ਵਿਧਾਇਕ ਪਾਹੜਾ ਨੇ ਕੂੜੇ ਦੀ ਸਮੱਸਿਆ ਦਾ ਮੁੱਦਾ ਵਿਧਾਨ ਸਭਾ ਵਿੱਚ ਰੱਖਿਆ

ਦੱਸਿਆ ਕੂੜਾ ਸੁੱਟਣ ਲਈ ਸਿਰਫ਼ ਪੰਜ ਦਿਨਾਂ ਦੀ ਜਗ੍ਹਾ ਬਚੀ ਹੈ, ਉਸ ਤੋਂ ਬਾਅਦ ਬਣ ਸਕਦੀ ਹੈ ਵੱਡੀ ਸਮੱਸਿਆ

ਗੁਰਦਾਸਪੁਰ, 27 ਮਈ 2025 (ਦੀ ਪੰਜਾਬ ਵਾਇਰ)। ਸਥਾਨਕ ਪੱਧਰ ‘ਤੇ ਕਈ ਵਾਰ ਗਰਮਾ ਚੁੱਕਾ ਗੁਰਦਾਸਪੁਰ ਸ਼ਹਿਰ ਦਾ ਕੂੜਾ ਮਸਲਾ ਆਖਰ ਵਿਧਾਨ ਸਭਾ ਤੱਕ ਪਹੁੰਚ ਗਿਆ ਹੈ। ਅਧਿਕਾਰੀਆਂ ਅਤੇ ਸਬੰਧਤ ਮੰਤਰੀ ਨੂੰ ਕਈ ਵਾਰ ਪੱਤਰ ਲਿਖੇ ਜਾਣ ਤੋਂ ਬਾਅਦ ਹੁਣ ਇਹ ਮਾਮਲਾ ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵੱਲੋਂ ਵਿਧਾਨ ਸਭਾ ਵਿੱਚ ਰੱਖਿਆ ਗਿਆ। ਜਿੱਥੇ ਉਨ੍ਹਾਂ ਸਪੱਸ਼ਟ ਕੀਤਾ ਕਿ ਹੁਣ ਉਨ੍ਹਾਂ ਕੋਲ ਕੂੜਾ ਸੁੱਟਣ ਲਈ ਸਿਰਫ਼ ਪੰਜ ਦਿਨਾਂ ਦੀ ਜਗ੍ਹਾ ਬਚੀ ਹੈ। ਜਿਸ ਤੋਂ ਬਾਅਦ ਸ਼ਹਿਰ ਵਿੱਚ ਕੂੜੇ ਦੀ ਸਮੱਸਿਆ ਭਿਆਨਕ ਰੂਪ ਧਾਰਨ ਕਰ ਸਕਦੀ ਹੈ।

ਵਿਧਾਨ ਸਭਾ ‘ਚ ਬੋਲਦਿਆਂ ਗੁਰਦਾਸਪੁਰ ਤੋਂ ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਕਿਹਾ ਕਿ ਕਰੀਬ 10 ਮਹੀਨੇ ਪਹਿਲਾਂ ਗੁਰਦਾਸਪੁਰ ‘ਚ ਕੂੜਾ ਪ੍ਰੋਸੈਸ ਕਰਨ ਵਾਲੀ ਜਗ੍ਹਾ ਦੇਖੀ ਗਈ ਸੀ। ਜਿਸ ਤੋਂ ਬਾਅਦ ਉਨ੍ਹਾਂ 12 ਸਤੰਬਰ 2024, 28 ਅਕਤੂਬਰ 2024 ਅਤੇ ਫਿਰ 14 ਜਨਵਰੀ 2025 ਨੂੰ ਡੀਸੀ ਨੂੰ ਪੱਤਰ ਲਿਖ ਕੇ ਪ੍ਰੋਸੈਸਿੰਗ ਵਾਲੀ ਥਾਂ ’ਤੇ ਕੰਮ ਸ਼ੁਰੂ ਕਰਨ ਦੀ ਮੰਗ ਕੀਤੀ। ਪਰ ਸਥਾਨਕ ਆਗੂਆਂ ਦੇ ਦਬਾਅ ਕਾਰਨ ਪ੍ਰੋਸੈਸਿੰਗ ਵਾਲੀ ਥਾਂ ਦਾ ਕੰਮ ਸ਼ੁਰੂ ਨਹੀਂ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦਸ ਮਹੀਨਿਆਂ ਤੋਂ ਉਹ ਆਪਣੇ ਪੱਧਰ ‘ਤੇ ਕੂੜਾ ਸੁੱਟਣ ਵਾਲੀ ਥਾਂ ਦਾ ਪ੍ਰਬੰਧ ਕਰ ਰਹੇ ਹਨ ਕਿਉਂਕਿ ਉਨ੍ਹਾਂ ਦੇ ਛੋਟੇ ਭਰਾ ਐਡਵੋਕੇਟ ਬਲਜੀਤ ਸਿੰਘ ਪਾਹੜਾ ਨਗਰ ਕੌਂਸਲ ਦੇ ਪ੍ਰਧਾਨ ਹਨ ਅਤੇ ਸਾਰੇ ਕੌਂਸਲਰ ਵੀ ਉਨ੍ਹਾਂ ਦੀ ਪਾਰਟੀ ਦੇ ਹਨ। ਜਿਸ ਕਾਰਨ ਉਹ ਜ਼ਿੰਮੇਵਾਰ ਬਣ ਜਾਂਦੇ ਹਨ। ਇਸ ਨੂੰ ਧਿਆਨ ਵਿੱਚ ਰੱਖਦਿਆਂ ਉਹ ਲਗਾਤਾਰ ਕੰਮ ਕਰ ਰਹੇ ਹਨ। ਉਨ੍ਹਾਂ ਸਬੰਧਤ ਮੰਤਰੀ ਤੋਂ ਮੰਗ ਕੀਤੀ ਕਿ ਪ੍ਰੋਸੈਸਿੰਗ ਵਾਲੀ ਥਾਂ ਦਾ ਕੰਮ ਤੁਰੰਤ ਮੁਕੰਮਲ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਕੋਲ ਪੰਜ ਦਿਨਾਂ ਦਾ ਕੂੜਾ ਸੁੱਟਣ ਲਈ ਥਾਂ ਬਚੀ ਹੈ। ਉਸ ਤੋਂ ਬਾਅਦ ਸਥਿਤੀ ਬਹੁਤ ਖਰਾਬ ਹੋ ਸਕਦੀ ਹੈ।

FacebookTwitterEmailWhatsAppTelegramShare
Exit mobile version