ਸੁਖਬੀਰ ਸਿੰਘ ਬਾਦਲ ਨੇ ਗੈਰ ਕਾਨੂੰਨੀ ਰੇਤ ਮਾਇਨਿੰਗ ਦੀ ਕੇਂਦਰੀ ਜਾਂਚ ਮੰਗੀ, ਕਿਹਾ ਕਿ ਇਸ ਗੈਰ ਕਾਨੂੰਨੀ ਵਪਾਰ ਦਾ ਪੈਸਾ ਅਰਵਿੰਦ ਕੇਜਰੀਵਾਲ ਕੋਲ ਜਾ ਰਿਹੈ

ਐਲਾਨ ਕੀਤਾ ਕਿ ਅਗਲੀ ਅਕਾਲੀ ਦਲ ਦੀ ਸਰਕਾਰ ਖਾਲੀ ਪਈਆਂ 3 ਲੱਖ ਸਰਕਾਰੀ ਆਸਾਮੀਆਂ ਭਰੇਗੀ ਤੇ ਬੁਢਾਪਾ ਪੈਨਸ਼ਨ ਹਾਸਲ ਕਰਨ ਵਾਸਤੇ ਉਮਰ ਵੀ ਘਟਾਏਗੀ

ਜ਼ੋਰ ਦੇ ਕੇ ਕਿਹਾ ਕਿ ਵਾਰਿਸ ਪੰਜਾਬ ਦੇ ਜਥੇਬੰਦੀ ਆਮ ਆਦਮੀ ਪਾਰਟੀ ਨੇ ਖੜ੍ਹੀ ਕੀਤੀ ਤੇ ਹਰ ਮਹੀਨਾ ਉਸਨੂੰ ਮਿਲ ਰਹੇ ਹਨ ਪੈਸੇ

ਅਜਨਾਲਾ,/ਚੰਡੀਗੜ੍ਹ,24 ਸਤੰਬਰ 2026 (ਦੀ ਪੰਜਾਬ ਵਾਇਰ)– ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬ ਵਿਚ ਹੋ ਰਹੀ ਗੈਰ ਕਾਨੂੰਨੀ ਰੇਤ ਮਾਇਨਿੰਗ ਦੀ ਕੇਂਦਰੀ ਜਾਂਚ ਦੀ ਮੰਗ ਕੀਤੀ ਅਤੇ ਜ਼ੋਰ ਦੇ ਕੇ ਕਿਹਾ ਕਿ ਇਸ ਗੈਰ ਕਾਨੂੰਨੀ ਵਪਾਰ ਤੋਂ ਹੋ ਰਹੀ ਆਮਦਨ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਕੋਲ ਜਾ ਰਹੀ ਹੈ।

ਅਕਾਲੀ ਦਲ ਦੇ ਪ੍ਰਧਾਨ, ਜਿਹਨਾਂ ਨੇ ਇਥੇ ਵਿਸ਼ਾਲ ਪੰਜਾਬ ਬਚਾਓ ਰੈਲੀ ਨੂੰ ਸੰਬੋਧਨ ਕੀਤਾ ਜਿਸ ਦੌਰਾਨ ਹਜ਼ਾਰਾਂ ਲੋਕਾਂ ਨੇ ਖੁੱਲ੍ਹੇ ਵਿਚ ਖੜ੍ਹੇ ਹੋ ਕੇ ਉਹਨਾਂ ਦੇ ਵਿਚਾਰ ਸੁਣੇ ਕਿਉਂਕਿ ਅੱਜ ਸਵੇਰੇ ਆਏ ਤੂਫਾਨ ਵਿਚ ਰੈਲੀ ਵਾਸਤੇ ਲਾਏ ਟੈਂਟ ਨੁਕਸਾਨੇ ਗਏ ਸਨ। ਉਹਨਾਂ ਨੇ ਹਲਕਾ ਇੰਚਾਰਜ ਜੋਧ ਸਿੰਘ ਸਮਰਾ ਤੇ ਉਹਨਾਂ ਦੀ ਟੀਮ ਵੱਲੋਂ ਇਸ ਰੈਲੀ ਨੂੰ ਸਫਲ ਬਣਾਉਣ ਲਈ ਪੂਰੇ ਸਮਰਪਣ ਤੇ ਦ੍ਰਿੜ੍ਹਤਾ ਨਾਲ ਕੀਤੀ ਮਿਹਨਤ ਦੀ ਸ਼ਲਾਘਾ ਕੀਤੀ। ਪਾਰਟੀ ਪ੍ਰਧਾਨ ਨੇ ਉਹਨਾਂ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਹਲਕੇ ਤੋਂ ਪਾਰਟੀ ਉਮੀਦਵਾਰ ਵੀ ਐਲਾਨਿਆ।

 ਉਹਨਾਂ ਜ਼ੋਰ ਦੇ ਕੇ ਕਿਹਾ ਕਿ ਪਾਰਟੀ ਕੇਡਰ ਤੇ ਉਤਸ਼ਾਹ ਤੇ ਹੌਂਸਲੇ ਨੂੰ ਵੇਖਦਿਆਂ ਸਪਸ਼ਟ ਹੋ ਗਿਆ ਹੈ ਕਿ ਪੰਜਾਬ ਵਿਚ ਇਕ ਅਜਿਹਾ ਤੂਫਾਨ ਸ਼ੁਰੂ ਹੋ ਗਿਆ ਹੈ ਜੋ ਦਿੱਲੀ ਦੀਆਂ ਸਾਰੀਆਂ ਪਾਰਟੀਆਂ ਦੇ ਨਾਲ-ਨਾਲ ਨਕਲੀ ਪੰਥਕ ਜਥੇਬੰਦੀਆਂ ਨੂੰ ਉਡਾ ਦੇਵੇਗਾ ਤੇ 2027 ਵਿਚ ਅਕਾਲੀ ਦਲ ਦੀ ਸਰਕਾਰ ਬਣੇਗੀ।

ਇਸ ਮੌਕੇ ਕੀਤੇ ਵੱਡੇ ਐਲਾਨ ਵਿਚ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸੂਬੇ ਵਿਚ ਅਗਲੀਆਂ ਵਿਧਾਨ ਸਭਾ ਚੋਣਾਂ ਵਿਚ ਸੱਤਾ ਵਿਚ ਆਉਣ ਤੋਂ ਤੁਰੰਤ ਬਾਅਦ ਅਕਾਲੀ ਦਲ ਦੀ ਸਰਕਾਰ ਖਾਲੀ ਪਈਆਂ ਤਿੰਨ ਲੱਖ ਸਰਕਾਰੀ ਆਸਾਮੀਆਂ ਭਰੇਗੀ। ਉਹਨਾਂ ਕਿਹਾ ਕਿ ਇਹਨਾਂ ਆਸਾਮੀਆਂ ਵਿਚ ਸਿਰਫ ਪੰਜਾਬੀਆਂ ਦੀ ਭਰਤੀ ਕੀਤੀ ਜਾਵੇਗੀ ਅਤੇ ਆਮ ਆਦਮੀ ਪਾਰਟੀ (ਆਪ) ਸਰਕਾਰ ਵੱਲੋਂ ਬਾਹਰਲੇ ਲੋਕਾਂ ਦੀ ਭਰਤੀ ਵਾਸਤੇ ਲਿਆਂਦਾ ਗਿਆ ਕਾਨੂੰਨ ਖਾਰਜ ਕੀਤਾ ਜਾਵੇਗਾ। ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਬੁਢਾਪਾ ਪੈਨਸ਼ਨ ਹਾਸਲ ਕਰਨ ਵਾਸਤੇ ਪੁਰਸ਼ਾਂ ਲਈ ਉਮਰ ਘਟਾ ਕੇ 60 ਸਾਲ ਅਤੇ ਔਰਤਾਂ ਲਈ 55 ਸਾਲ ਕੀਤੀ ਜਾਵੇਗੀ।

ਆਪ ਸਰਕਾਰ ਵੱਲੋਂ ਸ਼ੁਰੂ ਕੀਤੇ ਭ੍ਰਿਸ਼ਟਾਚਾਰ ਦੀ ਗੱਲ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਅਸੀਂ ਵੇਖ ਰਹੇ ਹਾਂ ਕਿ ਕਿਵੇਂ ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਵੱਲੋਂ ਮੁਹਾਲੀ ਅਤੇ ਨਿਊ ਚੰਡੀਗੜ੍ਹ ਵਿਚ ਖੇਤੀਬਾੜੀ ਜ਼ਮੀਨ ਦੀ ਵਰਤੋਂ ਕਮਰਸ਼ੀਅਲ ਉਦੇਸ਼ਾਂ ਵਾਸਤੇ ਕਰਨ ਲਈ ਚੇਂਜ ਆਫ ਲੈਂਡ ਯੂਜ਼਼ (ਸੀ ਐਲ ਯੂ) ਵਰਤੇ ਜਾਣ ਅਤੇ ਲੈਂਡ ਡਵੈਲਪਰਾਂ ਨੂੰ ਰਿਆਇਤਾਂ ਦਿੱਤੇ ਜਾਣ ਦੀ ਜਾਂਚ ਕੀਤੀ ਜਾ ਰਹੀ ਹੈ, ਉਸੇ ਤਰੀਕੇ ਅਸੀਂ ਗੈਰ ਕਾਨੂੰਨੀ ਮਾਇਨਿੰਗ ਦੀ ਜਾਂਚ ਚਾਹੁੰਦੇ ਹਾਂ। ਉਹਨਾਂ ਕਿਹਾ ਕਿ ਪੰਜਾਬ ਵਿਚ ਗੈਰ ਕਾਨੂੰਨੀ ਮਾਇਨਿੰਗ ਕਾਰੋਬਾਰ ਨੂੰ ਆਪ ਦੇ ਵਿਧਾਇਕਾਂ ਅਤੇ ਆਗੂਆਂ ਵੱਲੋਂ ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਲਈ ਪੈਸੇ ਇਕੱਠੇ ਕਰਨ ਵਾਸਤੇ ਮਾਫੀਆ ਵਾਂਗੂ ਚਲਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਿਰਫ ਵਿਸਥਾਰਿਤ ਜਾਂਚ ਹੀ ਇਹ ਤੱਥ ਸਾਹਮਣੇ ਲਿਆ ਸਕਦੀ ਹੈ ਕਿ ਪੰਜਾਬ ਤੋਂ ਕਿੰਨਾ ਪੈਸਾ ਲੁੱਟਿਆ ਗਿਆ। ਉਹਨਾਂ ਕਿਹਾ ਕਿ ਇਹ ਸਾਰਾ ਪੈਸਾ ਆਮ ਆਦਮੀ ਪਾਰਟੀ ਤੋਂ ਵਸੂਲਿਆ ਜਾਣਾ ਚਾਹੀਦਾ ਹੈ।

ਅਕਾਲੀ ਦਲ ਪ੍ਰਧਾਨ ਨੇ ਇਸ ਮੌਕੇ ਵਾਰਿਸ ਪੰਜਾਬ ਦੇ ਨੂੰ ਵੀ ਕਰੜੇ ਹੱਥੀਂ ਲਿਆ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਇਹ ਜਥੇਬੰਦੀ ਖੜ੍ਹੀ ਕੀਤੀ ਹੈ ਤਾਂ ਜੋ ਪੰਥਕ ਵੋਟਾਂ ਵੰਡੀਆਂ ਜਾ ਸਕਣ। ਉਹਨਾਂ ਕਿਹਾ ਕਿ ਮੁੱਖ ਮੰਤਰੀ ਮੰਡੀ ਬੋਰਡ ਦੇ ਇਕ ਸੀਨੀਅਰ ਅਫਸਰ ਦੀ ਵਰਤੋਂ ਹਰ ਮਹੀਨੇ ਵਾਰਿਸ ਪੰਜਾਬ ਦੇ ਨੂੰ ਪੈਸਾ ਦੇਣ ਵਾਸਤੇ ਕਰ ਰਹੇ ਹਨ। ਉਹਨਾਂ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੂੰ ਵੀ ਇਸ ਮੌਕੇ ਬੇਨਕਾਬ ਕੀਤਾ। ਉਹਨਾਂ ਕਿਹਾ ਕਿ ਤਰਸੇਮ ਸਿੰਘ ਪਿਛਲੇ 35 ਸਾਲਾਂ ਤੋਂ ਕਾਂਗਰਸ ਪਾਰਟੀ ਦੇ ਮੈਂਬਰ ਰਹੇ ਹਨ। ਅਜਿਹੇ ਲੋਕਾਂ ਨੂੰ ਪੰਥਕ ਨਹੀਂ ਆਖਿਆ ਜਾ ਸਕਦਾ ਕਿਉਂਕਿ ਜਦੋਂ ਫੋਰੈਂਸਿਕ ਜਾਂਚ ਨੇ ਸਾਬਤ ਕੀਤਾ ਕਿ ਭਗਵੰਤ ਮਾਨ ਨੇ ਗੁਰੂ ਸਾਹਿਬਾਨ ਦੇ ਖਿਲਾਫ ਬੇਅਦਬੀ ਕੀਤੀ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ’ਤੇ ਪਿਸ਼ਾਬ ਕੀਤੀ ਤਾਂ ਇਹਨਾਂ ਨੇ ਇਕ ਸ਼ਬਦ ਵੀ ਨਹੀਂ ਬੋਲਿਆ। ਉਹਨਾਂ ਕਿਹਾ ਕਿ ਵਾਰਿਸ ਪੰਜਾਬ ਦੇ ਨੂੰ ਪੰਥ ਵਿਚ ਕੋਈ ਦਿਲਚਸਪੀ ਨਹੀਂ ਹੈ ਅਤੇ ਇਹ ਸਿਰਫ ਅਜਿਹੇ ਹਾਲਾਤ ਪੈਦਾ ਕਰਨ ਲਈ ਯਤਨਸ਼ੀਲ ਹੈ ਕਿ ਪੰਜਾਬ ਨੂੰ ਮੁੜ 1980ਵਿਆਂ ਦੇ ਦੌਰ ਵਿਚ ਲਿਜਾਇਆ ਜਾ ਸਕਦੇ।

ਬਾਅਦ ਵਿਚ ਮੀਡੀਆ ਦੇ ਸਵਾਲ ਦੇ ਜਵਾਬ ਵਿਚ ਸਰਦਾਰ ਬਾਦਲ ਨੇ ਕਿਹਾ ਕਿ ਆਪ ਵੱਲੋਂ ਪਰਚੇ ਵੰਡ ਕੇ ਜਿਹੜੀਆਂ ਸਾਰੀਆਂ ਸਮਾਜਿਕ ਸਕੀਮਾਂ ਸ਼ੁਰੂ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਅਸਲ ਵਿਚ ਉਹ ਸਾਰੀਆਂ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸ਼ੁਰੂ ਕੀਤੀਆਂ ਸਨ ਤੇ ਆਪ ਸਿਰਫ ਝੂਠ ਬੋਲ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬੀ ਕਦੇ ਵੀ ਇਸ ਪ੍ਰਾਪੇਗੰਡੇ ’ਤੇ ਯਕੀਨ ਨਹੀਂ ਕਰਨਗੇ ਕਿਉਂਕਿ ਉਹ ਜਾਣਦੇ ਹਨ ਕਿ ਆਪ ਨੇ ਪਿਛਲੀ ਅਕਾਲੀ ਦਲ ਦੀ ਸਰਕਾਰ ਵੱਲੋਂ ਪੰਜਾਬੀਆਂ ਨੂੰ ਦਿੱਤੀਆਂ ਸਾਰੀਆਂ ਸਕੀਮਾਂ ਜਾਂ ਤਾਂ ਬੰਦ ਕਰ ਦਿੱਤੀਆਂ ਜਾਂ ਫਿਰ ਇਹਨਾਂ ਦੇ ਲਾਭਪਾਤਰੀਆਂ ਦੀ ਗਿਣਤੀ ਘਟਾ ਦਿੱਤੀ ਸੀ। ਉਹਨਾਂ ਕਿਹਾ ਕਿ ਵਿਦਿਆਰਥਣਾਂ ਨੂੰ ਮੁਫਤ ਸਾਈਕਲਾਂ ਦੇਣੀਆਂ, ਸਪੋਰਟਸ ਕਿੱਟਾਂ ਦੇਣੀਆਂ, ਮੁਫਤ ਮੈਡੀਕਲ ਸਟੋਰ, ਆਰ ਓ ਪਲਾਂਟ, ਸੁਵਿਧਾ ਕੇਂਦਰ ਤੇ ਸਾਂਝ ਕੇਂਦਰ ਸਭ ਬੰਦ ਕਰ ਦਿੱਤੇ ਗਏ।

ਉਹਨਾਂ ਕਿਹਾ ਕਿ ਆਪ ਸਰਕਾਰ ਨੇ ਆਟਾ ਦਾਲ ਸਕੀਮ ਤਹਿਤ ਦਿੱਤੀ ਜਾਂਦੀ 30 ਕਿਲੋ ਕਣਕ ਘਟਾ ਕੇ 5 ਕਿਲੋ ਕਰ ਦਿੱਤੀ।

ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਉਹਨਾਂ ਨੇ ਪੰਜਾਬ ਲਈ ਕਾਰਜ ਯੋਜਨਾ ਤਿਆਰ ਕੀਤੀ ਹੈ। ਉਹਨਾਂ ਕਿਹਾ ਕਿ ਹੁਨਰ ਵਿਕਾਸ ਇਸ ਵੇਲੇ ਸਭ ਤੋਂ ਵੱਧ ਲੋੜੀਂਦਾ ਹੈ ਤੇ ਅਗਲੀ ਅਕਾਲੀ ਦਲ ਦੀ ਸਰਕਾਰ ਸਕਿੱਲ ਯੂਨੀਵਰਸਿਟੀ ਬਣਾਏਗੀ ਤੇ ਸਾਰੇ ਜ਼ਿਲ੍ਹਾ ਹੈਡਕੁਆਰਟਰਾਂ ’ਤੇ ਹੁਨਰ ਸਿੱਖਲਾਈ ਕੇਂਦਰ ਸਥਾਪਿਤ ਕਰੇਗੀ। ਉਹਨਾਂ ਕਿਹਾ ਕਿ ਕਾਰਪੋਰੇਟ ਘਰਾਣੇ ਵਿਦਿਆਰਥੀਆਂ ਨੂੰ ਸਿੰਖਲਾਈ ਦੇਣਗੇ ਤੇ ਉਹਨਾਂ ਦੇ ਸਰਟੀਫਿਕੇਟਾਂ ਦੀ ਬਦੌਲਤ ਉਹਨਾਂ ਨੂੰ ਚੰਗਾ ਰੋਜ਼ਗਾਰ ਮਿਲੇਗਾ।

ਉਹਨਾਂ ਐਲਾਨ ਕੀਤਾ ਕਿ ਨੌਜਵਾਨਾਂ ਨੂੰ ਆਪਣੇ ਉਦਮ ਸ਼ੁਰੂ ਕਰਨ ਵਾਸਤੇ ਵਿਆਜ਼ ਮੁਕਤ 10 ਲੱਖ ਰੁਪਏ ਦਾ ਕਰਜ਼ਾ ਦਿੱਤਾ ਜਾਵੇਗਾ ਅਤੇ ਸ਼ਗਨ ਸਕੀਮ ਤਹਿਤ ਰਾਸ਼ੀ ਵਧਾ ਕੇ 1 ਲੱਖ ਰੁਪਏ ਕੀਤੀ ਜਾਵੇਗੀ ਤੇ ਬੁਢਾਪਾ ਪੈਨਸ਼ਨ ਵਧਾ ਕੇ 3100 ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇਗੀ। ਉਹਨਾਂ ਇਹ ਵੀ ਐਲਾਨ ਕੀਤਾ ਕਿ ਆਟਾ ਦਾਲ ਸਕੀਮ ਤਹਿਤ 50 ਕਿਲੋ ਕਣਕ ਦਿੱਤੀ ਜਾਵੇਗੀ ਅਤੇ ਬੇਘਰੇ ਲੋਕਾਂ ਨੂੰ ਪੰਜ-ਪੰਜ ਮਰਲੇ ਦੇ ਪਲਾਟ ਦਿੱਤੇ ਜਾਣਗੇ।

ਇਸ ਮੌਕੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ, ਗੁਲਜ਼ਾਰ ਸਿੰਘ ਰਣੀਕੇ, ਵੀਰ ਸਿੰਘ ਲੋਪੋਕੇ, ਸੁਰਜੀਤ ਸਿੰਘ ਪਹਿਲਵਾਨ, ਜੋਧ ਸਿੰਘ ਸਮਰਾ ਅਤੇ ਰਾਜਵਿੰਦਰ ਸਿੰਘ ਰਾਜਾ ਲਾਦੇਹ ਨੇ ਵੀ ਸੰਬੋਧਨ ਕੀਤਾ।

Exit mobile version