ਚੇਅਰਮੈਨ ਰਮਨ ਬਹਿਲ ਵੱਲੋਂ ਪਿੰਡ ਪੰਧੇਰ ਦਾ ਦੌਰਾ

ਕਿਹਾ – ਸਰਹੱਦੀ ਖੇਤਰ ਦੇ ਬਾਹਦਰ ਲੋਕ ਹਮੇਸ਼ਾਂ ਹੀ ਦੇਸ਼ ਦੀ ਫੌਜ ਦੇ ਨਾਲ ਖੜ੍ਹੇ ਹਨ

ਗੁਰਦਾਸਪੁਰ, 7 ਮਈ 2025 (ਦੀ ਪੰਜਾਬ ਵਾਇਰ )। ਬੀਤੀ ਰਾਤ ਭਾਰਤੀ ਫੌਜ ਦੁਆਰਾ ਚਲਾਏ ਗਏ ਆਪ੍ਰੇਸ਼ਨ ਸਿੰਦੂਰ ਦੌਰਾਨ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਪਿੰਡ ਪੰਧੇਰ ਵਿਖੇ ਵਿਸਫੋਟਕ ਨਾਲ ਸੰਬੰਧਿਤ ਚੀਜ ਦੇ ਕੁਝ ਟੁਕੜੇ ਡਿੱਗਣ ਦੀ ਖ਼ਬਰ ਮਿਲਣ `ਤੇ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਵੱਲੋਂ ਸਥਿਤੀ ਦਾ ਜਾਇਜ਼ਾ ਲੈਣ ਲਈ ਅੱਜ ਪਿੰਡ ਪੰਧੇਰ ਦਾ ਦੌਰਾ ਕੀਤਾ ਗਿਆ।

ਇਸ ਮੌਕੇ ਗੱਲ ਕਰਦਿਆਂ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਅੱਤਵਾਦ ਦੇ ਖ਼ਿਲਾਫ਼ ਇਸ ਲੜਾਈ ਵਿੱਚ ਪੂਰਾ ਦੇਸ਼ ਇੱਕਜੁੱਟ ਹੈ ਅਤੇ ਸਾਨੂੰ ਸਾਡੀ ਭਾਰਤੀ ਫੌਜ ਅਤੇ ਆਪਣੇ ਵੀਰ ਜਵਾਨਾਂ `ਤੇ ਮਾਣ ਹੈ। ਉਨ੍ਹਾਂ ਕਿਹਾ ਕਿ 140 ਕਰੋੜ ਦੇਸ਼ ਵਾਸੀ ਭਾਰਤੀ ਫੌਜ ਦੇ ਨਾਲ ਖੜ੍ਹੇ ਹਨ।

ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਬਾਹਦਰ ਲੋਕ ਹਮੇਸ਼ਾਂ ਹੀ ਜਵਾਨਾਂ ਦੀ ਹਿੰਮਤ ਅਤੇ ਹੌਸਲੇ ਲਈ ਦੇਸ਼ ਦੀ ਫੌਜ ਦੇ ਨਾਲ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਇਸ ਯੁੱਧ ਦੀ ਸਥਿਤੀ ਮੌਕੇ ਵੀ ਸਰਹੱਦੀ ਖੇਤਰ ਦੇ ਵਾਸੀਆਂ ਦੇ ਜਜ਼ਬੇ ਨੂੰ ਸਲਾਮ ਹੈ ਜੋ ਭਾਰਤੀ ਫੌਜ ਦਾ ਸਾਥ ਦੇਣ ਲਈ ਹਮੇਸ਼ਾਂ ਦੀ ਵਾਂਗ ਤਿਆਰ ਬਰ ਤਿਆਰ ਹਨ।

ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਪਾਕਿਸਤਾਨ ਨੂੰ ਆਪਣੀਆਂ ਨਾ-ਪਾਕ ਹਰਕਤਾਂ ਤੋਂ ਬਾਜ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਜੇ ਵੀ ਪਾਕਿਸਤਾਨ ਬਾਜ ਨਾ ਆਇਆ ਤਾਂ ਭਾਰਤ ਵੱਲੋਂ ਇਸਦਾ ਮੂੰਹ ਤੋੜ ਜੁਆਬ ਦਿੱਤਾ ਜਾਵੇਗਾ।

Exit mobile version