਸ ਦੀ ਬਚਾਉਣੀ ਹੈ, ਇਹ ਸਭ ਕੁਝ ਮੁੱਖ ਚੋਣ ਕਮਿਸ਼ਨਰ ਨੇ ਆਪਣੇ ਹੱਥ ਵਿੱਚ ਲੈ ਲਿਆ ਹੈ।

ਰੰਧਾਵਾ ਨੇ ਕਿਹਾ ਕਿ ਕਾਂਗਰਸ ਪਿਛਲੇ ਦੋ ਸਾਲਾਂ ਤੋਂ ਸੰਸਦ ਦੇ ਅੰਦਰ “ਵੋਟ ਚੋਰ, ਗੱਦੀ ਛੱਡ” ਦਾ ਨਾਅਰਾ ਲਗਾ ਕੇ ਕੇਂਦਰ ਸਰਕਾਰ ਨੂੰ ਘੇਰਦੀ ਰਹੀ ਹੈ, ਪਰ ਹੁਣ ਅਸਲ ਵੋਟ ਚੋਰ ਮੁੱਖ ਚੋਣ ਕਮਿਸ਼ਨਰ ਹੀ ਨਿਕਲਿਆ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਵੋਟ ਚੋਰ ਨੂੰ ਫੜ ਲਿਆ ਹੈ ਅਤੇ ਹੁਣ ਵੋਟ ਦੀ ਚੋਰੀ ਵੀ ਰੋਕਾਂਗੇ।

ਦੇਸ਼ ਦੀ ਆਜ਼ਾਦੀ ਦਾ ਜ਼ਿਕਰ ਤੇ ਭਾਜਪਾ-ਆਰਐੱਸਐੱਸ ’ਤੇ ਤਿੱਖਾ ਹਮਲਾ ਕਰਦਿਆਂ ਰੰਧਾਵਾ ਨੇ ਕਿਹਾ ਕਿ ਭਾਰਤ ਨੇ ਬਹੁਤ ਵੱਡੀਆਂ ਕੁਰਬਾਨੀਆਂ ਦੇ ਕੇ ਆਜ਼ਾਦੀ ਹਾਸਲ ਕੀਤੀ ਸੀ। ਉਨ੍ਹਾਂ ਦੋਸ਼ ਲਾਇਆ ਕਿ ਉਸ ਵੇਲੇ ਈਸਟ ਇੰਡੀਆ ਕੰਪਨੀ ਆਈ ਸੀ ਅਤੇ ਹੁਣ ਭਾਜਪਾ ਤੇ ਆਰਐੱਸਐੱਸ ਈਸਟ ਇੰਡੀਆ ਕੰਪਨੀ ਬਣੇ ਹੋਏ ਹਨ। ਇਹ ਲੋਕ ਦੇਸ਼ ਨੂੰ ਮੁੜ ਗੁਲਾਮੀ ਵੱਲ ਲੈ ਕੇ ਜਾ ਰਹੇ ਹਨ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਸੰਸਦ ਵਿੱਚ ਨਹੀਂ ਆਉਂਦੇ ਅਤੇ ਲੋਕਤੰਤਰਿਕ ਸੰਸਥਾਵਾਂ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ।

ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ’ਤੇ ਵਰ੍ਹਦਿਆਂ ਰੰਧਾਵਾ ਨੇ ਦੋਸ਼ ਲਾਇਆ ਕਿ ‘ਆਪ’ ਸਰਕਾਰ ਨੇ ਕਾਨੂੰਨ-ਵਿਵਸਥਾ ਸੁਧਾਰਨ ਅਤੇ ਭ੍ਰਿਸ਼ਟਾਚਾਰ ਖ਼ਤਮ ਕਰਨ ਦੇ ਵੱਡੇ-ਵੱਡੇ ਦਾਅਵੇ ਕੀਤੇ ਸਨ, ਪਰ ਜ਼ਮੀਨੀ ਹਕੀਕਤ ਇਨ੍ਹਾਂ ਦਾਅਵਿਆਂ ਤੋਂ ਬਿਲਕੁਲ ਉਲਟ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਗੈਂਗਸਟਰਵਾਦ ਅਤੇ ਭ੍ਰਿਸ਼ਟਾਚਾਰ ਨੂੰ ਲੈ ਕੇ ਲੋਕਾਂ ਵਿੱਚ ਗੰਭੀਰ ਚਿੰਤਾ ਹੈ ਅਤੇ ਸਰਕਾਰ ਤੇ ਪੁਲਿਸ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਹੋ ਰਹੇ ਹਨ।

ਰੰਧਾਵਾ ਨੇ ਕਿਹਾ ਕਿ ਪੰਜਾਬ ਕਾਂਗਰਸ ਪੂਰੀ ਤਰ੍ਹਾਂ ਇਕਜੁੱਟ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਇੱਕੋ ਟੀਚਾ ਹੈ-ਪੰਜਾਬ ਵਿੱਚੋਂ ਗੈਂਗਸਟਰਵਾਦ ਨੂੰ ਖ਼ਤਮ ਕਰਨਾ ਅਤੇ ਭਗਵੰਤ ਮਾਨ ਸਰਕਾਰ ਦਾ ਸਿਆਸੀ ਤੌਰ ’ਤੇ ਮੁਕਾਬਲਾ ਕਰਨਾ। ਉਨ੍ਹਾਂ ਦੋਸ਼ ਲਾਇਆ ਕਿ ਭਗਵੰਤ ਮਾਨ ਸਰਕਾਰ ਅਤੇ ਉਸ ਦੀ ਪੁਲਿਸ ਗੈਂਗਸਟਰਾਂ ਨਾਲ ਮਿਲੀ ਹੋਈ ਹੈ। ਉਨ੍ਹਾਂ ਕਿਹਾ ਕਿ ਅਸੀਂ ਵੋਟ ਚੋਰਾਂ ਨੂੰ ਅੰਦਰ ਕਰਵਾਉਣਾ ਹੈ ਅਤੇ ਭ੍ਰਿਸ਼ਟ ਸਰਕਾਰ ਨੂੰ ਬਾਹਰ ਦਾ ਰਸਤਾ ਦਿਖਾਉਣਾ ਹੈ।

ਅੰਤ ਵਿੱਚ ਰੰਧਾਵਾ ਨੇ ਕਿਹਾ ਕਿ ਲੋਕਤੰਤਰ ਦੀ ਸਭ ਤੋਂ ਵੱਡੀ ਤਾਕਤ ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਹਨ। ਜੇਕਰ ਵੋਟਰ ਦੇ ਅਧਿਕਾਰ ’ਤੇ ਸਵਾਲ ਖੜ੍ਹੇ ਹੁੰਦੇ ਹਨ ਤਾਂ ਇਹ ਪੂਰੇ ਲੋਕਤੰਤਰਿਕ ਢਾਂਚੇ ਲਈ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਹਰ ਨਾਗਰਿਕ ਦੇ ਵੋਟ ਦੇ ਅਧਿਕਾਰ ਦੀ ਰੱਖਿਆ ਲਈ ਸੜਕ ਤੋਂ ਸੰਸਦ ਤੱਕ ਆਪਣਾ ਲੋਕਤੰਤਰਿਕ ਸੰਘਰਸ਼ ਜਾਰੀ ਰੱਖੇਗੀ।

Exit mobile version