ਅੱਸੂ ਰੁੱਤ ਵਿੱਚ ਚੌੜੀ-ਡੂੰਘੀ ਖਾਲੀ ਵਿਧੀ ਨਾਲ ਗੰਨੇ ਦੀ ਬਿਜਾਈ ਕਰਨ ਕਿਸਾਨ: ਡਾ. ਅਮਰੀਕ ਸਿੰਘ
ਗੁਰਦਾਸਪੁਰ, 17 ਸਤੰਬਰ 2026 (ਮੰਨਨ ਸੈਣੀ)— ਅਜਨਾਲਾ ਸਹਿਕਾਰੀ ਖੰਡ ਮਿੱਲ ਲਿਮਟਿਡ ਵੱਲੋਂ ਗੰਨਾ ਕਾਸ਼ਤਕਾਰਾਂ ਨੂੰ ਆਧੁਨਿਕ ਖੇਤੀ ਤਕਨੀਕਾਂ ਪ੍ਰਤੀ ਜਾਗਰੂਕ ਕਰਨ ਲਈ ਸਰਹੱਦੀ ਪਿੰਡ ਗੱਡੀਆਂ ਕਲਾਂ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਇਹ ਕੈਂਪ ਦਫ਼ਤਰ ਸਹਾਇਕ ਗੰਨਾ ਵਿਕਾਸ ਅਧਿਕਾਰੀ, ਅੰਮ੍ਰਿਤਸਰ ਅਤੇ ਅਜਨਾਲਾ ਸਹਿਕਾਰੀ ਖੰਡ ਮਿੱਲ ਲਿਮਟਿਡ ਵਲੋਂ ਲਗਾਇਆ ਗਿਆ। ਕੇਨ ਕਮਿਸ਼ਨਰ ਪੰਜਾਬ , ਡਾਕਟਰ ਅਮਰੀਕ ਸਿੰਘ ਵਿਸ਼ੇਸ਼ ਤੌਰ ਤੇ ਇਸ ਕੈਂਪ ਵਿਚ ਪਹੁੰਚੇ।
ਕੈਂਪ ਨੂੰ ਸੰਬੋਧਨ ਕਰਦਿਆਂ ਡਾ. ਅਮਰੀਕ ਸਿੰਘ, ਕੇਨ ਕਮਿਸ਼ਨਰ ਪੰਜਾਬ, ਨੇ ਕਿਹਾ ਕਿ ਚਾਲੂ ਸੀਜ਼ਨ ਦੌਰਾਨ ਮੌਸਮ ਅਨੁਕੂਲ ਰਹਿਣ ਕਾਰਨ ਗੰਨੇ ਦੀ ਫ਼ਸਲ ਵਿੱਚ ਇਸ ਸਮੇਂ ਕਿਸੇ ਵੱਡੇ ਕੀੜੇ ਜਾਂ ਬਿਮਾਰੀ ਦੇ ਹਮਲੇ ਦੀ ਸਥਿਤੀ ਨਹੀਂ ਹੈ। ਇਸ ਲਈ ਕਿਸਾਨਾਂ ਨੂੰ ਬਿਨਾਂ ਲੋੜ ਕੀਟਨਾਸ਼ਕਾਂ ਦਾ ਛਿੜਕਾਅ ਅਤੇ ਯੂਰੀਆ ਖਾਦ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਲੋੜ ਅਨੁਸਾਰ ਅਤੇ ਖੇਤੀ ਮਾਹਿਰਾਂ ਦੀ ਸਲਾਹ ਮੁਤਾਬਕ ਹੀ ਖੇਤੀ ਰਸਾਇਣਾਂ ਦੀ ਵਰਤੋਂ ਕੀਤੀ ਜਾਵੇ।
ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚ ਇਸ ਸਾਲ ਲਗਭਗ 1.16 ਲੱਖ ਹੈਕਟੇਅਰ ਰਕਬੇ ਵਿੱਚ ਗੰਨੇ ਦੀ ਕਾਸ਼ਤ ਕੀਤੀ ਗਈ ਹੈ, ਜੋ ਪਿਛਲੇ ਸਾਲ ਦੇ ਮੁਕਾਬਲੇ ਕਰੀਬ 3,800 ਹੈਕਟੇਅਰ ਵੱਧ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਹਿਲਕਦਮੀ ਕਰਦਿਆਂ ਸਹਿਕਾਰੀ ਖੰਡ ਮਿੱਲਾਂ ਰਾਹੀਂ ਗੰਨਾ ਕਾਸ਼ਤਕਾਰਾਂ ਦੀ 100 ਫ਼ੀਸਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਜੇਕਰ ਕਿਸੇ ਕਿਸਾਨ ਦੀ ਸਬਸਿਡੀ ਦੀ ਅਦਾਇਗੀ ਬਕਾਇਆ ਹੈ ਤਾਂ ਉਹ ਸਬੰਧਤ ਖੰਡ ਮਿੱਲ ਦੇ ਅਧਿਕਾਰੀਆਂ ਨਾਲ ਸੰਪਰਕ ਕਰੇ।
ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਵਧੇਰੇ ਪੈਦਾਵਾਰ, ਖੰਡ ਦੀ ਬਿਹਤਰ ਰਿਕਵਰੀ ਅਤੇ ਖੇਤੀ ਦੇ ਮਸ਼ੀਨੀਕਰਨ ਲਈ ਅੱਸੂ ਰੁੱਤ ਵਿੱਚ ਗੰਨੇ ਦੀ ਬਿਜਾਈ ਨੂੰ ਤਰਜੀਹ ਦਿੱਤੀ ਜਾਵੇ। ਅੱਸੂ ਰੁੱਤ ਵਿੱਚ ਬੀਜੀ ਫ਼ਸਲ ਨੂੰ ਪੱਕਣ ਲਈ ਵਧੇਰੇ ਸਮਾਂ ਮਿਲਦਾ ਹੈ। ਇਸ ਤੋਂ ਇਲਾਵਾ ਗੰਨੇ ਦੇ ਨਾਲ ਅੰਤਰ-ਫ਼ਸਲਾਂ ਦੀ ਕਾਸ਼ਤ ਕਰਕੇ ਕਿਸਾਨ ਵਾਧੂ ਆਮਦਨ ਵੀ ਪ੍ਰਾਪਤ ਕਰ ਸਕਦੇ ਹਨ।
ਮੁੱਖ ਗੰਨਾ ਅਧਿਕਾਰੀ ਡਾ. ਸਤਿੰਦਰਜੀਤ ਸਿੰਘ ਨੇ ਮਿੱਲ ਵੱਲੋਂ ਗੰਨਾ ਕਾਸ਼ਤਕਾਰਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਡਾ. ਸੰਦੀਪ ਸਿੰਘ, ਡਾ. ਜਰਮਨਜੀਤ ਸਿੰਘ, ਅਰਸ਼ਦੀਪ ਸਿੰਘ ਏ.ਸੀ.ਡੀ.ਓ., ਗੁਰਜਤਿੰਦਰਪਾਲ ਸਿੰਘ ਡਵੀਜ਼ਨ ਇੰਚਾਰਜ, ਜਸਪਾਲ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਸਰਵੇਅਰਾਂ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ। ਕਿਸਾਨਾਂ ਨੇ ਸਰਕਾਰ ਤੋਂ ਗੰਨੇ ਦੀ ਖੇਤੀ ਵਿੱਚ ਮਸ਼ੀਨੀਕਰਨ ਨੂੰ ਉਤਸ਼ਾਹਿਤ ਕਰਨ ਲਈ ਲੋੜੀਂਦੀ ਖੇਤੀ ਮਸ਼ੀਨਰੀ ਸਬਸਿਡੀ ’ਤੇ ਮੁਹੱਈਆ ਕਰਵਾਉਣ ਦੀ ਮੰਗ ਕੀਤੀ।

