ਪ੍ਰਸਿੱਧ ਅਦਾਕਾਰ ਆਸ਼ੂਤੋਸ਼ ਰਾਣਾ ਦੇ ਸ਼ਾਨਦਾਰ ਅਤੇ ਦਮਦਾਰ ਅਭਿਨੈ ਰਾਹੀਂ ਲੋਕ ਭਗਵਾਨ ਸ੍ਰੀ ਰਾਮ ਦੇ ਆਦਰਸ਼ਾਂ ਤੋਂ ਹੋਏ ਰੂਬਰੂ
11 ਸਤੰਬਰ ਨੂੰ ਵੀ ਦੁਪਹਿਰ 2 ਵਜੇ ਅਤੇ ਸ਼ਾਮ 6 ਵਜੇ ਹੋਣਗੇ ਦੋ ਸ਼ੋਅ
ਬਟਾਲਾ, 6 ਸਤੰਬਰ 2026 (ਮੰਨਨ ਸੈਣੀ)– ਪੰਜਾਬ ਸਰਕਾਰ ਵੱਲੋਂ ਭਗਵਾਨ ਸ੍ਰੀ ਰਾਮ ਦੇ ਜੀਵਨ, ਆਦਰਸ਼ਾਂ ਅਤੇ ਸਦੀਵੀ ਸੰਦੇਸ਼ ਨੂੰ ਘਰ-ਘਰ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਪ੍ਰਸਿੱਧ ਨਾਟਕ ‘ਹਮਾਰੇ ਰਾਮ’ ਦਾ ਮੰਚਨ ਸਥਾਨਕ ਸ਼ਿਵ ਕੁਮਾਰ ਬਟਾਲਵੀ ਆਡੀਟੋਰੀਅਮ ਬਟਾਲਾ ਵਿਖੇ ਕੀਤਾ ਗਿਆ।
ਇਸ ਮੌਕੇ ਸ੍ਰੀਮਤੀ ਬਲਬੀਰ ਕੌਰ ਮਾਤਾ ਵਿਧਾਇਕ ਸ਼ੈਰੀ ਕਲਸੀ, ਗੁਰਸਿਮਰਨ ਸਿੰਘ ਢਿੱਲੋਂ ਵਧੀਕ ਡਿਪਟੀ ਕਮਿਸ਼ਨਰ (ਜ)- ਕਮ-ਕਮਿਸ਼ਨਰ ਕਾਰਪਰੇਸ਼ਨ ਬਟਾਲਾ, ਸਾਰੰਗਪ੍ਰੀਤ ਸਿੰਘ ਐੱਸ ਡੀ ਐੱਮ ਬਟਾਲਾ, ਵਿਧਾਇਕ ਸ਼ੈਰੀ ਕਲਸੀ ਦੇ ਭਰਾ ਅੰਮਿ੍ਤ ਕਲਸੀ, ਕਾਰਪਰੇਸ਼ਨ ਦੇ ਮੇਅਰ ਭੁਪਿੰਦਰ ਸਿੰਘ ਬਾਜਵਾ, ਚੇਅਰਮੈਨ ਮਾਨਿਕ ਮਹਿਤਾ, ਸੀਨੀਅਰ ਡਿਪਟੀ ਮੇਅਰ ਸੁਖਰਾਜ ਕੌਰ, ਹਨੀ ਚੌਹਾਨ, ਪਰਦੀਪ ਕੁਮਾਰ, ਚੇਅਰਮੈਨ ਗਗਨ ਮਹਾਜਨ ਗੁਰਦਾਸਪੁਰ, ਚੇਅਰਮੈਨ ਕਿਰਪਾਲ ਸਿੰਘ ਉਦੋਵਾਲੀ, ਚੇਅਰਮੈਨ ਰਾਜੀਵ ਸੈਣੀ ਦੀਨਾਨਗਰ, ਚੇਅਰਮੈਨ ਰਾਕੇਸ਼ ਨੰਦਾ ਗੁਰਦਾਸਪੁਰ, ਤਹਿਸੀਲਦਾਰ ਅਰਜਨ ਸਿੰਘ ਗਰੇਵਾਲ, ਅਮਿਤ ਸੋਢੀ, ਗਗਨ ਮੱਲੀ, ਅਜਮੇਰ ਸਿੰਘ ਬੰਟੀ, ਸਮਾਜ ਸੇਵੀ ਨੀਰਜ ਮਹਾਜਨ, ਧਾਰੀਵਾਲ ਸਮੇਤ ਬਟਾਲਾ ਵਾਸੀ ਮੌਜੂਦ ਸਨ।
ਇਸ ਮੌਕੇ ਸੰਬੋਧਨ ਕਰਦਿਆਂ ਮੇਅਰ ਭੁਪਿੰਦਰ ਸਿੰਘ ਬਾਜਵਾ ਅਤੇ ਅੰਮਿ੍ਤ ਕਲਸੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੀ ਅਮੀਰ ਸੱਭਿਆਚਾਰਕ ਅਤੇ ਅਧਿਆਤਮਿਕ ਵਿਰਾਸਤ ਨੂੰ ਸੰਭਾਲਣ ਦੇ ਨਾਲ-ਨਾਲ ਇਸ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਲਈ ਲਗਾਤਾਰ ਯਤਨ ਕਰ ਰਹੀ ਹੈ। ਇਸੇ ਉਦੇਸ਼ ਤਹਿਤ 6 ਅਤੇ 11 ਸਤੰਬਰ ਨੂੰ ਬਟਾਲਾ ਵਿੱਚ ‘ਹਮਾਰੇ ਰਾਮ’ ਦੇ ਮੁਫ਼ਤ ਸ਼ੋਅ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸ਼ੋਆਂ ਵਿੱਚ ਬਟਾਲਾ ਨੂੰ ਸ਼ਾਮਲ ਕੀਤਾ ਜਾਣਾ ਜ਼ਿਲ੍ਹੇ ਦੇ ਲੋਕਾਂ ਲਈ ਮਾਣ ਵਾਲੀ ਗੱਲ ਹੈ।
ਉਨ੍ਹਾਂ ਕਿਹਾ ਕਿ ‘ਹਮਾਰੇ ਰਾਮ’ ਰਾਮਾਇਣ ’ਤੇ ਆਧਾਰਿਤ ਇੱਕ ਸ਼ਾਨਦਾਰ ਨਾਟਕ ਪੇਸ਼ਕਾਰੀ ਹੈ, ਜਿਸ ਵਿੱਚ ਪ੍ਰਸਿੱਧ ਅਦਾਕਾਰ ਆਸ਼ੂਤੋਸ਼ ਰਾਣਾ ਰਾਵਣ ਦੀ ਭੂਮਿਕਾ ਵਿੱਚ ਆਪਣੇ ਦਮਦਾਰ ਅਭਿਨੈ ਨਾਲ ਦਰਸ਼ਕਾਂ ਨੂੰ ਪ੍ਰਭਾਵਿਤ ਕਰ ਰਹੇ ਹਨ। ਸ਼ਾਨਦਾਰ ਮੰਚ ਸਜਾਵਟ, ਪ੍ਰਭਾਵਸ਼ਾਲੀ ਸੰਵਾਦ, ਸੰਗੀਤ, ਵਿਜ਼ੂਅਲਜ਼ ਅਤੇ ਅਭਿਨੈ ਰਾਹੀਂ ਇਹ ਨਾਟਕ ਭਗਵਾਨ ਸ੍ਰੀ ਰਾਮ ਦੇ ਜੀਵਨ ਨਾਲ ਜੁੜੇ ਸੱਚ, ਧਰਮ, ਦਇਆ, ਮਰਿਆਦਾ ਅਤੇ ਸਦਭਾਵਨਾ ਦੇ ਸੰਦੇਸ਼ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਦਾ ਹੈ।
ਉਨ੍ਹਾਂ ਕਿਹਾ ਕਿ ‘ਹਮਾਰੇ ਰਾਮ’ ਦਾ ਸ਼ੋਅ ਜਨਤਾ ਲਈ ਪੂਰੀ ਤਰ੍ਹਾਂ ਮੁਫ਼ਤ ਹੈ, ਤਾਂ ਜੋ ਸਮਾਜ ਦੇ ਹਰ ਵਰਗ ਦੇ ਲੋਕ ਇਸ ਸ਼ਾਨਦਾਰ ਨਾਟਕ ਪੇਸ਼ਕਾਰੀ ਨੂੰ ਦੇਖ ਸਕਣ ਅਤੇ ਭਗਵਾਨ ਸ੍ਰੀ ਰਾਮ ਦੇ ਆਦਰਸ਼ਾਂ ਤੋਂ ਪ੍ਰੇਰਣਾ ਲੈ ਸਕਣ।
ਉਨ੍ਹਾਂ ਬਟਾਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ 11 ਸਤੰਬਰ ਨੂੰ ਵੀ ਵੱਡੀ ਗਿਣਤੀ ਵਿੱਚ ਇਸ ਸਮਾਗਮ ਵਿੱਚ ਸ਼ਾਮਲ ਹੋ ਕੇ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਹੋਰ ਮਜ਼ਬੂਤ ਕਰਨ ਵਿੱਚ ਆਪਣਾ ਯੋਗਦਾਨ ਪਾਉਣ।
ਉਨ੍ਹਾਂ ਦੱਸਿਆ ਕਿ 11 ਸਤੰਬਰ ਨੂੰ ਵੀ ਦੁਪਹਿਰ 2 ਵਜੇ ਅਤੇ ਸ਼ਾਮ 6 ਵਜੇ ਦੋ ਸ਼ੋਅ ਕਰਵਾਏ ਜਾਣਗੇ।

