ਭਾਜਪਾ ਆਗੂ ਮਨੋਰੰਜਨ ਕਾਲੀਆ ਦੇ ਘਰ ‘ਤੇ ਹੋਏ ਹਮਲੇ ਦੀ ਸਰਕਾਰ ਕਰ ਰਹੀ ਹੈ ਡੂੰਘਾਈ ਨਾਲ ਜਾਂਚ – ਦੋਸ਼ੀਆਂ ਨੂੰ ਜਲਦ ਕੀਤਾ ਜਾਵੇਗਾ ਕਾਬੂ

ਅਮਨ ਅਰੋੜਾ ਨੇ ਦਿੱਤਾ ਭਰੋਸਾ – ਪੰਜਾਬ ਦਾ ਹਰ ਨਾਗਰਿਕ ਪੂਰੀ ਤਰ੍ਹਾਂ ਰਹੇਗਾ ਸੁਰੱਖਿਅਤ, ਕਾਨੂੰਨ ਵਿਵਸਥਾ ਸਰਕਾਰ ਦੀ ਤਰਜੀਹ

ਚੰਡੀਗੜ੍ਹ, 8 ਅਪ੍ਰੈਲ 2025 (ਦੀ ਪੰਜਾਬ ਵਾਇਰ)– ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਭਾਜਪਾ ਆਗੂ ਮਨੋਰੰਜਨ ਕਾਲੀਆ ਦੇ ਘਰ ਤੇ ਦੇਰ ਰਾਤ ਹੋਏ ਹਮਲੇ ਦੀ ਸਖ਼ਤ ਨਿੰਦਾ ਕੀਤੀ ਅਤੇ ਇਸ ਘਟਨਾ ਤੇ ਚਿੰਤਾ ਪ੍ਰਗਟ ਕੀਤੀ।

ਘਟਨਾ ਤੋਂ ਬਾਅਦ ਅਮਨ ਅਰੋੜਾ ਨੇ ਮਨੋਰੰਜਨ ਕਾਲੀਆ ਨਾਲ ਫ਼ੋਨ ਤੇ ਵੀ ਗੱਲ ਕੀਤੀ। ਉਨ੍ਹਾਂ ਦਾ ਹਾਲ ਪੁੱਛਿਆ ਅਤੇ ਘਟਨਾ ਬਾਰੇ ਵਿਸਥਾਰ ਨਾਲ ਜਾਣਕਾਰੀ ਲਈ।

ਇੱਕ ਬਿਆਨ ਵਿੱਚ ਅਰੋੜਾ ਨੇ ਕਿਹਾ ਕਿ ਮਨੋਰੰਜਨ ਕਾਲੀਆ ਅਤੇ ਉਨ੍ਹਾਂ ਦਾ ਪਰਿਵਾਰ ਪੂਰੀ ਤਰ੍ਹਾਂ ਸੁਰੱਖਿਅਤ ਹੈ। ਉਨ੍ਹਾਂ ਕਿਹਾ ਕਿ ਇਹ ਅਸਲ ਵਿੱਚ ਪੰਜਾਬ ਸਰਕਾਰ ਵੱਲੋਂ ਡਰੱਗ ਮਾਫ਼ੀਆ ਅਤੇ ਗੈਂਗਸਟਰਾਂ ਵਿਰੁੱਧ ਕੀਤੀ ਜਾ ਰਹੀ ਨਿਰੰਤਰ ਕਾਰਵਾਈ ਕਾਰਨ ਕੁਝ ਸਮਾਜ ਵਿਰੋਧੀ ਅਨਸਰਾਂ ਵਿੱਚ ਪੈਦਾ ਹੋਈ ਨਿਰਾਸ਼ਾ ਦਾ ਨਤੀਜਾ ਹੈ।

ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਨੇ ਬੌਖਲਾਹਟ ਵਿੱਚ ਆ ਕੇ ਅਜਿਹਾ ਕਾਇਰਤਾਪੂਰਨ ਕੰਮ ਕੀਤਾ ਹੈ, ਪਰ ਇਨ੍ਹਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਸਾਰਿਆਂ ਨੂੰ ਫੜਿਆ ਜਾਵੇਗਾ ਅਤੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇਗੀ। ਪੰਜਾਬ ਪੁਲਿਸ ਦੀ ਟੀਮ ਦੋਸ਼ੀਆਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰਨ ਲਈ ਜਾਂਚ ਕਰ ਰਹੀ ਹੈ। ਸਾਰਿਆਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Exit mobile version