ਗੁਰਦਾਸਪੁਰ, 17 ਅਪ੍ਰੈਲ 2025 (ਮੰਨਣ ਸੈਣੀ)। ਗੁਰਦਾਸਪੁਰ ਜ਼ਿਲ੍ਹੇ ਨੂੰ ਜਲਦ ਹੀ ਵਿਕਾਸ ਦੀ ਨਵੀਂ ਦਿਸ਼ਾ ਮਿਲਣ ਜਾ ਰਹੀ ਹੈ। ਜ਼ਿਲ੍ਹੇ ਦੇ ਨਵ-ਨਿਯੁਕਤ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਨੇ ਦੀ ਪੰਜਾਬ ਵਾਇਰ ਨਾਲ ਖਾਸ ਗੱਲਬਾਤ ਦੌਰਾਨ ਆਪਣੀਆਂ ਤਰਜੀਹਾਂ ਸਪੱਸ਼ਟ ਕੀਤੀਆ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਕੋਸ਼ਿਸ਼ ਹੋਵੇਗੀ ਕਿ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਨੂੰ ਗਤੀ ਦਿੱਤੀ ਜਾਵੇ। ਉਨ੍ਹਾਂ ਦੱਸਿਆ ਕਿ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ (NHAI) ਵੱਲੋਂ ਅਧਿਗ੍ਰਹਿਣ ਕੀਤੀ ਜ਼ਮੀਨ ‘ਤੇ ਹੁਣ ਤੱਕ ਕਬਜ਼ਾ ਨਾ ਮਿਲਣ ਕਾਰਨ ਕਈ ਪ੍ਰੋਜੈਕਟ ਅਧਰ ਵਿੱਚ ਲਟਕੇ ਹੋਏ ਹਨ। ਇਸ ਨੂੰ ਜਲਦੀ ਤੋਂ ਜਲਦੀ ਸਿਰੇ ਚਾੜਿਆ ਜਾਵੇਗਾ।
ਹਾਈਵੇ ਪ੍ਰੋਜੈਕਟਾਂ ਨੂੰ ਮਿਲੇਗੀ ਰਫਤਾਰ
ਪੰਜਾਬ ਸਕੱਤਰੇਤ ਅੰਦਰ ਮੁੱਖ ਸਕੱਤਰ ਦੇ ਓਐਸਡੀ ਰਹੇ ਮੂਲ ਰੂਪ ਅੰਦਰ ਕਪੂਰਥਲਾ ਨਿਵਾਸੀ ਆਈ.ਏ.ਐਸ ਦਲਵਿੰਦਰਜੀਤ ਸਿੰਘ ਨੇ ਕਿਹਾ ਕਿ ਜਿਨ੍ਹਾਂ ਇਲਾਕਿਆਂ ਵਿੱਚ ਜ਼ਮੀਨ ਅਧਿਗ੍ਰਹਿਣ ਦੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ, ਉੱਥੇ ਜਲਦ ਹੀ ਕਬਜ਼ਾ ਦਿਵਾਉਣ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ, ਜਿਸ ਨਾਲ ਹਾਈਵੇ ਪ੍ਰੋਜੈਕਟਾਂ ਨੂੰ ਨਵੇਂ ਸਿਰੇ ਤੋਂ ਸ਼ੁਰੂ ਕੀਤਾ ਜਾ ਸਕੇ। ਇਹ ਨਾ ਸਿਰਫ ਆਵਾਜਾਈ ਵਿਵਸਥਾ ਨੂੰ ਬਿਹਤਰ ਬਣਾਏਗਾ ਸਗੋਂ ਆਰਥਿਕ ਗਤੀਵਿਧੀਆਂ ਨੂੰ ਵੀ ਹੁਲਾਰਾ ਦੇਵੇਗਾ।
ਕਿਸਾਨਾਂ ਨੂੰ ਨਹੀਂ ਹੋਵੇਗੀ ਕੋਈ ਪ੍ਰੇਸ਼ਾਨੀ
ਕਣਕ ਦੀ ਕਟਾਈ ਅਤੇ ਮੰਡੀਆਂ ਵਿੱਚ ਆਵਕ ਦੇ ਮੌਜੂਦਾ ਸੀਜ਼ਨ ਨੂੰ ਵੇਖਦਿਆਂ ਉਨ੍ਹਾਂ ਭਰੋਸਾ ਦਿੱਤਾ ਕਿ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਹੋਣ ਦਿੱਤੀ ਜਾਵੇਗੀ। ਮੰਡੀਆਂ ਵਿੱਚ ਤੁਲਾਈ, ਭੁਗਤਾਨ ਅਤੇ ਭੰਡਾਰਨ ਦੀਆਂ ਵਿਵਸਥਾਵਾਂ ਨੂੰ ਪ੍ਰਸ਼ਾਸਨ ਵੱਲੋਂ ਬਾਰੀਕੀ ਨਾਲ ਨਿਗਰਾਨੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਸਾਡੇ ਅੰਨਦਾਤਾ ਹਨ, ਉਨ੍ਹਾਂ ਦੀ ਸਹੂਲਤ ਸਰਵਉੱਚ ਹੈ।
‘ਮੇਰਾ ਘਰ ਮੇਰੇ ਨਾਮ’ ਯੋਜਨਾ ਨੂੰ ਮਿਲੇਗਾ ਬੱਲ
ਪੇਂਡੂ ਖੇਤਰਾਂ ਵਿੱਚ ਜਾਇਦਾਦ ਅਧਿਕਾਰ ਦੇਣ ਦੇ ਮਕਸਦ ਨਾਲ ਚਲ ਰਹੀ ‘ਮੇਰਾ ਘਰ ਮੇਰੇ ਨਾਮ’ ਯੋਜਨਾ ਨੂੰ ਵੀ ਗੁਰਦਾਸਪੁਰ ਵਿੱਚ ਵਿਸ਼ੇਸ਼ ਗਤੀ ਦਿੱਤੀ ਜਾਵੇਗੀ। ਡੀਸੀ ਦਲਵਿੰਦਰਜੀਤ ਸਿੰਘ ਨੇ ਦੱਸਿਆ ਕਿ ਇਸ ਨਾਲ ਲੋਕਾਂ ਨੂੰ ਨਾ ਸਿਰਫ ਘਰ ਦਾ ਕਾਨੂੰਨੀ ਮਾਲਕੀ ਹੱਕ ਮਿਲੇਗਾ ਸਗੋਂ ਭਵਿੱਖ ਵਿੱਚ ਜਾਇਦਾਦ ਵਿਵਾਦ ਵੀ ਘੱਟ ਹੋਣਗੇ। ਪ੍ਰਸ਼ਾਸਨ ਦੀ ਟੀਮ ਪਿੰਡਾਂ ਵਿੱਚ ਜਾ ਕੇ ਮੁਹਿੰਮ ਚਲਾਏਗੀ ਅਤੇ ਡਿਜੀਟਲੀਕਰਨ ਦੀ ਪ੍ਰਕਿਰਿਆ ਵੀ ਤੇਜ਼ ਕੀਤੀ ਜਾਵੇਗੀ।
ਗੁਰਦਾਸਪੁਰ ਦੇ ਸੈਰ-ਸਪਾਟਾ ਸਥਾਨਾਂ ਨੂੰ ਮਿਲੇਗਾ ਹੁਲਾਰਾ
ਪੰਜਾਬ ਸਕੱਤਰੇਤ ਅੰਦਰ ਮੁੱਖ ਸਕੱਤਰ ਦੇ ਓਐਸਡੀ ਰਹੇ ਮੂਲ ਰੂਪ ਅੰਦਰ ਕਪੂਰਥਲਾ ਨਿਵਾਸੀ ਦਲਵਿੰਦਰਜੀਤ ਸਿੰਘ ਨੇ ਕਿਹਾ ਕਿ ਗੁਰਦਾਸਪੁਰ ਜ਼ਿਲ੍ਹੇ ਵਿੱਚ ਸੈਰ-ਸਪਾਟੇ ਦੀਆਂ ਬੇਅੰਤ ਸੰਭਾਵਨਾਵਾਂ ਹਨ, ਜਿਨ੍ਹਾਂ ਨੂੰ ਮਜ਼ਬੂਤੀ ਨਾਲ ਵਿਕਸਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਸਥਿਤ ਕੇਸ਼ੋਪੁਰ ਛੰਬ, ਛੋਟਾ ਘੱਲੂਘਾਰਾ, ਡੇਰਾ ਬਾਬਾ ਨਾਨਕ ਦਾ ਕਰਤਾਰਪੁਰ ਕਾਰੀਡੋਰ, ਸ਼ਹੀਦ ਸਥਾਨ ਅਤੇ ਹੋਰ ਧਾਰਮਿਕ ਤੇ ਇਤਿਹਾਸਕ ਸਥਾਨ ਘਰੇਲੂ ਅਤੇ ਅੰਤਰਰਾਸ਼ਟਰੀ ਸੈਲਾਨੀਆਂ ਲਈ ਬਹੁਤ ਖਿੱਚ ਦਾ ਕੇਂਦਰ ਬਣ ਸਕਦੇ ਹਨ। ਇਨ੍ਹਾਂ ਸਥਾਨਾਂ ਨੂੰ ਸਹੂਲਤਜਨਕ ਅਤੇ ਸੈਲਾਨੀ-ਅਨੁਕੂਲ ਬਣਾਉਣ ਲਈ ਜ਼ਰੂਰੀ ਕਦਮ ਚੁੱਕੇ ਜਾਣਗੇ।
ਨਸ਼ਾ ਮੁਕਤ ਗੁਰਦਾਸਪੁਰ ਲਈ ਪੱਕੀ ਪਹਿਲ
ਡਿਪਟੀ ਕਮਿਸ਼ਨਰ ਨੇ ਨਸ਼ਿਆਂ ਵਿਰੁੱਧ ਜੰਗ ਨੂੰ ਵੀ ਆਪਣੀਆਂ ਮੁੱਖ ਤਰਜੀਹਾਂ ਵਿੱਚ ਸ਼ਾਮਲ ਕੀਤਾ ਹੈ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਨੂੰ “ਨਸ਼ਾ ਮੁਕਤ ਜ਼ਿਲ੍ਹਾ” ਬਣਾਉਣ ਲਈ ਪ੍ਰਸ਼ਾਸਨ, ਪੁਲਿਸ ਅਤੇ ਸਮਾਜ ਸੇਵੀਆਂ ਨਾਲ ਮਿਲ ਕੇ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ। ਨੌਜਵਾਨਾਂ ਨੂੰ ਖੇਡਾਂ, ਸਿੱਖਿਆ ਅਤੇ ਸਵੈ-ਰੁਜ਼ਗਾਰ ਵੱਲ ਪ੍ਰੇਰਿਤ ਕੀਤਾ ਜਾਵੇਗਾ ਤਾਂ ਜੋ ਉਹ ਨਸ਼ਿਆਂ ਤੋਂ ਦੂਰ ਰਹਿਣ।
ਸਫਾਈ ਅਤੇ ਨਾਗਰਿਕ ਸੇਵਾਵਾਂ ਹੋਣਗੀਆਂ ਬਿਹਤਰ
ਡੀਸੀ ਸਿੰਘ ਨੇ ਕਿਹਾ ਕਿ ਕੂੜਾ ਪ੍ਰਬੰਧਨ ਅਤੇ ਸਫਾਈ ‘ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਠੋਸ ਅਤੇ ਤਰਲ ਕੂੜੇ ਦੇ ਨਿਪਟਾਰੇ ਲਈ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ। ਕੂੜ੍ਹਾ ਡੰਪ ਕਰਨ ਲਈ ਸਥਾਈ ਜਗ੍ਹਾ ਸੰਬੰਧੀ ਵੀ ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ। ਇਸਦੇ ਨਾਲ ਹੀ, ਉਨ੍ਹਾਂ ਭਰੋਸਾ ਦਿੱਤਾ ਕਿ ਸਰਕਾਰੀ ਯੋਜਨਾਵਾਂ ਅਤੇ ਨਾਗਰਿਕ ਸੇਵਾਵਾਂ ਲੋਕਾਂ ਤੱਕ ਸਮੇਂਬੱਧ ਅਤੇ ਪਾਰਦਰਸ਼ੀ ਢੰਗ ਨਾਲ ਪਹੁੰਚਣਗੀਆਂ, ਇਹ ਉਨ੍ਹਾਂ ਦੀ ਜ਼ਿੰਮੇਵਾਰੀ ਹੋਵੇਗੀ।
