ਜਸਟਿਸ ਹਰਸਿਮਰਨ ਸਿੰਘ ਸੇਠੀ ਵੱਲੋਂ ਸੈਸ਼ਨ ਡਵੀਜ਼ਨ, ਗੁਰਦਾਸਪੁਰ ਦੀਆਂ ਵੱਖ-ਵੱਖ ਅਦਾਲਤਾਂ ਦਾ ਸਰਵੇਖਣ ਕੀਤਾ ਗਿਆ
ਗੁਰਦਾਸਪੁਰ, 27 ਮਾਰਚ 2025 (ਦੀ ਪੰਜਾਬ ਵਾਇਰ)– ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ-ਕਮ-ਪ੍ਰਬੰਧਕੀ ਜੱਜ, ਸੈਸ਼ਨ ਡਵੀਜ਼ਨ, ਗੁਰਦਾਸਪੁਰ ਜਸਟਿਸ ਹਰਸਿਮਰਨ ਸਿੰਘ ਸੇਠੀ ਦੁਆਰਾ ਜ਼ਿਲ੍ਹਾ ਕੋਰਟ ਕੰਪਲੈਕਸ, ਗੁਰਦਾਸਪੁਰ ਵਿਖੇ ਸ੍ਰੀ ਰਜਿੰਦਰ ਅਗਰਵਾਲ, ਜ਼ਿਲ੍ਹਾ ਅਤੇ ਸੈਸ਼ਨ, ਗੁਰਦਾਸਪੁਰ ਦੀ ਹਾਜ਼ਰੀ ਵਿੱਚ ਵਲਨਰੇਬਲ ਵਿਟਨਸ ਡੈਪੋਜੀਸਨ ਸੈਂਟਰ ਦਾ ਕੰਮਕਾਜ ਸ਼ੁਰੂ ਕਰਨ ਦਾ ਉਦਘਾਟਨ ਕੀਤਾ ਗਿਆ।
ਇਸ ਮੌਕੇ ਮਾਨਯੋਗ ਜਸਟਿਸ ਹਰਸਿਮਰਨ ਸਿੰਘ ਸੇਠੀ ਨੇ ਦੱਸਿਆ ਕਿ ਵਲਨਰੇਬਲ ਵਿਟਨਸ ਡੈਪੋਜੀਸਨ ਸੈਂਟਰ ਨੂੰ ਵਿਟਨਸ ਪ੍ਰੋਟੈਕਸ਼ਨ ਸਕੀਮ, 2018 ਤਹਿਤ ਗਠਿਤ ਕੀਤਾ ਗਿਆ ਹੈ, ਜਿਸ ਦਾ ਅੱਜ ਕੰਮਕਾਜ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਮਜ਼ੋਰ ਗਵਾਹ ਉਹ ਗਵਾਹ ਹੁੰਦੇ ਹਨ, ਜੋ ਕਿ 18 ਸਾਲ ਤੋਂ ਘੱਟ ਉਮਰ ਦੇ ਹੁੰਦੇ ਹਨ, ਜਿਨਸੀ ਸ਼ੋਸ਼ਣ ਤੋਂ ਪੀੜਤ, ਦਿਮਾਗ਼ੀ ਬਿਮਾਰੀ ਤੋਂ ਪੀੜਤ, ਜਿਸ ਨੂੰ ਕਿਸੇ ਵੀ ਤਰ੍ਹਾਂ ਦੀ ਧਮਕੀ ਮਿਲਦੀ ਹੈ ਜਾਂ ਜੋ ਕੋਰਟ ਵੱਲੋਂ ਕਮਜ਼ੋਰ ਘੋਸ਼ਿਤ ਹੁੰਦੇ ਹਨ। ਉਨ੍ਹਾਂ ਕਿਹਾ ਕਿ ਇਹ ਸੈਂਟਰ ਕਮਜ਼ੋਰ ਗਵਾਹਾਂ ਨੂੰ ਬਿਨਾਂ ਡਰ ਅਤੇ ਦਬਾਅ ਤੋਂ ਮਿਆਰੀ ਨਿਆਂ ਦੇਣ ਵਿੱਚ ਮਦਦਗਾਰ ਹੋਵੇਗਾ।
ਇਸ ਤੋਂ ਇਲਾਵਾ ਮਾਨਯੋਗ ਜਸਟਿਸ ਹਰਸਿਮਰਨ ਸਿੰਘ ਸੇਠੀ ਦੁਆਰਾ ਸੈਸ਼ਨ ਡਵੀਜ਼ਨ, ਗੁਰਦਾਸਪੁਰ ਦੀਆਂ ਵੱਖ-ਵੱਖ ਅਦਾਲਤਾਂ ਦਾ ਸਰਵੇਖਣ ਕੀਤਾ ਗਿਆ ਅਤੇ ਅਦਾਲਤਾਂ ਵਿੱਚ ਮੌਜੂਦ ਪ੍ਰਾਰਥੀਆਂ ਨੂੰ ਮਿਲਿਆ ਗਿਆ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਸੁਣਿਆ ਗਿਆ। ਇਸ ਤੋਂ ਇਲਾਵਾ ਮਾਨਯੋਗ ਜੱਜ ਸਾਹਿਬਾਨ ਗੁਰਦਾਸਪੁਰ ਬਾਰ ਵਿੱਚ ਗਏ ਅਤੇ ਵਕੀਲਾਂ ਦੀਆਂ ਮੁਸ਼ਕਲਾਂ ਨੂੰ ਸੁਣਿਆ ਗਿਆ।
ਇਸ ਮੌਕੇ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ, ਗੁਰਦਾਸਪੁਰ ਰਜਿੰਦਰ ਅਗਰਵਾਲ ਨੇ ਦੱਸਿਆ ਕਿ ਵਲਨਰੇਬਲ ਵਿਟਨਸ ਡੈਪੋਜੀਸਨ ਸੈਂਟਰ ਦੇ ਸਥਾਪਿਤ ਹੋਣ ਤੋਂ ਬਾਅਦ ਕੋਈ ਵੀ ਗਵਾਹ, ਜਿਸ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਡਰ ਹੋਵੇ ਤਾਂ ਉਹ ਸਬੰਧਿਤ ਅਦਾਲਤ ਨੂੰ ਗੁਜ਼ਾਰਿਸ਼ ਕਰ ਕੇ ਇਸ ਸੈਂਟਰ ਰਾਹੀਂ ਆਪਣੇ ਬਿਆਨ ਦਰਜ ਕਰਵਾ ਸਕਦਾ ਹੈ। ਇਸ ਤੋਂ ਇਲਾਵਾ ਮਾਨਯੋਗ ਜੱਜ ਸਾਹਿਬ ਨੇ ਦੱਸਿਆ ਕਿ ਕਮਜ਼ੋਰ ਗਵਾਹਾਂ ਨੂੰ ਅਦਾਲਤ ਵਿੱਚ ਅਲੱਗ ਰਸਤੇ ਤੋਂ ਲਿਜਾ ਕੇ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਤਾਂ ਕਿ ਆਮ ਪਬਲਿਕ ਉਨ੍ਹਾਂ ਨੂੰ ਸੰਪਰਕ ਨਾ ਕਰ ਸਕੇ ਅਤੇ ਮੁਲਜ਼ਮ ਵੀ ਉਨ੍ਹਾਂ ਤੇ ਕੋਈ ਪ੍ਰਭਾਵ ਨਾ ਪਾ ਸਕੇ। ਉਨ੍ਹਾਂ ਕਿਹਾ ਕਿ ਜਿੰਨੀ ਦੇਰ ਉਨ੍ਹਾਂ ਦਾ ਕੇਸ ਕੋਰਟ ਵਿੱਚ ਨਹੀਂ ਆਉਂਦਾ ਉਨ੍ਹੀਂ ਦੇਰ ਕਮਜ਼ੋਰ ਗਵਾਹ ਦਾ ਬੈਠਣ ਦਾ ਅਲੱਗ ਪ੍ਰਬੰਧ ਕੀਤਾ ਗਿਆ ਹੈ, ਜਿੱਥੇ ਉਹ ਆਰਾਮ ਨਾਲ ਬੈਠ ਕੇ ਆਪਣੇ ਕੇਸ ਦਾ ਇੰਤਜ਼ਾਰ ਕਰ ਸਕਦਾ ਹੈ। ਮਾਨਯੋਗ ਜੱਜ ਸਾਹਿਬ ਨੇ ਦੱਸਿਆ ਕੇ ਜੇ ਕਮਜ਼ੋਰ ਗਵਾਹ ਚਾਹੇ ਤਾਂ ਉਹ ਆਪਣੀ ਗਵਾਹੀ ਵੀਡੀਓ ਕਾਨਫਰੰਸਿੰਗ ਰਾਹੀਂ ਵੀ ਦੇ ਸਕਦਾ ਹੈ।
ਇਸ ਉਦਘਾਟਨ ਸਮਾਰੋਹ ਵਿੱਚ ਮੌਕੇ ਬਲਜਿੰਦਰ ਸਿੱਧੂ, ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ, ਗੁਰਦਾਸਪੁਰ, ਪਰਮਿੰਦਰ ਸਿੰਘ ਰਾਏ, ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ, ਗੁਰਦਾਸਪੁਰ, ਰਜੇਸ਼ ਆਹਲੂਵਾਲੀਆ, ਸਿਵਲ ਜੱਜ (ਸੀਨੀਅਰ ਡਵੀਜ਼ਨ), ਗੁਰਦਾਸਪੁਰ, ਰੰਜੀਵਪਾਲ ਸਿੰਘ ਚੀਮਾ, ਸੀ.ਜੇ.ਐਮ, ਗੁਰਦਾਸਪੁਰ ਅਤੇ ਰਮਨੀਤ ਕੌਰ, ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਗੁਰਦਾਸਪੁਰ, ਐੱਸ.ਐੱਸ,ਪੀ. ਗੁਰਦਾਸਪੁਰ ਆਦਿੱਤਿਆ, ਆਈ.ਪੀ.ਐੱਸ., ਵਧੀਕ ਡਿਪਟੀ ਕਮਿਸ਼ਨਰ (ਜਨਰਲ) ਡਾ. ਹਰਜਿੰਦਰ ਸਿੰਘ ਬੇਦੀ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ।