ਪੰਜਾਬ ਸਰਕਾਰ ਵੱਲੋਂ ਨਸ਼ਾ ਛੁਡਾਊ ਮੁਹਿੰਮ ਸਬੰਧੀ ਜ਼ਿਲ੍ਹਾ ਗੁਰਦਾਸਪੁਰ ਦੇ ਐਂਬੈਸਡਰ ਅਤੇ ‘ਸੂਰਮਾ’ ਦਾ ਖਿਤਾਬ ਪ੍ਰਾਪਤ ਪੰਕਜ ਮਹਾਜਨ ਵਿਸ਼ੇਸ਼ ਤੌਰ ’ਤੇ ਪਹੁੰਚੇ
ਨਸ਼ਾ ਛੱਡ ਚੁੱਕੇ ਅਤੇ ਨਸ਼ਾ ਛੱਡਣ ਦੀ ਕੋਸ਼ਿਸ਼ ਕਰ ਰਹੇ ਭਰਾਵਾਂ ਨੂੰ ਰੱਖੜੀ ਮੌਕੇ ਦਿੱਤਾ ਹੌਸਲਾ – ਪੰਕਜ ਮਹਾਜਨ
ਗੁਰਦਾਸਪੁਰ, 28 ਅਗਸਤ 2026 (ਮੰਨਨ ਸੈਣੀ)– ਰੱਖੜੀ ਦੇ ਪਵਿੱਤਰ ਤਿਉਹਾਰ ਦੇ ਸਬੰਧ ਵਿੱਚ ਨਸ਼ਾ ਛੁਡਾਊ ਕੇਂਦਰ, ਸਿਵਲ ਹਸਪਤਾਲ ਬੱਬਰੀ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪੰਜਾਬ ਸਰਕਾਰ ਵੱਲੋਂ ਨਸ਼ਾ ਛੁਡਾਊ ਮੁਹਿੰਮ ਸਬੰਧੀ ਜ਼ਿਲ੍ਹਾ ਗੁਰਦਾਸਪੁਰ ਦੇ ਐਂਬੈਸਡਰ ਅਤੇ ‘ਸੂਰਮਾ’ ਦਾ ਖਿਤਾਬ ਪ੍ਰਾਪਤ ਪੰਕਜ ਮਹਾਜਨ ਵਿਸ਼ੇਸ਼ ਤੌਰ ’ਤੇ ਪਹੁੰਚੇ।
ਇਸ ਮੌਕੇ ਪੰਕਜ ਮਹਾਜਨ ਨੇ ਸਮੂਹ ਪੰਜਾਬ ਵਾਸੀਆਂ ਨੂੰ ਰੱਖੜੀ ਦੇ ਪਵਿੱਤਰ ਤਿਉਹਾਰ ਦੀ ਵਧਾਈ ਦਿੱਤੀ ਅਤੇ ਖਾਸ ਤੌਰ ’ਤੇ ਉਨ੍ਹਾਂ ਭੈਣਾਂ ਨੂੰ ਵਧਾਈ ਦਿੱਤੀ, ਜਿਨ੍ਹਾਂ ਦੇ ਭਰਾਵਾਂ ਨੇ ਨਸ਼ਾ ਛੱਡ ਦਿੱਤਾ ਹੈ ਜਾਂ ਨਸ਼ਾ ਛੱਡਣ ਲਈ ਇਲਾਜ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਉਹ ਇਨ੍ਹਾਂ ਭੈਣਾਂ ਅਤੇ ਭਰਾਵਾਂ ਦੀ ਆਸ ਬਣ ਕੇ ਨਸ਼ਾ ਛੁਡਾਊ ਕੇਂਦਰ ਵਿਖੇ ਪਹੁੰਚੇ ਹਨ।
ਉਨ੍ਹਾਂ ਕਿਹਾ ਕਿ ਨਸ਼ਾ ਛੱਡਣ ਲਈ ਕੇਂਦਰ ਵਿੱਚ ਆਏ ਭਰਾਵਾਂ ਨੂੰ ਪ੍ਰੇਰਿਤ ਕਰਨਾ ਅਤੇ ਉਨ੍ਹਾਂ ਦਾ ਹੌਸਲਾ ਵਧਾਉਣਾ ਉਨ੍ਹਾਂ ਦਾ ਮੁੱਖ ਉਦੇਸ਼ ਹੈ। ਉਨ੍ਹਾਂ ਕਿਹਾ, “ਮੈਂ ਖੁਦ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਨਿਕਲਿਆ ਹਾਂ ਅਤੇ ਜੇਕਰ ਮੈਂ ਨਸ਼ਾ ਛੱਡ ਸਕਦਾ ਹਾਂ ਤਾਂ ਤੁਸੀਂ ਵੀ ਨਸ਼ਾ ਛੱਡ ਸਕਦੇ ਹੋ। ਮੈਂ ਆਪਣੇ ਭਰਾਵਾਂ ਨੂੰ ਇਹ ਵਿਸ਼ਵਾਸ ਦਿਵਾਉਣ ਅਤੇ ਉਨ੍ਹਾਂ ਦਾ ਹੌਸਲਾ ਵਧਾਉਣ ਲਈ ਇੱਥੇ ਆਇਆ ਹਾਂ ਕਿ ਅਸੀਂ ਸਾਰੇ ਮਿਲ ਕੇ ਨਸ਼ੇ ਨੂੰ ਹਰਾ ਸਕਦੇ ਹਾਂ।”
ਪੰਕਜ ਮਹਾਜਨ ਨੇ ਕਿਹਾ ਕਿ ਅਸੀਂ ਅਕਸਰ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਦਾ ਨਾਅਰਾ ਸੁਣਦੇ ਹਾਂ, ਪਰ ਅੱਜ ਸਮੇਂ ਦੀ ਲੋੜ ਹੈ ਕਿ ਅਸੀਂ ‘ਨਸ਼ੇ ਤੋਂ ਹਟਾਓ, ਬੇਟਾ ਬਚਾਓ’ ਦਾ ਸੁਨੇਹਾ ਵੀ ਘਰ-ਘਰ ਤੱਕ ਪਹੁੰਚਾਈਏ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਆਪਣੀ ਮਰਜ਼ੀ ਨਾਲ ਨਸ਼ੇ ਦਾ ਆਦੀ ਨਹੀਂ ਬਣਨਾ ਚਾਹੁੰਦਾ। ਜਿਹੜੇ ਭਰਾ ਨਸ਼ੇ ਦੀ ਲਪੇਟ ਵਿੱਚ ਆ ਗਏ ਹਨ, ਉਹ ਵੀ ਨਸ਼ਾ ਛੱਡ ਕੇ ਆਪਣੀ ਜ਼ਿੰਦਗੀ ਨੂੰ ਮੁੜ ਸਹੀ ਰਾਹ ’ਤੇ ਲਿਆਉਣਾ ਚਾਹੁੰਦੇ ਹਨ।
ਉਨ੍ਹਾਂ ਪੰਜਾਬ ਸਰਕਾਰ ਵੱਲੋਂ ਨਸ਼ਾ ਛੁਡਾਉਣ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਜੋ ਮਾਣ-ਸਨਮਾਨ ਦਿੱਤਾ ਹੈ ਅਤੇ ਨਸ਼ੇ ਵਿਰੁੱਧ ਲੜਾਈ ਵਿੱਚ ਨਸ਼ਾ ਛੱਡਣ ਵਾਲੇ ਭਰਾਵਾਂ ਦੀ ਮਦਦ ਕਰਨ ਦੀ ਜ਼ਿੰਮੇਵਾਰੀ ਸੌਂਪੀ ਹੈ, ਉਹ ਇਸ ਨੂੰ ਪੂਰੀ ਇਮਾਨਦਾਰੀ ਨਾਲ ਨਿਭਾ ਰਹੇ ਹਨ।
ਉਨ੍ਹਾਂ ਕਿਹਾ ਕਿ ਨਸ਼ਾ ਛੁਡਾਊ ਕੇਂਦਰ ਲਈ ਜਦੋਂ ਵੀ ਕਿਸੇ ਲੋੜ ਦੀ ਮੰਗ ਪੰਜਾਬ ਸਰਕਾਰ ਕੋਲ ਰੱਖੀ ਗਈ ਹੈ, ਉਸ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕੇਂਦਰ ਵਿੱਚ ਇਲਾਜ ਕਰਵਾ ਰਹੇ ਭਰਾਵਾਂ ਦੀ ਸਹੂਲਤ ਲਈ ਜਿੰਮ, ਏ.ਸੀ. ਅਤੇ ਹੋਰ ਲੋੜੀਂਦੀਆਂ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਪੂਰੀ ਤਰ੍ਹਾਂ ਗੰਭੀਰ ਅਤੇ ਸਰਗਰਮ ਹੈ ਅਤੇ ਸੂਬੇ ਵਿੱਚੋਂ ਨਸ਼ੇ ਦੀ ਸਮੱਸਿਆ ਨੂੰ ਜੜ੍ਹੋਂ ਖ਼ਤਮ ਕਰਨ ਲਈ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ। ਇਸੇ ਤਹਿਤ ਉਨ੍ਹਾਂ ਨੂੰ ਵੱਖ-ਵੱਖ ਨਸ਼ਾ ਛੁਡਾਊ ਕੇਂਦਰਾਂ ਵਿੱਚ ਸੱਦਾ ਦਿੱਤਾ ਜਾਂਦਾ ਹੈ, ਤਾਂ ਜੋ ਉਹ ਆਪਣੇ ਤਜਰਬੇ ਰਾਹੀਂ ਨਸ਼ਾ ਛੱਡਣ ਵਾਲੇ ਭਰਾਵਾਂ ਨੂੰ ਪ੍ਰੇਰਿਤ ਕਰ ਸਕਣ ਅਤੇ ਉਨ੍ਹਾਂ ਨੂੰ ਨਸ਼ੇ ਦੀ ਲਤ ਤੋਂ ਬਾਹਰ ਆਉਣ ਲਈ ਹੌਸਲਾ ਦੇ ਸਕਣ।
ਇਸ ਮੌਕੇ ਡੀ.ਐੱਮ.ਸੀ. ਡਾ. ਰਵਿੰਦਰ ਸਿੰਘ, ਮੈਨੇਜਰ ਅਜੀਤ ਸਿੰਘ, ਡਾ. ਮਿੱਤਰੀ, ਕਾਊਂਸਲਰ ਰਾਹੁਲ, ਅਜੈ ਤੋਂ ਇਲਾਵਾ ਨਸ਼ਾ ਛੱਡਣ ਲਈ ਕੇਂਦਰ ਵਿੱਚ ਇਲਾਜ ਕਰਵਾ ਰਹੇ ਵਿਅਕਤੀਆਂ ਦੇ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ।

