ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ ਬੁੱਤ ਬਿਲਕੁੱਲ ਸੁਰੱਖਿਅਤ-ਐਸ.ਐਸ.ਪੀ ਬਟਾਲਾ

ਘਟਨਾ ਦੇ ਤੱਥਾਂ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਜਾਰੀ

ਬਟਾਲਾ, 2 ਅਪ੍ਰੈਲ 2025 (ਦੀ ਪੰਜਾਬ ਵਾਇਰ)। ਐਸ.ਐਸ.ਪੀ ਬਟਾਲਾ, ਸੁਹੇਲ ਕਾਸਿਮ ਮੀਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਟਾਲਾ ਪੁਲਿਸ ਨੂੰ ਅੱਜ ਸਵੇਰੇ ਕਰੀਬ 9.30 ਵਜੇ ਕਪੂਰੀ ਗੇਟ ਬਟਾਲਾ ਵਿਖੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਬੁੱਤ ਨੂੰ ਨੁਕਸਾਨ ਪੁੱਜਣ ਬਾਰੇ ਜਾਣਕਾਰੀ ਮਿਲੀ ਸੀ।

ਐਸ.ਐਸ.ਪੀ ਨੇ ਦੱਸਿਆ ਇਸ ਦੀ ਜਾਂਚ ਕਰਨ ‘ਤੇ ਇਹ ਪਾਇਆ ਗਿਆ ਕਿ ਬਾਬਾ ਜੀ ਦਾ ਬੁੱਤ ਠੀਕ ਹੈ, ਸਿਰਫ ਮਾਮੂਲੀ ਨੁਕਸਾਨ ਹੀ ਦੇਖਿਆ ਗਿਆ ਹੈ। ਇਸ ਸਬੰਧੀ ਐਫ.ਆਈ.ਆਰ. ਦਰਜ ਕਰ ਲਈ ਗਈ ਹੈ ਅਤੇ ਘਟਨਾ ਦੇ ਤੱਥਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ।

ਐੱਸ.ਐੱਸ.ਪੀ. ਬਟਾਲਾ ਨੇ ਅੱਗੇ ਦੱਸਿਆ ਕਿ ਕੱਲ੍ਹ ਬੀਤੀ ਸ਼ਾਮ ਇੰਪਰੂਵਮੈਂਟ ਟਰੱਸਟ ਬਟਾਲਾ ਦੇ ਚੇਅਰਮੈਨ, ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਬੁੱਤ ਨੂੰ ਨਵੀਂ ਦਿਖ ਦੇਣ ਲਈ ਮੌਕੇ ‘ਤੇ ਗਏ ਸਨ। ਉਨ੍ਹਾਂ ਵੱਲੋਂ ਲਈਆਂ ਗਈ ਕੁੱਝ ਫੋਟੋਗ੍ਰਾਫਸ ਤੋਂ ਪਤਾ ਚੱਲਦਾ ਹੈ ਕਿ ਬੁੱਤ ਨੂੰ ਪਹਿਲਾ ਤੋਂ ਹੀ ਹਲਕਾ- ਫੁਲਕਾ ਨੁਕਸਾਨ ਹੋਇਆ ਹੈ।

ਉਨ੍ਹਾ ਅੱਗੇ ਦੱਸਿਆ ਕਿ ਬਾਬਾ ਜੀ ਦੇ ਬੁੱਤ ਦਾ ਕਾਫੀ ਸਮੇਂ ਤੋਂ ਨਵੀਨੀਕਰਨ ਅਤੇ ਪੇਂਟ ਨਹੀਂ ਹੋਇਆ ਸੀ, ਜਿਸ ਕਰਕੇ ਚੇਅਰਮੈਨ ਇੰਪਰੂਵਮੈਂਟ ਟਰੱਸਟ ਬਟਾਲਾ ਉੱਥੇ ਗਏ ਸਨ। ਉਨ੍ਹਾਂ ਦੱਸਿਆ ਕਿ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ ਬੁੱਤ ਬਿਲਕੁੱਲ ਸੁਰੱਖਿਅਤ ਹੈ।

ਉਨ੍ਹਾਂ ਅੱਗੇ ਕਿਹਾ ਕਿ ਪਰ ਫਿਰ ਵੀ ਬਟਾਲਾ ਪੁਲਿਸ ਵਲੋਂ ਵੱਖ-ਵੱਖ ਪੱਧਰ ‘ਤੇ ਜਾਂਚ ਕੀਤੀ ਜਾ ਰਹੀ ਹੈ। ਇਸ ਸੰਬੰਧੀ ਤਕਨੀਕੀ ਪੱਖੋਂ ਤੋਂ ਪੀ.ਡਬਲਿਊ.ਡੀ ਵਿਭਾਗ ਰਾਹੀਂ ਵੀ ਘੋਖਿਆ ਜਾ ਰਿਹਾ ਹੈ ਅਤੇ ਬਟਾਲਾ ਪੁਲਿਸ ਵਲੋਂ ਐਫ.ਆਈ.ਆਰ. ਦਰਜ ਕਰ ਲਈ ਗਈ ਹੈ ਅਤੇ ਘਟਨਾ ਦੇ ਤੱਥਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ।

FacebookTwitterEmailWhatsAppTelegramShare
Exit mobile version