ਖਾਣ-ਪੀਣ ਦੀਆਂ ਸੁਰੱਖਿਅਤ ਅਤੇ ਸਿਹਤਮੰਦ ਆਦਤਾਂ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਵਿਧਾਨ ਸਭਾ ਵਿਖੇ “ਈਟ ਰਾਈਟ” ਮੇਲਾ ਕਰਵਾਇਆ

ਚੰਡੀਗੜ੍ਹ, 27 ਮਾਰਚ 2025 (ਦੀ ਪੰਜਾਬ ਵਾਇਰ)– ਪੰਜਾਬ ਫੂਡ ਐਂਡ ਡਰੱਗਜ਼ ਐਡਮਿਨਿਸਟ੍ਰੇਸ਼ਨ ਨੇ ਵੀਰਵਾਰ ਨੂੰ ਪੰਜਾਬ ਵਿਧਾਨ ਸਭਾ ਕੰਪਲੈਕਸ ਵਿਖੇ ਖਾਣ-ਪੀਣ ਦੀਆਂ ਸੁਰੱਖਿਅਤ ਤੇ ਸਿਹਤਮੰਦ ਆਦਤਾਂ ਬਾਰੇ ਜਾਗਰੂਕਤਾ ਪੈਦਾ ਕਰਨ ‘ਈਟ ਰਾਈਟ’ ਮੇਲਾ ਕਰਵਾਇਆ ਗਿਆ ।

ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੇ ਨਿਰਦੇਸ਼ਾਂ ‘ਤੇ ਕਰਵਾਏ ਗਏ ਇਸ ਮੇਲੇ ਵਿੱਚ ਸਵੈ-ਸਹਾਇਤਾ ਸਮੂਹਾਂ,  ਫੂਡ ਇੰਡਸਟਰੀ ਦੇ ਖੋਜਕਰਤਾਵਾਂ, ਪੀਜੀਆਈ ਦੇ ਖੁਰਾਕ ਮਾਹਿਰਾਂ ਅਤੇ ਹੋਰ ਭਾਈਵਾਲਾਂ ਨੇ ਉਤਸ਼ਾਹ ਨਾਲ ਭਾਗੀਦਾਰੀ ਕੀਤੀ।

ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੇਲਾ ਮੋਟੇ ਅਨਾਜ ਅਤੇ ਜੈਵਿਕ ਭੋਜਨ ਨੂੰ ਉਤਸ਼ਾਹਿਤ ਕਰਨ ‘ਤੇ ਕੇਂਦਰਿਤ ਸੀ, ਜਿਸ ਵਿੱਚ ਮੋਟੇ ਅਨਾਜ ਦੀ ਖਿਚੜੀ,  ਸ਼ੇਕ ਅਤੇ  ਹਲਵਾ ਪਰੋਸਿਆ ਗਿਆ ਸੀ। ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਦੇ ਨਾਲ ਸਿਹਤਮੰਦ ਭੋਜਨ ਨੂੰ ਸਮਰਥਨ ਦੇਣ ਲਈ ਪੌਸ਼ਟਿਕ ਮੋਟੇ ਅਨਾਜ ਵਾਲੇ ਦੁਪਹਿਰ ਦੇ ਖਾਣੇ ਦਾ ਆਨੰਦ ਮਾਣਿਆ।

ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸਮੁੱਚੀ ਤੰਦਰੁਸਤੀ ਲਈ ਸੁਰੱਖਿਅਤ ਅਤੇ ਸੰਤੁਲਿਤ ਖੁਰਾਕ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ‘ਈਟ ਰਾਈਟ’ ਮੇਲਾ ਨਾਗਰਿਕਾਂ ਨੂੰ ਸੁਰੱਖਿਅਤ ਭੋਜਨ, ਖੁਰਾਕ ਸਬੰਧੀ ਵਿਕਲਪਾਂ ਅਤੇ ਸਿਹਤ ਨੂੰ ਉਤਸ਼ਾਹਿਤ ਕਰਨ ਵਾਲੀਆਂ ਸਰਕਾਰੀ ਪਹਿਲਕਦਮੀਆਂ ਬਾਰੇ ਜਾਗਰੂਕ ਕਰਨ ਲਈ ਇੱਕ ਪਲੇਟਫਾਰਮ ਵਜੋਂ ਕੰਮ ਕਰਦਾ ਹੈ। ਉਨ੍ਹਾਂ ਮੰਤਰੀਆਂ ਅਤੇ ਵਿਧਾਇਕਾਂ ਨੂੰ ਖਾਧ ਪਦਾਰਥਾਂ ਦੀ ਜਾਂਚ, ਸਿਖਲਾਈ ਅਤੇ ਜਾਗਰੂਕਤਾ ਪ੍ਰੋਗਰਾਮਾਂ ਲਈ ਆਪਣੇ ਹਲਕਿਆਂ ਵਿੱਚ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (ਐਫਏਡੀ) ਦੀਆਂ ਸੇਵਾਵਾਂ ਲੈਣ ਦੀ ਅਪੀਲ ਵੀ ਕੀਤੀ।

ਪੰਜਾਬ ਦੀ ਭੋਜਨ ਸੁਰੱਖਿਆ ਪ੍ਰਤੀ ਵਚਨਬੱਧਤਾ ਨੂੰ ਉਜਾਗਰ ਕਰਦਿਆਂ ਸਿਹਤ ਮੰਤਰੀ ਨੇ ਦੱਸਿਆ ਕਿ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਨੇ ਰਾਜ ਭਰ ਵਿੱਚ 23 ਮੋਬਾਈਲ ਫੂਡ ਟੈਸਟਿੰਗ ਵੈਨਾਂ ਤਾਇਨਾਤ ਕੀਤੀਆਂ ਹਨ, ਜੋ ਦੁੱਧ, ਪਾਣੀ, ਪੀਣ ਵਾਲੇ ਪਦਾਰਥਾਂ, ਅਨਾਜ ਅਤੇ ਮਸਾਲਿਆਂ ਦੇ 150 ਤੋਂ ਵੱਧ ਮਾਪਦੰਡਾਂ ਦੀ ਜਾਂਚ ਕਰਨ ਲਈ ਆਧੁਨਿਕ ਸਾਧਨਾਂ ਨਾਲ ਲੈਸ ਹਨ।

ਇਹ ਮੌਜੂਦਾ ਵਿੱਤੀ ਸਾਲ (2024-25) ਵਿੱਚ ਆਯੋਜਿਤ ਕੀਤਾ ਗਿਆ 6ਵਾਂ ਈਟ ਰਾਈਟ ਮੇਲਾ  ਸੁਰੱਖਿਅਤ, ਸਿਹਤਮੰਦ ਅਤੇ ਟਿਕਾਊ ਖੁਰਾਕ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਰਾਜ ਦੇ ਸਮਰਪਣ ਨੂੰ ਦਰਸਾਉਂਦਾ ਹੈ। ਫੂਡ ਸੇਫਟੀ ਵਿੰਗ ਇਸ ਲਹਿਰ ਨੂੰ ਤਿੰਨ ਮੁੱਖ ਥੀਮਾਂ ਹੇਠ ਚਲਾ ਰਿਹਾ ਹੈ: “ਜੇ ਇਹ ਸੁਰੱਖਿਅਤ ਨਹੀਂ ਹੈ, ਤਾਂ ਇਹ ਭੋਜਨ ਨਹੀਂ ਹੈ” (ਸੁਰੱਖਿਅਤ ਭੋਜਨ), “ਭੋਜਨ ਸਰੀਰ ਅਤੇ ਮਨ ਦੋਵਾਂ ਨੂੰ ਪੋਸ਼ਣ ਦੇਣ ਵਾਲਾ ਹੋਣਾ ਚਾਹੀਦਾ ਹੈ” (ਸਿਹਤਮੰਦ ਭੋਜਨ), ਅਤੇ “ਭੋਜਨ ਲੋਕਾਂ ਅਤੇ ਗ੍ਰਹਿ ਲਈ ਚੰਗਾ ਹੋਣਾ ਚਾਹੀਦਾ ਹੈ” (ਟਿਕਾਊ ਭੋਜਨ)।

ਮੇਲੇ ਵਿੱਚ ਤੁਰੰਤ ਮਿਲਾਵਟਖੋਰੀ ਟੈਸਟ, ਮਾਹਰ ਖੁਰਾਕ ਸਬੰਧੀ ਸਲਾਹ-ਮਸ਼ਵਰੇ ਅਤੇ ਸਰਕਾਰੀ ਯੋਜਨਾਵਾਂ ਬਾਰੇ ਜਾਣਕਾਰੀ ਵੀ ਦਿੱਤੀ ਗਈ, ਜਿਸ ਨਾਲ ਇਹ ਸਾਰੇ ਹਾਜ਼ਰੀਨ ਲਈ ਇੱਕ ਦਿਲਚਸਪ ਅਤੇ ਜਾਣਕਾਰੀ ਭਰਪੂਰ ਅਨੁਭਵ ਬਣ ਗਿਆ। ਇਸ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਪ੍ਰਮੁੱਖ ਸਕੱਤਰ ਸਿਹਤ ਸ਼੍ਰੀ ਕੁਮਾਰ ਰਾਹੁਲ ਅਤੇ ਐਫ.ਡੀ.ਏ. ਕਮਿਸ਼ਨਰ ਸ਼੍ਰੀ ਦਿਲਰਾਜ ਸਿੰਘ ਵੀ ਮੌਜੂਦ ਸਨ।

ਸਿਹਤ ਮੰਤਰੀ ਨੇ ਸਾਰੇ ਪੰਜਾਬੀਆਂ ਨੂੰ “ਸਹੀ ਖਾਓ, ਸਿਹਤਮੰਦ ਰਹੋ” ਅਤੇ ਇੱਕ ਸਿਹਤਮੰਦ, ਨਸ਼ੇ-ਮੁਕਤ ਅਤੇ ਪੋਸ਼ਣ ਸਬੰਧੀ ਸੁਰੱਖਿਅਤ ਪੰਜਾਬ ਲਈ ਰਾਜ ਦੇ ਮਿਸ਼ਨ ਦਾ ਸਮਰਥਨ ਕਰਨ ਦੀ ਅਪੀਲ ਕਰਦੇ ਹੋਏ ਸਮਾਪਤ ਕੀਤਾ।

FacebookTwitterEmailWhatsAppTelegramShare
Exit mobile version