ਸੰਸਦ ਮੈਂਬਰ ਰੰਧਾਵਾ ਨੇ ਚੰਡੀਗੜ੍ਹ ਵਿੱਚ ਕੀਤੀ ਖਾਧ ਭੰਡਾਰ, ਉਪਲਬਧਤਾ ਅਤੇ ਸਪਲਾਈ ਪ੍ਰਬੰਧ ਦੀ ਉੱਚ ਪੱਧਰੀ ਸਮੀਖਿਆ

ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼, ਦੇਸ਼ ਵਿੱਚ ਖਾਧ ਪਦਾਰਥਾਂ ਦੀ ਕਮੀ ਨਾ ਆਉਣ ਦਿੱਤੀ ਜਾਵੇ

ਭੰਡਾਰਨ ਅਤੇ ਵੰਡ ਪ੍ਰਣਾਲੀ ਨੂੰ ਹੋਰ ਮਜ਼ਬੂਤ ਬਣਾਉਣ ‘ਤੇ ਵੀ ਦਿੱਤਾ ਜ਼ੋਰ

ਚੰਡੀਗੜ੍ਹ, 14 ਸਤੰਬਰ, 2026 (ਦੀ ਪੰਜਾਬ ਵਾਇਰ)– ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਦੇਸ਼ ਵਿੱਚ ਖਾਧ ਪਦਾਰਥਾਂ ਦੀ ਉਪਲਬਧਤਾ ਅਤੇ ਜਨਤਕ ਵੰਡ ਪ੍ਰਣਾਲੀ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਪੂਰੀ ਤਰ੍ਹਾਂ ਚੌਕਸ ਰਹਿਣਾ ਹੋਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਖਾਧ ਪਦਾਰਥਾਂ ਦੀ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਇਸ ਲਈ ਖਾਧ ਪਦਾਰਥਾਂ ਦੇ ਲੋੜੀਂਦੇ ਭੰਡਾਰ ਅਤੇ ਪ੍ਰਭਾਵਸ਼ਾਲੀ ਸਪਲਾਈ ਪ੍ਰਬੰਧ ਨੂੰ ਯਕੀਨੀ ਬਣਾਉਣਾ ਜ਼ਰੂਰੀ ਹੈ।

ਰੰਧਾਵਾ ਨੇ ਅੱਜ ਚੰਡੀਗੜ੍ਹ ਵਿੱਚ ਖਪਤਕਾਰ ਮਾਮਲੇ, ਖਾਧ ਅਤੇ ਜਨਤਕ ਵੰਡ ਸਬੰਧੀ ਸੰਸਦੀ ਸਥਾਈ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੀਟਿੰਗ ਦੌਰਾਨ ਉਨ੍ਹਾਂ ਨੇ ਖਾਧ ਅਤੇ ਜਨਤਕ ਵੰਡ ਵਿਭਾਗ ਦੇ ਅਧਿਕਾਰੀਆਂ ਨਾਲ ਖਾਧ ਪਦਾਰਥਾਂ ਦੀ ਉਪਲਬਧਤਾ, ਮੌਜੂਦਾ ਸਟਾਕ, ਭੰਡਾਰਨ ਸਮਰੱਥਾ, ਖਰੀਦ ਅਤੇ ਵੱਖ-ਵੱਖ ਸੂਬਿਆਂ ਤੱਕ ਖਾਧ ਪਦਾਰਥਾਂ ਦੀ ਸਪਲਾਈ ਸਬੰਧੀ ਵਿਸਥਾਰਪੂਰਵਕ ਸਮੀਖਿਆ ਕੀਤੀ।

ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਖਾਧ ਪਦਾਰਥਾਂ ਦੇ ਸਟਾਕ ਅਤੇ ਉਨ੍ਹਾਂ ਦੀ ਆਵਾਜਾਈ ‘ਤੇ ਲਗਾਤਾਰ ਨਿਗਰਾਨੀ ਰੱਖੀ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਆਮ ਲੋਕਾਂ ਨੂੰ ਖਾਧ ਪਦਾਰਥਾਂ ਦੀ ਉਪਲਬਧਤਾ ਸਬੰਧੀ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਭੰਡਾਰਨ ਅਤੇ ਵੰਡ ਪ੍ਰਣਾਲੀ ਨੂੰ ਹੋਰ ਮਜ਼ਬੂਤ ਬਣਾਉਣ ‘ਤੇ ਵੀ ਜ਼ੋਰ ਦਿੱਤਾ।

ਰੰਧਾਵਾ ਨੇ ਕਿਹਾ ਕਿ ਖਾਧ ਸੁਰੱਖਿਆ ਦੇਸ਼ ਦੇ ਕਰੋੜਾਂ ਲੋਕਾਂ ਨਾਲ ਸਿੱਧੇ ਤੌਰ ‘ਤੇ ਜੁੜਿਆ ਇੱਕ ਮਹੱਤਵਪੂਰਨ ਮੁੱਦਾ ਹੈ। ਇਸ ਲਈ ਖਾਧ ਪਦਾਰਥਾਂ ਦੀ ਖਰੀਦ, ਭੰਡਾਰਨ, ਆਵਾਜਾਈ ਅਤੇ ਵੰਡ ਦੇ ਹਰ ਪੱਧਰ ‘ਤੇ ਪਾਰਦਰਸ਼ਤਾ ਅਤੇ ਪ੍ਰਭਾਵਸ਼ਾਲੀ ਨਿਗਰਾਨੀ ਬਹੁਤ ਜ਼ਰੂਰੀ ਹੈ।

ਮੀਟਿੰਗ ਵਿੱਚ ਖਾਧ ਅਤੇ ਜਨਤਕ ਵੰਡ ਵਿਭਾਗ ਦੇ ਡਾਇਰੈਕਟਰ ਮਹੇਸ਼ਵਰੀ ਪ੍ਰਸਾਦ ਮਿਸ਼ਰਾ, ਡਿਪਟੀ ਸੈਕਟਰੀ (ਏ.ਸੀ.) ਰਾਜੇਸ਼ ਸ਼ਰਮਾ, ਐੱਫ.ਸੀ.ਆਈ. ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਰਬਿੰਦਰ ਕੁਮਾਰ ਅਗਰਵਾਲ, ਐਗਜ਼ੀਕਿਊਟਿਵ ਡਾਇਰੈਕਟਰ (ਨਾਰਥ) ਕੇ. ਵੈਂਕੇਟ ਨਾਗੀ ਰੈੱਡੀ, ਐਗਜ਼ੀਕਿਊਟਿਵ ਡਾਇਰੈਕਟਰ (ਸਟੋਰੇਜ ਐਂਡ ਕਾਂਟ੍ਰੈਕਟ) ਅਜੀਤ ਕੁਮਾਰ ਸਿੰਗਲਾ, ਐਗਜ਼ੀਕਿਊਟਿਵ ਡਾਇਰੈਕਟਰ (ਮੂਵਮੈਂਟ) ਵਿਜੇ ਪਰਾਸ਼ਰ, ਜਨਰਲ ਮੈਨੇਜਰ ਪੰਜਾਬ ਨਿਕਿਤਾ ਪਵਾਰ, ਜਨਰਲ ਮੈਨੇਜਰ ਹਰਿਆਣਾ ਪ੍ਰੀਤੀ ਯਾਦਵ, ਡਿਪਟੀ ਜਨਰਲ ਮੈਨੇਜਰ (ਅੰਨ ਦਰਪਣ) ਪੰਜਾਬ ਰਾਜੇਸ਼ ਰਾਓ, ਡਿਪਟੀ ਜਨਰਲ ਮੈਨੇਜਰ (ਸਟੋਰੇਜ) ਵਿਨੇ ਕੁਮਾਰ, ਡਿਪਟੀ ਜਨਰਲ ਮੈਨੇਜਰ (ਪ੍ਰਿਕਿਊਰਮੈਂਟ) ਨਿਪਨ ਤ੍ਰਿਖਾ, ਡਿਪਟੀ ਜਨਰਲ ਮੈਨੇਜਰ (ਮੂਵਮੈਂਟ) ਪੰਜਾਬ ਅਭਿਸ਼ੇਕ ਅਗਰਵਾਲ, ਡਿਪਟੀ ਜਨਰਲ ਮੈਨੇਜਰ (ਰੀਜਨ) ਹਰਿਆਣਾ ਮ੍ਰਿਣਾਲ ਸਿੰਘ, ਪੰਜਾਬ ਦੇ ਪ੍ਰਿੰਸੀਪਲ ਸਕੱਤਰ ਰਾਹੁਲ ਤਿਵਾਰੀ, ਹਰਿਆਣਾ ਦੇ ਪ੍ਰਿੰਸੀਪਲ ਸਕੱਤਰ ਡਾ. ਅਮਨੀਤ ਪੀ. ਕੁਮਾਰ ਸਮੇਤ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।

Exit mobile version