ਨਵੇਂ ਭਰਤੀ ਅਧਿਆਪਕਾਂ ਨੇ ਪਾਰਦਰਸ਼ੀ ਢੰਗ ਨਾਲ ਨੌਕਰੀਆਂ ਦੇਣ ਲਈ ਮੁੱਖ ਮੰਤਰੀ ਦੀ ਕੀਤੀ ਸ਼ਲਾਘਾ

ਚੰਡੀਗੜ੍ਹ, 1 ਅਪਰੈਲ 2025 (ਦੀ ਪੰਜਾਬ ਵਾਇਰ)– ਸਿੱਖਿਆ ਵਿਭਾਗ ਵਿੱਚ ਨਵੇਂ ਭਰਤੀ ਹੋਏ ਅਧਿਆਪਕਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪੂਰੀ ਤਰ੍ਹਾਂ ਯੋਗਤਾ ਦੇ ਆਧਾਰ ’ਤੇ ਨੌਕਰੀਆਂ ਦੇਣ ਲਈ ਸ਼ਲਾਘਾ ਕੀਤੀ।

ਸੰਗਰੂਰ ਦੀ ਸਿਮਰਨਜੀਤ ਸ਼ਰਮਾ ਨੇ ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਸ ਦੇ ਪਤੀ ਨੂੰ 2023 ਵਿੱਚ ਨਿਯੁਕਤੀ ਪੱਤਰ ਮਿਲਿਆ ਸੀ ਅਤੇ ਹੁਣ ਉਸ ਨੇ ਇਹ ਨੌਕਰੀ ਹਾਸਲ ਕਰ ਕੇ ਆਪਣੇ ਦਾਦਾ ਜੀ ਦਾ ਸੁਪਨਾ ਸਾਕਾਰ ਕੀਤਾ ਹੈ। ਉਸ ਨੇ ਕਿਹਾ ਕਿ ਇਸ ਦਾ ਸਾਰਾ ਸਿਹਰਾ ਮੁੱਖ ਮੰਤਰੀ ਨੂੰ ਜਾਂਦਾ ਹੈ, ਜਿਨ੍ਹਾਂ ਨੇ ਪੂਰੇ ਪਾਰਦਰਸ਼ੀ ਢੰਗ ਨਾਲ ਭਰਤੀ ਯਕੀਨੀ ਬਣਾਈ ਹੈ।

ਮਾਨਸਾ ਦੇ ਰਹਿਣ ਵਾਲੇ ਗਗਨਦੀਪ ਸਿੰਘ ਨੇ ਦੱਸਿਆ ਕਿ ਉਹ ਪ੍ਰਾਈਵੇਟ ਤੌਰ ‘ਤੇ ਕੰਮ ਕਰਦਾ ਸੀ ਅਤੇ ਲੰਬੇ ਸਮੇਂ ਤੋਂ ਨੌਕਰੀ ਲਈ ਕੋਸ਼ਿਸ਼ ਕਰ ਰਿਹਾ ਸੀ। ਉਸ ਨੇ ਕਿਹਾ ਕਿ ਇਸ ਤੋਂ ਪਹਿਲਾਂ ਉਸ ਦੇ ਪਰਿਵਾਰ ਦੇ ਕਿਸੇ ਵੀ ਮੈਂਬਰ ਕੋਲ ਸਰਕਾਰੀ ਨੌਕਰੀ ਨਹੀਂ ਸੀ। ਇਸ ਨੌਕਰੀ ਲਈ ਉਹ ਮੁੱਖ ਮੰਤਰੀ ਅਤੇ ਸੂਬਾ ਸਰਕਾਰ ਦੇ ਸਦਾ ਕਰਜ਼ਦਾਰ ਰਹਿਣਗੇ।

ਰਾਮਫਲ ਸਿੰਘ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੌਰਾਨ ਉਸ ਦੀ ਅਤੇ ਉਸ ਦੇ ਦੋਸਤ ਦੀ ਸਰਕਾਰੀ ਨੌਕਰੀ ਦੀ ਆਸ ਟੁੱਟ ਗਈ ਸੀ ਪਰ ਮੁੱਖ ਮੰਤਰੀ ਦੀ ਬਦੌਲਤ ਅੱਜ ਉਸ ਨੂੰ ਨੌਕਰੀ ਮਿਲੀ ਹੈ। ਉਸ ਨੇ ਕਿਹਾ ਕਿ ਮੌਜੂਦਾ ਸਰਕਾਰ ਦੌਰਾਨ ਉਸ ਨੂੰ ਤੀਜੀ ਨੌਕਰੀ ਮਿਲੀ ਹੈ, ਜੋ ਉਸ ਲਈ ਬਹੁਤ ਮਾਣ ਵਾਲੀ ਗੱਲ ਹੈ।

ਰੂਪਨਗਰ ਦੀ ਰਹਿਣ ਵਾਲੀ ਸੰਦੀਪ ਕੌਰ ਨੇ ਦੱਸਿਆ ਕਿ ਉਸ ਦੇ ਮਾਪਿਆਂ ਦਾ ਸੁਪਨਾ ਸੀ ਕਿ ਉਹ ਸਰਕਾਰੀ ਨੌਕਰੀ ਕਰੇ। ਉਸ ਨੇ ਕਿਹਾ ਕਿ ਮੁੱਖ ਮੰਤਰੀ ਦੀ ਬਦੌਲਤ ਇਹ ਸੁਪਨਾ ਪੂਰਾ ਹੋਇਆ ਹੈ ਕਿਉਂਕਿ ਇਸ ਤੋਂ ਪਹਿਲਾਂ ਉਸ ਦੇ ਪਤੀ ਨੂੰ ਵੀ ਇਸ ਸਰਕਾਰ ਦੌਰਾਨ ਨੌਕਰੀ ਮਿਲ ਚੁੱਕੀ ਹੈ।

ਮਾਨਸਾ ਦੇ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਨੂੰ ਮੌਜੂਦਾ ਸਰਕਾਰ ਵੇਲੇ ਹੀ ਪੰਜਾਬ ਪੁਲੀਸ ਵਿੱਚ ਨੌਕਰੀ ਮਿਲੀ ਸੀ ਪਰ ਹੁਣ ਮੁੜ ਅਧਿਆਪਕ ਵਜੋਂ ਨੌਕਰੀ ਮਿਲੀ ਹੈ। ਉਸ ਨੇ ਕਿਹਾ ਕਿ ਇਸ ਦਾ ਸਾਰਾ ਸਿਹਰਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜਾਂਦਾ ਹੈ।

ਸੰਗਰੂਰ ਦੀ ਗੋਲੋ ਕੌਰ ਨੇ ਮੁੱਖ ਮੰਤਰੀ ਵੱਲੋਂ ਨੌਜਵਾਨਾਂ ਨੂੰ ਨੌਕਰੀਆਂ ਦੇਣ ਅਤੇ ਆਮ ਆਦਮੀ ਦਾ ਜੀਵਨ ਰੌਸ਼ਨ ਕਰਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਉਸ ਨੇ ਕਿਹਾ ਕਿ ਉਸ ਨੂੰ ਅਤੇ ਕਈ ਹੋਰਾਂ ਨੂੰ ਦਸ ਦਿਨਾਂ ਦੇ ਅੰਦਰ ਦੂਜੀ ਨੌਕਰੀ ਮਿਲੀ ਹੈ, ਜੋ ਬੇਮਿਸਾਲ ਪ੍ਰਾਪਤੀ ਹੈ।

ਪਟਿਆਲਾ ਤੋਂ ਰਵਨੀਤ ਕੌਰ ਨੇ ਕਰੋੜਾਂ ਪੰਜਾਬੀਆਂ ਦੇ ਸੁਪਨੇ ਸਾਕਾਰ ਕਰਨ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਉਸ ਨੇ ਕਿਹਾ ਕਿ ਇਹ ਨੌਕਰੀ ਦੇਣ ਲਈ ਉਹ ਮੁੱਖ ਮੰਤਰੀ ਅਤੇ ਉਨ੍ਹਾਂ ਦੀ ਸਰਕਾਰ ਦੀ ਹਮੇਸ਼ਾ ਰਿਣੀ ਰਹੇਗੀ।

FacebookTwitterEmailWhatsAppTelegramShare
Exit mobile version