ਫ਼ਿਰੋਜ਼ਪੁਰ ਮੰਡਲ ਕਮਿਸ਼ਨਰ ਦਫ਼ਤਰ ਦੀਆਂ ਗ਼ੈਰ-ਕਾਨੂੰਨੀ ਬਦਲੀਆਂ ਅਤੇ ਪ੍ਰਮੋਸ਼ਨਾਂ ‘ਚ ਦੇਰੀ ਵਿਰੁੱਧ ਕਰਮਚਾਰੀ ਯੂਨੀਅਨ ਦਾ ਸਖ਼ਤ ਵਿਰੋਧ

ਫ਼ਿਰੋਜ਼ਪੁਰ, 25 ਅਪ੍ਰੈਲ 2025 (ਦੀ ਪੰਜਾਬ ਵਾਇਰ)। ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਪੰਜਾਬ ਨੇ ਫ਼ਿਰੋਜ਼ਪੁਰ ਮੰਡਲ ਕਮਿਸ਼ਨਰ ਦਫ਼ਤਰ ਵੱਲੋਂ ਸ੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਦੇ ਸੁਪਰਡੈਂਟ ਗ੍ਰੇਡ-2 ਦੀਆਂ ਪ੍ਰਮੋਸ਼ਨਾਂ ਤੋਂ ਬਾਅਦ ਕੀਤੀਆਂ ਗਈਆਂ ਬਦਲੀਆਂ ਨੂੰ ਰੂਲਾਂ ਦੇ ਵਿਰੁੱਧ ਅਤੇ ਅਧਿਕਾਰ ਖੇਤਰ ਤੋਂ ਬਾਹਰ ਦੱਸਦਿਆਂ ਸਖ਼ਤ ਵਿਰੋਧ ਜਤਾਇਆ ਹੈ। ਯੂਨੀਅਨ ਦੇ ਪੰਜਾਬ ਪ੍ਰਧਾਨ ਤੇਜਿੰਦਰ ਸਿੰਘ ਨੰਗਲ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਜੇਕਰ ਇਹਨਾਂ ਬਦਲੀਆਂ ਦੇ ਹੁਕਮ 27 ਅਪ੍ਰੈਲ 2025 ਤੱਕ ਰੱਦ ਨਾ ਕੀਤੇ ਗਏ ਅਤੇ ਰੂਲਾਂ ਮੁਤਾਬਕ ਅਧਿਕਾਰ ਖੇਤਰ ਅੰਦਰ ਬਦਲੀਆਂ ਨਾ ਕੀਤੀਆਂ ਗਈਆਂ, ਤਾਂ 28 ਅਪ੍ਰੈਲ 2025 ਨੂੰ ਯੂਨੀਅਨ ਅਗਲਾ ਫ਼ੈਸਲਾ ਲੈ ਕੇ ਸੰਘਰਸ਼ ਦਾ ਐਲਾਨ ਕਰੇਗੀ।

ਯੂਨੀਅਨ ਦੇ ਜਨਰਲ ਸਕੱਤਰ ਨਰਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਮੰਡਲ ਕਮਿਸ਼ਨਰ ਦਫ਼ਤਰ ਵੱਲੋਂ ਸੁਪਰਡੈਂਟ ਗ੍ਰੇਡ-1 ਦੀਆਂ ਪ੍ਰਮੋਸ਼ਨਾਂ ਬਿਨਾਂ ਕਿਸੇ ਵਜ੍ਹਾ ਦੇਰੀ ਨਾਲ ਕੀਤੀਆਂ ਜਾਂਦੀਆਂ ਹਨ ਅਤੇ ਸਰਕਾਰ ਨੂੰ ਸਮੇਂ ਸਿਰ ਪੈਨਲ ਨਹੀਂ ਭੇਜੇ ਜਾਂਦੇ। ਇਸ ਕਾਰਨ ਕਰਮਚਾਰੀਆਂ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਕੇਸ ਦਾਇਰ ਕਰਕੇ ਪ੍ਰਮੋਸ਼ਨਾਂ ਹਾਸਲ ਕਰਨੀਆਂ ਪੈਂਦੀਆਂ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸੁਪਰਡੈਂਟ ਗ੍ਰੇਡ-2 ਦੀਆਂ ਪ੍ਰਮੋਸ਼ਨਾਂ ਵੀ ਸਮੇਂ ਸਿਰ ਨਹੀਂ ਹੁੰਦੀਆਂ, ਜਿਸ ਨਾਲ ਕਰਮਚਾਰੀਆਂ ਨੂੰ ਵਿੱਤੀ ਨੁਕਸਾਨ ਸਹਿਣਾ ਪੈਂਦਾ ਹੈ।

ਯੂਨੀਅਨ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਜਲਦੀ ਹੀ ਇਹਨਾਂ ਮੁੱਦਿਆਂ ਦਾ ਹੱਲ ਨਾ ਕੀਤਾ ਗਿਆ, ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।

Exit mobile version