ਤਿਉਹਾਰ ਮੌਕੇ ਵੱਡੀ ਗਿਣਤੀ ਵਿੱਚ ਮਹਿਲਾਵਾਂ ਦੀ ਸ਼ਮੂਲੀਅਤ, ਪ੍ਰਬੰਧਕਾਂ ਦੀ ਹੋਈ ਸ਼ਲਾਘਾ
ਪਟਿਆਲਾ, 23 ਅਗਸਤ 2026 (ਦੀ ਪੰਜਾਬ ਵਾਇਰ) । ਆਲ ਇੰਡੀਆ ਸੈਣੀ ਸੇਵਾ ਸਮਾਜ ਦੇ ਪੰਜਾਬ ਪ੍ਰਧਾਨ ਲਵਲੀਨ ਸਿੰਘ ਸੈਣੀ ਦੀ ਅਗਵਾਈ ਹੇਠ ਸੰਬੰਧਤ ਸੰਸਥਾ ਸੈਣੀ ਮਹਾਂ ਸਭਾ ਜ਼ਿਲ੍ਹਾ ਪਟਿਆਲਾ ਦੀ ਲੇਡੀਜ਼ ਵਿੰਗ ਵੱਲੋਂ ਤੀਆਂ ਦਾ ਤਿਉਹਾਰ ਬਹੁਤ ਹੀ ਧੂਮ-ਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਮਾਗਮ ਵਿੱਚ ਵੱਡੀ ਸੰਖਿਆ ਵਿੱਚ ਮਹਿਲਾਵਾਂ ਨੇ ਭਾਗ ਲਿਆ ਅਤੇ ਪੰਜਾਬੀ ਸੱਭਿਆਚਾਰ ਦੇ ਇਸ ਰਵਾਇਤੀ ਤਿਉਹਾਰ ਨੂੰ ਪੂਰੇ ਜੋਸ਼ੋ-ਖਰੋਸ਼ ਨਾਲ ਮਨਾਇਆ।
ਸਮਾਗਮ ਦੌਰਾਨ ਮਹਿਲਾਵਾਂ ਨੇ ਗਿੱਧਾ ਪਾਇਆ ਅਤੇ ਰਵਾਇਤੀ ਤੀਆਂ ਦੇ ਗੀਤ ਗਾ ਕੇ ਮਾਹੌਲ ਨੂੰ ਖੁਸ਼ੀਆਂ-ਭਰਿਆ ਬਣਾ ਦਿੱਤਾ। ਸਾਉਣ ਦੇ ਮਹੀਨੇ ਨਾਲ ਜੁੜੇ ਇਸ ਤਿਉਹਾਰ ਨੇ ਸਭਾ ਦੀਆਂ ਮੈਂਬਰ ਮਹਿਲਾਵਾਂ ਨੂੰ ਇੱਕ ਮੰਚ ‘ਤੇ ਇਕੱਠਾ ਕਰਕੇ ਆਪਸੀ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕੀਤਾ।
ਸੈਣੀ ਮਹਾਂ ਸਭਾ ਜ਼ਿਲ੍ਹਾ ਪਟਿਆਲਾ ਦੀ ਲੇਡੀਜ਼ ਵਿੰਗ ਦੇ ਚੇਅਰਮੈਨ ਸ਼੍ਰੀਮਤੀ ਹਰਿੰਦਰ ਕੌਰ ਅਤੇ ਪ੍ਰਧਾਨ ਸ਼੍ਰੀਮਤੀ ਕੁਲਵਿੰਦਰਜੀਤ ਕੌਰ, ਕਮਲੇਸ਼ ਸੈਣੀ, ਸ਼ਿਵਿੰਦਰ ਕੌਰ ਵੱਲੋਂ ਕੀਤੇ ਸਫ਼ਲ ਪ੍ਰਬੰਧਾਂ ਲਈ ਧੰਨਵਾਦ ਕੀਤਾ ਅਤੇ ਸਾਰਿਆਂ ਦੀ ਭਰਵੀਂ ਸ਼ਲਾਘਾ ਕੀਤੀ ਗਈ।
ਆਲ ਇੰਡੀਆ ਸੈਣੀ ਸੇਵਾ ਸਮਾਜ (ਰਜਿ.) ਪੰਜਾਬ ਸਟੇਟ ਯੂਨਿਟ ਦੇ ਪ੍ਰਧਾਨ ਲਵਲੀਨ ਸਿੰਘ ਸੈਣੀ ਨੇ ਵੀ ਇਸ ਸਫ਼ਲ ਸਮਾਗਮ ਦੇ ਪ੍ਰਬੰਧਾਂ ਲਈ ਚੇਅਰਮੈਨ ਹਰਿੰਦਰ ਕੌਰ ਅਤੇ ਪ੍ਰਧਾਨ ਕੁਲਵਿੰਦਰਜੀਤ ਕੌਰ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿੱਚ ਵੀ ਪੰਜਾਬੀ ਵਿਰਸੇ ਨੂੰ ਉੱਚਾ ਚੁੱਕਣ ਲਈ ਯਤਨਸ਼ੀਲ ਰਹਿਣ ਦਾ ਸੱਦਾ ਦਿੱਤਾ।

