ਕਾਂਗਰਸ ਅਤੇ ਰਾਹੁਲ ਗਾਂਧੀ ਨੂੰ ਲਾਸ਼ਾਂ ‘ਤੇ ਰਾਜਨੀਤੀ ਕਰਨ ਦੀ ਆਦਤ ਪੈ ਚੁੱਕੀ ਹੈ, ਪੰਜਾਬ ਨੂੰ ਅਜਿਹੀ ਰਾਜਨੀਤੀ ਪਸੰਦ ਨਹੀਂ: ਕੁਲਦੀਪ ਧਾਲੀਵਾਲ

ਸੰਗਰੂਰ ਦੀ ਘਟਨਾ ‘ਤੇ ਮਾਨ ਸਰਕਾਰ ਨੇ ਤੁਰੰਤ ਕਾਰਵਾਈ ਕੀਤੀ, ਪਰਿਵਾਰ ਨੂੰ ਦਿੱਤੀ ਆਰਥਿਕ ਮਦਦ ਅਤੇ ਸਰਕਾਰੀ ਨੌਕਰੀ, ਕਾਂਗਰਸ ਅਜੇ ਵੀ ਲਾਸ਼ਾਂ ‘ਤੇ ਰਾਜਨੀਤੀ ਕਰ ਰਹੀ ਹੈ: ਕੁਲਦੀਪ ਧਾਲੀਵਾਲ

ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਵਰਗੇ ਦੋਸ਼ੀਆਂ ਨੂੰ ਆਪਣਾ ਰੋਲ ਮਾਡਲ ਮੰਨਣ ਵਾਲਿਆਂ ਨੂੰ ਪੰਜਾਬ ਦੀ ਚਿੰਤਾ ਕਰਨ ਦਾ ਕੋਈ ਹੱਕ ਨਹੀਂ ਹੈ:ਕੁਲਦੀਪ ਧਾਲੀਵਾਲ

ਕਾਂਗਰਸ ਦਾ ਇਤਿਹਾਸ ਜਗ-ਜ਼ਾਹਿਰ ਹੈ, ਪਹਿਲਾਂ 1984 ਵਿੱਚ ਸਿੱਖਾਂ ਦੇ ਕਤਲੇਆਮ ਤੋਂ ਬਾਅਦ ਰਾਜੀਵ ਗਾਂਧੀ ਦੀ ਸਰਕਾਰ ਬਣੀ, ਫਿਰ 1992 ਵਿੱਚ ਹਜ਼ਾਰਾਂ ਬੇਗੁਨਾਹ ਨੌਜਵਾਨਾਂ ਨੂੰ ਮਾਰ ਕੇ ਬੇਅੰਤ ਸਿੰਘ ਦੀ ਸਰਕਾਰ ਬਣੀ: ਕੁਲਦੀਪ ਧਾਲੀਵਾਲ

ਕੈਪਟਨ ਨੇ ਸੋਨੀਆ ਗਾਂਧੀ ਨੂੰ ਲਿਖੇ ਪੱਤਰ ਵਿੱਚ ਜਿਨ੍ਹਾਂ ਡਰੱਗ ਤਸਕਰ ਮੰਤਰੀਆਂ ਦਾ ਜ਼ਿਕਰ ਕੀਤਾ ਸੀ, ਰਾਹੁਲ ਗਾਂਧੀ ਉਨ੍ਹਾਂ ਦੇ ਨਾਂ ਜਨਤਕ ਕਰਨ: ਧਾਲੀਵਾਲ

ਕਾਂਗਰਸ, ਅਕਾਲੀ-ਭਾਜਪਾ ਦੀਆਂ ਸਰਕਾਰਾਂ ਪੰਜਾਬ ਵਿੱਚ ਨਸ਼ਾ ਲੈ ਕੇ ਆਈਆਂ, ਮਾਨ ਸਰਕਾਰ ਉਸ ਨੂੰ ਖ਼ਤਮ ਕਰਨ ਦਾ ਕੰਮ ਕਰ ਰਹੀ ਹੈ: ਕੁਲਦੀਪ ਧਾਲੀਵਾਲ

ਭਗਵੰਤ ਮਾਨ ਸਰਕਾਰ ਵਿੱਚ ਚਾਹੇ ਕੋਈ ਆਪਣਾ ਹੋਵੇ ਜਾਂ ਪਰਾਇਆ, ਵਿਧਾਇਕ ਹੋਵੇ ਜਾਂ ਸਰਪੰਚ, ਨਸ਼ਾ ਤਸਕਰੀ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾਕੁਲਦੀਪ ਧਾਲੀਵਾਲ

ਚੰਡੀਗੜ੍ਹ/ਅਮ੍ਰਿਤਸਰ 9 ਸਤੰਬਰ 2026 ( ਦੀ ਪੰਜਾਬ ਵਾਇਰ)– ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਬੁਲਾਰੇ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਸੰਗਰੂਰ ਨਿਵਾਸੀ ਗੁਲਜ਼ਾਰ ਸਿੰਘ ਦੀ ਮੌਤ ‘ਤੇ ਰਾਹੁਲ ਗਾਂਧੀ ਵੱਲੋਂ ਕੀਤੇ ਗਏ ਟਵੀਟ ਨੂੰ ਮੰਦਭਾਗਾ ਅਤੇ ਸ਼ਰਮਨਾਕ ਦੱਸਿਆ ਅਤੇ ਕਿਹਾ ਕਿ ਕਾਂਗਰਸ ਨੂੰ ਲਾਸ਼ਾਂ ‘ਤੇ ਰਾਜਨੀਤੀ ਕਰਨ ਦੀ ਆਦਤ ਪੈ ਚੁੱਕੀ ਹੈ। ਉਨ੍ਹਾਂ ਗੁਲਜ਼ਾਰ ਸਿੰਘ ਦੇ ਮੌਤ ‘ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਮਾਨ ਸਰਕਾਰ ਨੇ ਤੁਰੰਤ ਐਕਸ਼ਨ ਲੈਂਦਿਆਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਪੀੜਤ ਪਰਿਵਾਰ ਲਈ ਵਿੱਤੀ ਸਹਾਇਤਾ ਦੇ ਨਾਲ-ਨਾਲ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਵੀ ਕੀਤਾ ਹੈ। ਇਹ ਸਿਰਫ਼ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਹੈ ਜੋ ਬਿਨਾਂ ਸਮਾਂ ਗਵਾਏ ਹਰ ਨਾਗਰਿਕ ਨੂੰ ਇਨਸਾਫ਼ ਦਿਵਾਉਂਦੀ ਹੈ।

ਬੁੱਧਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੁਲਦੀਪ ਧਾਲੀਵਾਲ ਨੇ ਰਾਹੁਲ ਗਾਂਧੀ ‘ਤੇ ਹਮਲਾ ਬੋਲਦਿਆਂ ਕਿਹਾ ਕਿ ਕਾਂਗਰਸ ਦਾ ਇਤਿਹਾਸ ਹੀ ਲਾਸ਼ਾਂ ਦੀ ਰਾਜਨੀਤੀ ਨਾਲ ਭਰਿਆ ਪਿਆ ਹੈ। 1984 ਵਿੱਚ ਸ੍ਰੀ ਦਰਬਾਰ ਸਾਹਿਬ ‘ਤੇ ਹਮਲਾ ਕਰਨ, ਅਕਾਲ ਤਖ਼ਤ ਸਾਹਿਬ ਨੂੰ ਢਾਹੁਣ ਅਤੇ ਦਿੱਲੀ ਸਮੇਤ ਦੇਸ਼ ਭਰ ਵਿੱਚ ਸਿੱਖਾਂ ਦਾ ਕਤਲੇਆਮ ਕਰਨ ਤੋਂ ਬਾਅਦ 31 ਦਸੰਬਰ 1984 ਨੂੰ ਰਾਜੀਵ ਗਾਂਧੀ ਨੇ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ ਅਤੇ ਇਨ੍ਹਾਂ ਲਾਸ਼ਾਂ ਦੇ ਦਮ ‘ਤੇ ਕਾਂਗਰਸ ਨੂੰ 414 ਸੀਟਾਂ ਮਿਲੀਆਂ ਸਨ।

ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਖ਼ੂਨ ਦਾ ਚਸਕਾ ਲੱਗਿਆ ਹੋਇਆ ਹੈ। 1992 ਵਿੱਚ ਬੇਅੰਤ ਸਿੰਘ ਦੀ ਸਰਕਾਰ ਦੇ ਸਮੇਂ ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਦੀਆਂ ਲਾਸ਼ਾਂ ‘ਤੇ ਰਾਜਨੀਤੀ ਕਰਕੇ ਕਾਂਗਰਸ ਨੇ 87 ਸੀਟਾਂ ਜਿੱਤੀਆਂ ਸਨ। ਇੰਨਾ ਹੀ ਨਹੀਂ, ਅਕਾਲੀ ਦਲ ਨੇ ਵੀ 1997 ਵਿੱਚ ਇਨ੍ਹਾਂ ਹੱਤਿਆਵਾਂ ਦਾ ਵਾਸਤਾ ਦੇ ਕੇ 75 ਸੀਟਾਂ ਲਈਆਂ, ਪਰ ਸੱਤਾ ਵਿੱਚ ਆ ਕੇ ਕੇਪੀਐੱਸ ਗਿੱਲ, ਸੈਣੀ ਅਤੇ ਇਜ਼ਹਾਰ ਆਲਮ ਵਰਗੇ ਅਧਿਕਾਰੀਆਂ ‘ਤੇ ਕਾਰਵਾਈ ਕਰਨ ਦੀ ਬਜਾਏ ਉਨ੍ਹਾਂ ਨੂੰ ਤਰੱਕੀਆਂ ਦਿੱਤੀਆਂ।

ਧਾਲੀਵਾਲ ਨੇ ਰਾਹੁਲ ਗਾਂਧੀ ਨੂੰ ਟਵੀਟ ਕਰਨ ਤੋਂ ਪਹਿਲਾਂ ਗੁਲਜ਼ਾਰ ਸਿੰਘ ਦੇ ਪੁੱਤਰ ਦੀ ਵੀਡੀਓ ਦੇਖਣ ਦੀ ਸਲਾਹ ਦਿੱਤੀ, ਜਿਸ ਵਿੱਚ ਪਿੰਡ ਵਾਸੀਆਂ ਨੇ ਰਾਜਨੀਤੀ ਕਰਨ ਆਏ ਕਾਂਗਰਸੀਆਂ ਨੂੰ ਪਿੰਡੋਂ ਭੱਜਾ ਦਿੱਤਾ ਸੀ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਰਾਹੁਲ ਗਾਂਧੀ ਦੀ ਮਾਤਾ ਸੋਨੀਆ ਗਾਂਧੀ ਨੂੰ ਪੱਤਰ ਲਿਖ ਕੇ ਦੱਸਿਆ ਸੀ ਕਿ ਉਨ੍ਹਾਂ ਦੀ ਕੈਬਨਿਟ ਦੇ ਮੰਤਰੀ ਅਤੇ ਵਿਧਾਇਕ ਡਰੱਗਜ਼ ਦੇ ਧੰਦੇ ਵਿੱਚ ਸ਼ਾਮਲ ਹਨ, ਤਾਂ ਉਸ ‘ਤੇ ਕੀ ਕਾਰਵਾਈ ਹੋਈ? ਰਾਹੁਲ ਗਾਂਧੀ ਦੱਸਣ ਕਿ ਫ਼ਰੀਦਕੋਟ ਦੇ ਇੱਕ ਠੇਕੇਦਾਰ ਦੇ ਪਰਿਵਾਰ ਦੀ ਖ਼ੁਦਕੁਸ਼ੀ ਅਤੇ ਜ਼ਖ਼ਮੀ ਪਤਨੀ ਦੇ ਬਿਆਨ, ਜਿਸ ਵਿੱਚ ਉਸ ਨੇ ਕਿਹਾ ਸੀ ਕਿ ਰਾਜਾ ਵੜਿੰਗ ਨੇ ਉਨ੍ਹਾਂ ਦਾ ਪਰਿਵਾਰ ਬਰਬਾਦ ਕੀਤਾ ਹੈ, ‘ਤੇ ਕਾਂਗਰਸ ਨੇ ਕੀ ਕਾਰਵਾਈ ਕੀਤੀ?

ਧਾਲੀਵਾਲ ਨੇ ਸਪੱਸ਼ਟ ਕੀਤਾ ਕਿ ਪੰਜਾਬ ਦੇ ਹੱਕ, ਚੰਡੀਗੜ੍ਹ, ਪੰਜਾਬੀ ਭਾਸ਼ੀ ਇਲਾਕੇ ਅਤੇ ਯੂਨੀਵਰਸਿਟੀ ਕਾਂਗਰਸ ਨੇ ਹੀ ਖੋਹੇ ਹਨ। ਜੋ ਕਾਂਗਰਸੀ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਵਰਗੇ ਦੋਸ਼ੀਆਂ ਨੂੰ ਆਪਣਾ ਰੋਲ ਮਾਡਲ ਮੰਨਦੇ ਹਨ, ਉਨ੍ਹਾਂ ਨੂੰ ਪੰਜਾਬ ਦੀ ਚਿੰਤਾ ਕਰਨ ਦਾ ਕੋਈ ਹੱਕ ਨਹੀਂ ਹੈ।

ਧਾਲੀਵਾਲ ਨੇ ਕਿਹਾ ਕਿ ਮਾਨ ਸਰਕਾਰ ਪਿਛਲੇ ਚਾਰ ਸਾਲਾਂ ਤੋਂ ਨਸ਼ੇ ਖ਼ਿਲਾਫ਼ ਜੰਗ ਲੜ ਰਹੀ ਹੈ, ਹਜ਼ਾਰਾਂ ਡਰੱਗ ਡੀਲਰਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਹੈ ਅਤੇ ਹਜ਼ਾਰਾਂ ਨੌਜਵਾਨਾਂ ਦਾ ਇਲਾਜ ਕਰਵਾ ਕੇ ਉਨ੍ਹਾਂ ਨੂੰ ਠੀਕ ਕੀਤਾ ਹੈ। ਭਗਵੰਤ ਮਾਨ ਸਰਕਾਰ ਵਿੱਚ ਚਾਹੇ ਕੋਈ ਆਪਣਾ ਹੋਵੇ ਜਾਂ ਪਰਾਇਆ, ਵਿਧਾਇਕ ਹੋਵੇ ਜਾਂ ਸਰਪੰਚ, ਨਸ਼ਾ ਤਸਕਰੀ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਪੰਜਾਬ ਦੇ ਲੋਕ ਹੁਣ ਕਾਂਗਰਸ ਦੀ ਲਾਸ਼ਾਂ ਵਾਲੀ ਰਾਜਨੀਤੀ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਹਨ ਅਤੇ ਹੁਣ ਇੱਥੇ ਅਜਿਹੀ ਰਾਜਨੀਤੀ ਨਹੀਂ ਚੱਲੇਗੀ।

Exit mobile version