ਪੁਲਿਸ ਜ਼ਿਲ੍ਹਾ ਗੁਰਦਾਸਪੁਰ ਦੇ 10 ਬਲਾਕਾਂ ਵਿੱਚ ਪੇਂਟਿੰਗ ਮੁਕਾਬਲੇ ਕਰਵਾਏ ਗਏ

ਵਿਦਿਆਰਥੀਆਂ ਨੇ ਰਚਨਾਤਮਕਤਾ ਅਤੇ ਕਲਾਤਮਕ ਪ੍ਰਤਿਭਾ ਦਾ ਕੀਤਾ ਸ਼ਾਨਦਾਰ ਪ੍ਰਦਰਸ਼ਨ

ਗੁਰਦਾਸਪੁਰ, 25 ਸਤੰਬਰ 2026 (ਮੰਨਨ ਸੈਣੀ)– ਪੰਜਾਬ ਪੁਲਿਸ ਦੇ Community Affairs Division (CAD), ਪੰਜਾਬ ਵੱਲੋਂ ਪ੍ਰਾਪਤ ਦਿਸ਼ਾ-ਨਿਰਦੇਸ਼ਾਂ ਅਨੁਸਾਰ,  ਜ਼ਿਲ੍ਹੇ ਵਿੱਚ ਐਸ .ਐਸ.ਪੀ ਗੁਰਦਾਸਪੁਰ  ਅਦਿਤਿਆ ਅਤੇ ਐਸ.ਪੀ. ਹੈਡਕੁਆਰਟਰ  ਮਨਿੰਦਰ ਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ, ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਗੁਰਦਾਸਪੁਰ ਦੇ ਸਹਿਯੋਗ ਨਾਲ ਅਤੇ ਜ਼ਿਲ੍ਹਾ ਗਾਈਡੈਂਸ ਕੌਂਸਲਰ ਸ੍ਰੀ ਮੁਕੇਸ਼ ਵਰਮਾ ਦੀ ਦੇਖਰੇਖ ਹੇਠ ਜ਼ਿਲ੍ਹੇ ਦੇ ਦਸਾਂ ਬਲਾਕਾਂ ਵਿੱਚ ਵਿਦਿਆਰਥੀਆਂ ਦੀ ਰਚਨਾਤਮਕਤਾ, ਕਲਾਤਮਕ ਪ੍ਰਤਿਭਾ, ਸਮਾਜਿਕ ਜਾਗਰੂਕਤਾ ਅਤੇ ਕਮਿਊਨਿਟੀ ਆਊਟਰੀਚ ਨੂੰ ਉਤਸ਼ਾਹਿਤ ਕਰਨ ਲਈ ਬਲਾਕ ਪੱਧਰੀ ਪੇਂਟਿੰਗ ਮੁਕਾਬਲੇ ਕਰਵਾਏ ਗਏ।

ਇਹ ਮੁਕਾਬਲੇ ਪੁਲਿਸ ਜ਼ਿਲ੍ਹਾ ਗੁਰਦਾਸਪੁਰ ਦੇ 10 ਬਲਾਕਾਂ—ਧਾਰੀਵਾਲ-1, ਧਾਰੀਵਾਲ-2, ਕਾਹਨੂਵਾਨ-1, ਕਾਹਨੂਵਾਨ-2, ਗੁਰਦਾਸਪੁਰ-1, ਗੁਰਦਾਸਪੁਰ-2, ਦੀਨਾਨਗਰ-1, ਦੀਨਾਨਗਰ-2, ਦੋਰਾਂਗਲਾ-1 ਅਤੇ ਕਲਾਨੌਰ ਵਿੱਚ ਕਰਵਾਏ ਗਏ। ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਇਨ੍ਹਾਂ ਮੁਕਾਬਲਿਆਂ ਵਿੱਚ ਉਤਸ਼ਾਹ ਨਾਲ ਭਾਗ ਲੈਂਦਿਆਂ ਆਪਣੀ ਕਲਾਤਮਕ ਅਤੇ ਰਚਨਾਤਮਕ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਪੰਜਾਬ ਪੁਲਿਸ ਵੱਲੋਂ ਕਰਵਾਏ ਗਏ ਇਨ੍ਹਾਂ ਪੇਂਟਿੰਗ ਮੁਕਾਬਲਿਆਂ ਲਈ ਮੁੱਖ ਵਿਸ਼ਿਆਂ ਵਿੱਚ ‘ਨਸ਼ਿਆਂ ਨੂੰ ਨਾਂਹ’, ‘ਰਾਸ਼ਟਰੀ ਏਕਤਾ ਦਿਵਸ’, ‘ਕੂੜਾ ਪ੍ਰਬੰਧਨ’ ਅਤੇ ‘ਮੋਬਾਈਲ ਦੀ ਲਤ’ ਸ਼ਾਮਲ ਰਹੇ। ਇਨ੍ਹਾਂ ਵਿਸ਼ਿਆਂ ਰਾਹੀਂ ਵਿਦਿਆਰਥੀਆਂ ਨੂੰ ਸਮਾਜਿਕ ਸਮੱਸਿਆਵਾਂ ਪ੍ਰਤੀ ਜਾਗਰੂਕ ਕਰਨ ਦੇ ਨਾਲ-ਨਾਲ ਆਪਣੀ ਕਲਾਤਮਕ ਸੋਚ ਅਤੇ ਵਿਚਾਰਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਗਟ ਕਰਨ ਲਈ ਮੰਚ ਪ੍ਰਦਾਨ ਕੀਤਾ ਗਿਆ।

ਮੁਕਾਬਲਿਆਂ ਦੌਰਾਨ ਵਿਦਿਆਰਥੀਆਂ ਨੇ ਵੱਖ-ਵੱਖ ਸਮਾਜਿਕ ਮੁੱਦਿਆਂ ਨੂੰ ਆਪਣੀਆਂ ਪੇਂਟਿੰਗਾਂ ਰਾਹੀਂ ਬੇਹੱਦ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ। ਵਿਦਿਆਰਥੀਆਂ ਦੀ ਭਾਗੀਦਾਰੀ ਨੇ ਇਹ ਦਰਸਾਇਆ ਕਿ ਨੌਜਵਾਨ ਪੀੜ੍ਹੀ ਨਾ ਸਿਰਫ਼ ਕਲਾ ਅਤੇ ਰਚਨਾਤਮਕਤਾ ਵਿੱਚ ਰੁਚੀ ਰੱਖਦੀ ਹੈ, ਸਗੋਂ ਸਮਾਜਿਕ ਸਰੋਕਾਰਾਂ ਪ੍ਰਤੀ ਵੀ ਸੰਵੇਦਨਸ਼ੀਲ ਹੈ।

ਇਨ੍ਹਾਂ ਮੁਕਾਬਲਿਆਂ ਦੇ ਸੁਚੱਜੇ ਆਯੋਜਨ ਲਈ ਜ਼ਿਲ੍ਹਾ ਗਾਈਡੈਂਸ ਕੌਂਸਲਰ ਮੁਕੇਸ਼ ਵਰਮਾ, ਬਲਾਕ ਗਾਈਡੈਂਸ ਕੌਂਸਲਰ ਸ੍ਰੀ ਹਰਗੋਬਿੰਦਪੁਰ ਰਾਜਪ੍ਰੀਤ ਸਿੰਘ, ਜਸਬੀਰ ਸਿੰਘ, ਗੁਰਦਾਸਪੁਰ-1, ਪ੍ਰਿੰਸੀਪਲ ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਰਦਾਸਪੁਰ ਬਲਜਿੰਦਰ ਕੌਰ ਅਤੇ ਬੀ.ਐਨ.ਓ. ਗੁਰਦਾਸਪੁਰ-1 ਗੀਤੀਕਾ ਗੋਸਵਾਮੀ ਵੱਲੋਂ ਮਹੱਤਵਪੂਰਨ ਭੂਮਿਕਾ ਨਿਭਾਈ ਗਈ।

ਇਸ ਮੌਕੇ ਇੰਸਪੈਕਟਰ ਸ੍ਰੀਮਤੀ ਅਮਨਦੀਪ ਕੌਰ, ਇੰਚਾਰਜ ਸਾਂਝ ਕੇਂਦਰ ਅਤੇ ਸਬ-ਇੰਸਪੈਕਟਰ ਬਲਰਾਜ ਸਿੰਘ ਸਮੇਤ ਪੁਲਿਸ ਵਿਭਾਗ ਦੇ ਅਧਿਕਾਰੀ ਵੀ ਮੌਜੂਦ ਰਹੇ ਅਤੇ ਮੁਕਾਬਲਿਆਂ ਦੇ ਆਯੋਜਨ ਵਿੱਚ ਆਪਣਾ ਸਹਿਯੋਗ ਦਿੱਤਾ।

ਇਸ ਮੌਕੇ ਸਾਂਝ ਕੇਂਦਰ ਗੁਰਦਾਸਪੁਰ ਦੀ ਇੰਚਾਰਜ ਇੰਸਪੈਕਟਰ ਸ੍ਰੀਮਤੀ ਅਮਨਦੀਪ ਕੌਰ ਨੇ ਕਿਹਾ ਕਿ ਪੇਂਟਿੰਗ ਮੁਕਾਬਲੇ ਵਿਦਿਆਰਥੀਆਂ ਨੂੰ ਆਪਣੀ ਰਚਨਾਤਮਕਤਾ ਪ੍ਰਗਟ ਕਰਨ ਦੇ ਨਾਲ-ਨਾਲ ਸਮਾਜਿਕ ਮੁੱਦਿਆਂ ਪ੍ਰਤੀ ਜਾਗਰੂਕ ਹੋਣ ਦਾ ਮੌਕਾ ਪ੍ਰਦਾਨ ਕਰਦੇ ਹਨ।

ਇਸ ਮੌਕੇ ਜ਼ਿਲ੍ਹਾ ਗਾਈਡੈਂਸ ਕੌਂਸਲਰ ਮੁਕੇਸ਼ ਵਰਮਾ ਨੇ ਕਿਹਾ ਕਿ ਅਜਿਹੇ ਰਚਨਾਤਮਕ ਮੁਕਾਬਲੇ ਵਿਦਿਆਰਥੀਆਂ ਦੀ ਛੁਪੀ ਹੋਈ ਪ੍ਰਤਿਭਾ ਨੂੰ ਸਾਹਮਣੇ ਲਿਆਉਣ ਦੇ ਨਾਲ-ਨਾਲ ਉਨ੍ਹਾਂ ਵਿੱਚ ਆਤਮ-ਵਿਸ਼ਵਾਸ, ਰਚਨਾਤਮਕ ਸੋਚ, ਸਮਾਜਿਕ ਜ਼ਿੰਮੇਵਾਰੀ ਅਤੇ ਜਾਗਰੂਕਤਾ ਦੀ ਭਾਵਨਾ ਪੈਦਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।

Exit mobile version