ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ (ਅਸ਼ੋਕ ਚੱਕਰ) ਸਰਕਾਰੀ ਕਾਲਜ ਗੁਰਦਾਸਪੁਰ ਦੇ ਐਥਲੈਟਿਕਸ ਸਟੇਡੀਅਮ ਦੀਆਂ ਸਮੱਸਿਆਵਾਂ ਦਾ ਜਲਦ ਹੋਵੇਗਾ ਹੱਲ-ਡਿਪਟੀ ਕਮਿਸ਼ਨਰ

ਰਮਨ ਬਹਿਲ ਦੀ ਹਾਜ਼ਰੀ ਵਿੱਚ ਚੇਅਰਮੈਨ ਸਪੋਰਟਸ ਵੈਲਫੇਅਰ ਬੋਰਡ ਸਵਿੰਦਰ ਸਿੰਘ ਲੰਬੜ ਵੱਲੋਂ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ

ਗੁਰਦਾਸਪੁਰ, 14 ਸਤੰਬਰ 2026 (ਮੰਨਨ ਸੈਣੀ)– ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ (ਅਸ਼ੋਕ ਚੱਕਰ), ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਸਥਿਤ ਐਥਲੈਟਿਕਸ ਸਟੇਡੀਅਮ ਦੀਆਂ ਸਮੱਸਿਆਵਾਂ ਦੇ ਹੱਲ ਅਤੇ ਖਿਡਾਰੀਆਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਦੀ ਮੰਗ ਨੂੰ ਲੈ ਕੇ ਹਲਕਾ ਇੰਚਾਰਜ ਵਿਧਾਨ ਸਭਾ ਹਲਕਾ ਗੁਰਦਾਸਪੁਰ ਰਮਨ ਬਹਿਲ ਦੀ ਹਾਜ਼ਰੀ ਵਿੱਚ ਚੇਅਰਮੈਨ ਸਪੋਰਟਸ ਵੈਲਫੇਅਰ ਬੋਰਡ ਸਵਿੰਦਰ ਸਿੰਘ ਲੰਬੜ ਵੱਲੋਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਆਦਿਤਿਆ ਉਪਲ ਨੂੰ ਮੰਗ ਪੱਤਰ ਸੌਂਪਿਆ ਗਿਆ।

ਮੰਗ ਪੱਤਰ ਵਿੱਚ ਦੱਸਿਆ ਗਿਆ ਕਿ ਸਰਕਾਰੀ ਕਾਲਜ ਗੁਰਦਾਸਪੁਰ ਦਾ ਐਥਲੈਟਿਕਸ ਸਟੇਡੀਅਮ ਇਲਾਕੇ ਦੇ ਖਿਡਾਰੀਆਂ ਲਈ ਬਹੁਤ ਮਹੱਤਵਪੂਰਨ ਹੈ, ਜਿੱਥੇ ਖਾਸ ਕਰਕੇ ਗਰੀਬ ਅਤੇ ਮੱਧ ਵਰਗੀ ਪਰਿਵਾਰਾਂ ਦੇ ਨੌਜਵਾਨ ਰੋਜ਼ਾਨਾ ਦੌੜ ਅਤੇ ਹੋਰ ਐਥਲੈਟਿਕਸ ਖੇਡਾਂ ਦੀ ਤਿਆਰੀ ਕਰਦੇ ਹਨ।

ਮੰਗ ਪੱਤਰ ਰਾਹੀਂ ਸਟੇਡੀਅਮ ਵਿੱਚ ਸੋਲਰ ਲਾਈਟਾਂ, ਪੀਣ ਵਾਲੇ ਪਾਣੀ ਲਈ ਕੂਲਰ, ਬੋਰ ਦੇ ਪਾਣੀ ਦੀ ਵਿਵਸਥਾ, ਐਥਲੈਟਿਕਸ ਟਰੈਕ ਦੀ ਮੁਰੰਮਤ, ਵੇਟ ਟ੍ਰੇਨਿੰਗ ਲਈ ਸਾਜ਼ੋ-ਸਾਮਾਨ, ਗੱਦੇ ਅਤੇ ਹੋਰ ਜ਼ਰੂਰੀ ਖੇਡ ਸਮੱਗਰੀ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਗਈ। ਇਸ ਤੋਂ ਇਲਾਵਾ ਸਟੇਡੀਅਮ ਦੀਆਂ ਟੁੱਟੀਆਂ ਕੰਧਾਂ ਅਤੇ ਗੇਟਾਂ ਦੀ ਮੁਰੰਮਤ ਕਰਨ ਅਤੇ ਸੁਰੱਖਿਆ ਦੇ ਮੱਦੇਨਜ਼ਰ ਕੰਧਾਂ ਦੀ ਉਚਾਈ ਵਧਾਉਣ ਦੀ ਵੀ ਮੰਗ ਕੀਤੀ ਗਈ।

ਮੰਗ ਪੱਤਰ ਪ੍ਰਾਪਤ ਕਰਨ ਉਪਰੰਤ ਡਿਪਟੀ ਕਮਿਸ਼ਨਰ ਆਦਿਤਿਆ ਉਪਲ ਨੇ ਮੌਕੇ ’ਤੇ ਹੀ ਕਾਰਜਕਾਰੀ ਇੰਜੀਨੀਅਰ, ਲੋਕ ਨਿਰਮਾਣ ਵਿਭਾਗ, ਜਸਪ੍ਰੀਤ ਸਿੰਘ ਨੂੰ ਹਦਾਇਤ ਕੀਤੀ ਕਿ ਸਟੇਡੀਅਮ ਦਾ ਮੌਕਾ ਵੇਖ ਕੇ ਮੰਗ ਪੱਤਰ ਵਿੱਚ ਦਰਜ ਸਾਰੇ ਕੰਮਾਂ ਦੀ ਜਾਂਚ ਕੀਤੀ ਜਾਵੇ ਅਤੇ ਲੋੜੀਂਦੇ ਕੰਮ ਜਲਦ ਤੋਂ ਜਲਦ ਕਰਵਾਏ ਜਾਣ, ਤਾਂ ਜੋ ਖਿਡਾਰੀਆਂ ਨੂੰ ਖੇਡਾਂ ਦੀ ਤਿਆਰੀ ਦੌਰਾਨ ਕਿਸੇ ਕਿਸਮ ਦੀ ਤੰਗੀ ਜਾਂ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਇਸ ਮੌਕੇ ਰਮਨ ਬਹਿਲ ਅਤੇ ਸਵਿੰਦਰ ਸਿੰਘ ਲੰਬੜ ਨੇ ਡਿਪਟੀ ਕਮਿਸ਼ਨਰ ਆਦਿਤਿਆ ਉਪਲ ਵੱਲੋਂ ਮੰਗਾਂ ਦਾ ਤੁਰੰਤ ਨੋਟਿਸ ਲੈਂਦਿਆਂ ਸਬੰਧਤ ਵਿਭਾਗ ਨੂੰ ਦਿੱਤੇ ਆਦੇਸ਼ਾਂ ਲਈ ਧੰਨਵਾਦ ਕੀਤਾ ਅਤੇ ਉਮੀਦ ਜਤਾਈ ਕਿ ਸਾਰੇ ਕੰਮ ਜਲਦ ਮੁਕੰਮਲ ਹੋਣ ਨਾਲ ਸਟੇਡੀਅਮ ਵਿੱਚ ਅਭਿਆਸ ਕਰਨ ਵਾਲੇ ਖਿਡਾਰੀਆਂ ਨੂੰ ਵੱਡੀ ਰਾਹਤ ਮਿਲੇਗੀ।

Exit mobile version